ਚਮੜੀ ਦੀਆਂ ਗੰਭੀਰ ਸਮੱਸਿਆਵਾਂ ਨੂੰ ਦੂਰ ਕਰਦੈ ਆਲੂ

ਆਲੂਆਂ ਦੀ ਵਰਤੋਂ ਕਈ ਤਰ੍ਹਾਂ ਨਾਲ ਕੀਤੀ ਜਾਂਦੀ ਹੈ। ਕੁੱਝ ਲੋਕ ਇਨ੍ਹਾਂ ਨੂੰ ਉਬਾਲ ਕੇ ਖਾਣਾ ਪੰਸਦ ਕਰਦੇ ਹਨ, ਕੁੱਝ ਫ਼ਰਾਈ ਕਰ ਕੇ ਅਤੇ ਕੁੱਝ ਸਬਜ਼ੀ ਬਣਾ ਕੇ ਇਨ੍ਹਾਂ ਦੀ ਵਰਤੋਂ ਕਰਦੇ ਹਨ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਆਲੂਆਂ ਦੀ ਵਰਤੋਂ ਫ਼ੇਸ ਪੈਕ ਲਈ ਵੀ ਕੀਤੀ ਜਾਂਦੀ ਹੈ ਜੋ ਇੱਕ ਵਧੀਆ ਉਤਪਾਦ ਹੈ। ਆਲੂਆਂ ‘ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ ਜੋ ਚਮੜੀ ਨੂੰ ਪੋਸ਼ਿਤ ਕਰਨ ਦਾ ਕੰਮ ਕਰਦੇ ਹਨ। ਆਲੂਆਂ ‘ਚ ਵਾਇਟਾਮਿਨ ਸੀ, ਪ੍ਰੋਟੀਨ, ਜ਼ਿੰਕ ਅਤੇ ਕੌਪਰ ਚਮੜੀ ਨੂੰ ਪੋਸ਼ਣ ਦੇਣ ਦੀ ਮਦਦ ਕਰਦੇ ਹਨ। ਚਿਹਰੇ ਦੇ ਦਾਗ਼-ਧੱਬੇ ਹਟਾਉਣ ਅਤੇ ਅੱਖਾਂ ਦੇ ਡਾਕਰ ਸਰਕਲ ਘੱਟ ਕਰਨ ਲਈ ਆਲੂ ਦੀ ਵਰਤੋਂ ਖ਼ਾਸ ਤੌਰ ‘ਤੇ ਕੀਤੀ ਜਾਂਦੀ ਹੈ। ਚਮੜੀ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਆਲੂਆਂ ਦੀ ਵਰਤੋਂ ਕਰਨ ਨਾਲ ਠੀਕ ਹੋ ਜਾਂਦੀਆਂ ਹਨ ਜਿਸ ਬਾਰੇ ਅਸੀਂ ਤੁਹਾਨੂੰ ਦੱਸਦੇ ਹਾਂ।
ਝੁਰੜੀਆਂ ਦੀ ਸਮੱਸਿਆ – ਜੇਕਰ ਤੁਹਾਡੇ ਚਿਹਰੇ ‘ਤੇ ਝੁਰੜੀਆਂ ਆ ਗਈਆਂ ਹਨ ਤਾਂ ਰੋਜ਼ਾਨਾ ਚਿਹਰੇ ‘ਤੇ ਆਲੂ ਦਾ ਰਸ ਲਗਾਉਣਾ ਸ਼ੁਰੂ ਕਰੋਂ। ਆਲੂ ਦਾ ਰਸ ਚਿਹਰੇ ਲਈ ਬਹੁਤ ਲਾਭਦਾਇਕ ਹੁੰਦਾ ਹੈ।
ਚਿਹਰੇ ‘ਤੇ ਤੇਲ ਦੀ ਸਮੱਸਿਆ – ਆਲੂ ਦਾ ਰਸ ਉਨ੍ਹਾਂ ਲੋਕਾਂ ਲਈ ਵੀ ਲਾਭਦਾਇਕ ਹੈ ਜਿਨ੍ਹਾਂ ਦੀ ਚਮੜੀ ਤੇਲ ਵਾਲੀ ਹੁੰਦੀ ਹੈ। ਆਲੂ ਦੇ ਰਸ ਅਤੇ ਟਮਾਟਰ ਦੇ ਰਸ ਨੂੰ ਮਿਲਾ ਲਓ। ਇਸ ਘੋਲ ਨੂੰ ਰੂੰ ਦੀ ਸਹਾਇਤਾ ਨਾਲ ਚਿਹਰੇ ‘ਤੇ ਲਗਾਓ।
ਕਿੱਲਾਂ ਵਾਲੀ ਚਮੜੀ – ਆਲੂ ਅਤੇ ਮੁਲਤਾਨੀ ਮਿੱਟੀ ਦਾ ਫ਼ੇਸਪੈਕ ਲਗਾਉਣ ਨਾਲ ਚਮੜੀ ‘ਚ ਨਿਖਾਰ ਆਉਣ ਦੇ ਨਾਲ-ਨਾਲ ਕਿੱਲਾਂ ਵਾਲੀ ਚਮੜੀ ਦੀ ਸੋਜ ਨੂੰ ਘੱਟ ਕਰਨ ‘ਚ ਵੀ ਮਦਦਗਾਰ ਹੈ। ਇਸ ਫ਼ੇਸਪੈਕ ਨੂੰ ਬਣਾਉਣ ਲਈ ਬਿਨ੍ਹਾਂ ਛਿੱਲੇ ਆਲੂਆਂ ਦਾ ਪੇਸਟ ਬਣਾ ਲਓ ਅਤੇ ਉਸ ‘ਚ ਤਿੰਨ ਤੋਂ ਚਾਰ ਚੱਮਚ ਮੁਲਤਾਨੀ ਮਿੱਟੀ ਅਤੇ ਕੁੱਝ ਬੂੰਦਾਂ ਗ਼ੁਲਾਬ ਜਲ ਦੀਆਂ ਮਿਲਾ ਕੇ ਪੇਸਟ ਤਿਆਰ ਕਰੋ।
ਰੰਗ ਸਾਫ਼ ਕਰਨ ਲਈ – ਆਲੂ ਅਤੇ ਹਲਦੀ ਦੇ ਫ਼ੇਸਪੈਕ ਦੀ ਨਿਯਮਿਤ ਵਰਤੋਂ ਨਾਲ ਚਮੜੀ ਦਾ ਰੰਗ ਸਾਫ਼ ਹੋਣ ਲੱਗਦਾ ਹੈ। ਅੱਧੇ ਆਲੂ ਨੂੰ ਕੱਦੂਕਸ ਕਰ ਕੇ ਇਸ ‘ਚ ਚੁਟਕੀ ਭਰ ਹਲਦੀ ਮਿਲਾ ਕੇ ਚਿਹਰੇ ‘ਤੇ ਲਗਾ ਕੇ ਅੱਧੇ ਘੰਟੇ ਲਈ ਛੱਡ ਦਿਓ। ਬਾਅਦ ‘ਚ ਚਿਹਰਾ ਪਾਣੀ ਨਾਲ ਸਾਫ਼ ਕਰ ਲਓ। ਇਸ ਫ਼ੇਸਪੈਕ ਨੂੰ ਹਫ਼ਤੇ ‘ਚ ਇੱਕ ਵਾਰ ਤਾਂ ਜ਼ਰੂਰ ਲਗਾਓ।
ਚਿਹਰੇ ‘ਤੇ ਕਰੋ ਫ਼ੇਸਪੈਕ ਦੀ ਵਰਤੋਂ – ਆਲੂ ਅਤੇ ਆਂਡੇ ਦਾ ਫ਼ੇਸਪੈਕ ਲਗਾਉਣ ਨਾਲ ਚਿਹਰੇ ਦੇ ਪੋਰਜ਼ ਟਾਈਟ ਹੁੰਦੇ ਹਨ। ਅੱਧੇ ਆਲੂ ਦੇ ਰਸ ‘ਚ ਇੱਕ ਆਂਡੇ ਦਾ ਸਫ਼ੈਦ ਹਿੱਸਾ ਮਿਲਾ ਕੇ ਚੰਗਾ ਤਰ੍ਹਾਂ ਨਾਲ ਮਿਕਸ ਕਰ ਲਓ। ਇਸ ਨੂੰ ਚਿਹਰੇ ਅਤੇ ਗਰਦਨ ‘ਤੇ ਲਗਭਗ 20 ਮਿੰਟ ਲਈ ਛੱਡ ਦਿਓ। ਬਾਅਦ ‘ਚ ਸਾਦੇ ਪਾਣੀ ਨਾਲ ਚਿਹਰੇ ਨੂੰ ਧੋ ਲਓ। ਤੁਹਾਨੂੰ ਤੁਰੰਤ ਫ਼ਰਕ ਨਜ਼ਰ ਆਵੇਗਾ।