ਸਿੱਧੂ ਮੂਸੇਵਾਲਾ ਦੇ ਵਿਵਾਦ ‘ਤੇ ਬੋਲੇ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ

ਇਸ ਸਬੰਧੀ SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਗਾਇਕ ਸਿੱਧੂ ਨੇ ਮਾਈ ਭਾਗੋ ਦੀ ਤੁਲਨਾ ਕਰਕੇ ਸਿੱਖ ਧਰਮ ਨੂੰ ਠੇਸ ਪਹੁੰਚਾਈ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਗਾਇਕਾਂ ਨੂੰ ਧਰਮ ਨਾਲ ਸਬੰਧਿਤ ਕੁਝ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਅੰਮ੍ਰਿਤਸਰ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣੇ ਇੱਕ ਗੀਤ ਕਰਕੇ ਵਿਵਾਦ ਵਿੱਚ ਘਿਰ ਗਏ ਹਨ। ਇਸ ਗੀਤ ਵਿੱਚ ਮਾਈ ਭਾਗੋ ‘ਤੇ ਟਿੱਪਣੀ ਕੀਤੀ ਗਈ ਹੈ। ਇਸ ਸਬੰਧੀ SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਗਾਇਕ ਸਿੱਧੂ ਨੇ ਮਾਈ ਭਾਗੋ ਦੀ ਤੁਲਨਾ ਕਰਕੇ ਸਿੱਖ ਧਰਮ ਨੂੰ ਠੇਸ ਪਹੁੰਚਾਈ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਗਾਇਕਾਂ ਨੂੰ ਧਰਮ ਨਾਲ ਸਬੰਧਿਤ ਕੁਝ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਇਸ ਦੇ ਨਾਲ ਹੀ ਪਾਕਿਸਤਾਨ ਵਿੱਚ ਸਿੱਖ ਲੜਕੀ ਦੇ ਧਰਮ ਪਰਿਵਰਤਨ ਦੇ ਮਸਲੇ ‘ਤੇ ਉਨ੍ਹਾਂ ਕਿਹਾ ਕਿ ਅੱਜ ਲੜਕੀ ਦੇ ਪਰਿਵਾਰ ਵਾਲਿਆਂ ਪ੍ਰਦਰਸ਼ਨ ਕੀਤਾ ਹੈ ਪਰ ਕੁਝ ਦਿਨ ਪਹਿਲਾਂ ਬਿਆਨ ਆਇਆ ਸੀ ਕਿ ਲੜਕੀ ਵਾਪਸ ਆ ਗਈ ਹੈ। ਉਨ੍ਹਾਂ ਜਲਦ ਤੋਂ ਜਲਦ ਲੜਕੀ ਨੂੰ ਵਾਪਸ ਕਰਨ ਦੀ ਮੰਗ ਕੀਤੀ ਹੈ।

ਦੱਸ ਦੇਈਏ ਹਾਲ ਹੀ ‘ਚ ਸਿੱਧੂ ਦਾ ਨਵਾਂ ਗਾਣਾ ‘ਜੱਟੀ ਜਿਓਣੇ ਮੌੜ ਵਰਗੀ’ ਸੋਸ਼ਲ ਮੀਡੀਆ ਯੂ-ਟਿਊਬ ‘ਤੇ ਰਿਲੀਜ਼ ਹੋਇਆ ਹੈ। ਗਾਣਾ ਅਜੇ ਸਿਰਫ ਆਡੀਓ ‘ਚ ਆਇਆ ਹੈ ਪਰ ਇਸ ਦੇ ਆਉਂਦੇ ਹੀ ਗਾਣੇ ਨਾਲ ਇੱਕ ਵਿਵਾਦ ਜੁੜ ਗਿਆ ਹੈ। ਇਸ ਕਰਕੇ ਸਿੱਧੂ ਮੂਸੇਵਾਲਾ ਨੂੰ ਸੋਸ਼ਲ ਮੀਡੀਆ ‘ਤੇ ਖੂਬ ਆਲੋਚਨਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।

ਇਸ ਤੋਂ ਬਾਅਦ ਅੱਜ ਸਵੇਰੇ ਹੀ ਉਸ ਨੇ ਇੰਸਟਾਗ੍ਰਾਮ ‘ਤੇ ਲਾਈਵ ਹੋ ਆਪਣੇ ਗਾਣੇ ‘ਚ ਮਾਈ ਭਾਗੋ ਜੀ ਦਾ ਨਾਂ ਲੈਣ ‘ਤੇ ਆਪਣੀ ਸਫਾਈ ਪੇਸ਼ ਕੀਤੀ ਤੇ ਨਾਲ ਹੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਰਕੇ ਫੈਨਜ਼ ਤੋਂ ਮੁਆਫੀ ਵੀ ਮੰਗੀ। ਇਸ ਦੇ ਨਾਲ ਉਨ੍ਹਾਂ ਨੇ ਵੀਡੀਓ ‘ਚ ਆਪਣਾ ਗਾਣਾ ਲੀਕ ਹੋਣ ਦੀ ਗੱਲ ਕੀਤੀ ਤੇ ਗਾਣੇ ਦੇ ਬੋਲ ਬਦਲਣ ਦੀ ਗੱਲ ਵੀ ਕੀਤੀ।

ਇਸ ਗਾਣੇ ‘ਤੇ ਭਖਦੇ ਵਿਵਾਦ ਕਰਕੇ ਸਿੱਖ ਜਥੇਬੰਦੀਆਂ ਵੱਲੋਂ ਬਠਿੰਡਾ ਦੇ ਐਸਐਸਪੀ ਨੂੰ ਲਿਖਤ ਸ਼ਿਕਾਇਤ ਦਿੱਤੀ ਗਈ ਹੈ। ਜਿਸ ‘ਚ ਉਸ ‘ਤੇ ਮਾਈ ਭਾਗੋ ਅਤੇ ਸਿੱਖਾਂ ਦੇ ਕੁਝ ਕਕਾਰਾਂ ‘ਤੇ ਗਲਤ ਗਾਣਾ ਗਾਉਣ ਦਾ ਇਲਜ਼ਾਮ ਲੱਗਾ ਪਰਚਾ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਅਐਸਐਪੀ ਨਾਨਕ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸ਼ਿਕਾਇਤ ਅੱਗੇ ਭੇਜ ਦਿੱਤੀ ਹੈ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਹੋਣ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।