ਅਯੁੱਧਿਆ ਮਾਮਲਾ : CJI ਬੋਲੇ- ਹੁਣ ਬਹੁਤ ਹੋ ਗਿਆ, ਅੱਜ ਹੀ ਪੂਰੀ ਹੋਵੇਗੀ ਸੁਣਵਾਈ

ਨਵੀਂ ਦਿੱਲੀ— ਸੁਪਰੀਮ ਕੋਰਟ ‘ਚ ਅਯੁੱਧਿਆ ਵਿਵਾਦ ‘ਤੇ ਅੰਤਿਮ ਸੁਣਵਾਈ ਹੋ ਗਈ ਹੈ। ਰੋਜ਼ਾਨਾ ਸੁਣਵਾਈ ਦਾ ਅੱਜ 40ਵਾਂ ਦਿਨ ਹੈ ਅਤੇ ਇਹੀ ਅੰਤਿਮ ਦਿਨ ਵੀ ਹੈ। ਬੁੱਧਵਾਰ ਨੂੰ ਸੁਪਰੀਮ ਕੋਰਟ ‘ਚ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੁੰਦੇ ਹੀ ਚੀਫ ਜਸਟਿਸ (ਸੀ.ਜੇ.ਆਈ.) ਰੰਜਨ ਗੋਗੋਈ ਨੇ ਬਹਿਸ ਦੀ ਡੈੱਡਲਾਈਨ ਤੈਅ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹੁਣ ਕੋਈ ਵਿਚ ਰੋਕ-ਟੋਕ ਨਹੀਂ ਕਰੇਗਾ, ਬਹਿਸ ਅੱਜ ਹੀ ਸ਼ਾਮ 5 ਵਜੇ ਖਤਮ ਹੋਵੇਗੀ। ਬੁੱਧਵਾਰ ਨੂੰ ਜਦੋਂ ਸੁਣਵਾਈ ਸ਼ੁਰੂ ਹੋਈ ਤਾਂ ਸਾਰੇ ਪੱਖਕਾਰਾਂ ਨੇ ਆਪਣੇ ਵਲੋਂ ਲਿਖਤੀ ਬਿਆਨ ਕੋਰਟ ‘ਚ ਪੇਸ਼ ਕੀਤੇ ਹਨ।
ਸੁਪਰੀਮ ਕੋਰਟ ਨੇ ਇਸ ਦੌਰਾਨ ਕਿਸੇ ਵੀ ਰੋਕ-ਟੋਕ ‘ਤੇ ਮਨਾਹੀ ਕੀਤੀ ਹੈ। ਚੀਫ ਜਸਟਿਸ ਰੰਜਨ ਗੋਗੋਈ ਨੇ ਕਿਹਾ,”ਹੁਣ ਬਹੁਤ ਹੋਇਆ, ਸ਼ਾਮ 5 ਵਜੇ ਤੱਕ ਇਸ ਮਾਮਲੇ ‘ਚ ਸੁਣਵਾਈ ਪੂਰੀ ਹੋਵੇਗੀ ਅਤੇ ਇਹੀ ਬਹਿਸ ਦਾ ਅੰਤ ਹੋਵੇਗਾ।” ਇਸ ਤੋਂ ਪਹਿਲਾਂ ਮੰਗਲਵਾਰ ਨੂੰ ਚੀਫ ਜਸਟਿਸ ਨੇ ਕਿਹਾ ਸੀ ਕਿ ਸਾਰੇ ਪੱਖ 16 ਅਕਤੂਬਰ ਤੱਕ ਮਾਮਲੇ ਨਾਲ ਸੰੰਬੰਧਤ ਦਲੀਲਾਂ ਪੇਸ਼ ਕਰ ਦੇਣ, ਕਿਉਂਕਿ ਫਿਰ ਉਨ੍ਹਾਂ ਨੂੰ ਫੈਸਲਾ ਲਿਖਣ ‘ਚ 4 ਹਫਤਿਆਂ ਦਾ ਸਮਾਂ ਲੱਗੇਗਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਚੀਫ਼ ਜਸਟਿਸ ਮਾਮਲੇ ਦੀ ਟਾਈਮਲਾਈਨ ‘ਤੇ ਸਖਤ ਰੁਖ ਅਪਣਾ ਚੁਕੇ ਹਨ ਅਤੇ ਸਾਰੇ ਪੱਖਾਂ ਤੋਂ ਜਲਦ ਬਹਿਸ ਖਤਮ ਕਰਨ ਦੀ ਅਪੀਲ ਕਰ ਚੁਕੇ ਹਨ। ਇਸ ਤੋਂ ਪਹਿਲਾਂ ਵੀ ਜਦੋਂ ਮੰਗਲਵਾਰ ਨੂੰ ਵਕੀਲਾਂ ਨੇ ਵਧ ਸਮਾਂ ਮੰਗਿਆ ਸੀ, ਉਦੋਂ ਵੀ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਦੀਵਾਲੀ ਤੱਕ ਬਹਿਸ ਜਾਰੀ ਰਹੇਗੀ।