ਆਸਟ੍ਰੇਲੀਆ ‘ਚ ਸ਼ਰਨ ਦੇ ਇੱਛੁਕ ਪੰਜਾਬੀ ਨੌਜਵਾਨ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼

ਪੋਰਟ ਮਰਸਬੀ: ਆਸਟ੍ਰੇਲੀਆ ਦੇ ਨੇੜਲੇ ਪਾਪੂਆ ਨਿਊ ਗਿਨੀ ਵਿੱਚ ਪੰਜਾਬੀ ਮੂਲ ਦੇ ਸ਼ਰਨਾਰਥੀ ਨੌਜਵਾਨ ‘ਤੇ ਅੱਗਜ਼ਨੀ ਕਰਨ ਤੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਕੇਸ ਦਰਜ ਹੋਇਆ ਹੈ। ਮੁਲਜ਼ਮ ਦੀ ਪਛਾਣ ਸ਼ਰਨ ਪਾਉਣ ਦੇ 30 ਸਾਲਾ ਚਾਹਵਾਨ ਰਵਿੰਦਰ ਸਿੰਘ ਸਿੰਘ ਵਜੋਂ ਹੋਈ ਹੈ।

ਰਵਿੰਦਰ ‘ਤੇ ਇਲਜ਼ਾਮ ਹੈ ਕਿ ਬੀਤੇ ਸ਼ੁੱਕਰਵਾਰ ਉਸ ਨੇ ਮਨੁਸ ਟਾਪੂ ‘ਤੇ ਖ਼ੁਦ ਨੂੰ ਸ਼ਿਪਿੰਗ ਕੰਟੇਨਰ ਦੇ ਕਮਰੇ ਵਿੱਚ ਬੰਦ ਕਰ ਲਿਆ। ਉੱਥੇ ਅੱਗ ਲੱਗ ਗਈ ਜਿਸ ਨੇ ਹੋਰ ਦੋ ਕਮਰਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਏ। ਮਨੁਸ ਪੁਲਿਸ ਦੇ ਕਮਾਂਡਰ ਡੇਵਿਡ ਯਾਪੂ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਰਵਿੰਦਰ ਦਾ ਚਿਹਰਾ ਤੇ ਸੱਜਾ ਹੱਥ ਝੁਲਸਿਆ ਹੈ।

ਰਵਿੰਦਰ ਉਨ੍ਹਾਂ 500 ਰਿਫਿਊਜੀਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ, ਜੋ ਆਸਟ੍ਰੇਲੀਆ ਵਿੱਚ ਸ਼ਰਨ ਪਾਉਣ ਲਈ ਜਾ ਰਹੇ ਸਨ ਪਰ ਪਾਪੂਆ ਨਿਊ ਗਿਨੀ ਵਿੱਚ ਰੁਕੇ ਸਨ। ਇਹ ਸ਼ਰਨਾਰਥੀ ਪਹਿਲਾਂ ਆਸਟ੍ਰੇਲੀਆ ਆਸਟ੍ਰੇਲੀਆ ਵੱਲੋਂ ਆਪਣੇ ਕੇਂਦਰਾਂ ‘ਤੇ ਰੋਕੇ ਗਏ ਸਨ ਪਰ ਬਾਅਦ ਵਿੱਚ ਇਨ੍ਹਾਂ ਨੂੰ ਨਿੱਜੀ ਠੇਕੇਦਾਰ ਵੱਲੋਂ ਚਲਾਏ ਜਾਣ ਵਾਲੇ ਕੈਂਪਾਂ ਵਿੱਚ ਰੋਕਿਆ ਗਿਆ ਹੈ।

ਹਾਲਾਂਕਿ, ਆਸਟ੍ਰੇਲੀਆ ਇਨ੍ਹਾਂ ਨੂੰ ਕਿਸੇ ਤੀਜੇ ਥਾਂ ਜਿਵੇਂ ਕਿ ਅਮਰੀਕਾ ਸਿਰ ਪਾਉਣਾ ਚਾਹੇਗਾ, ਪਰ ਇਹ ਪ੍ਰਕਿਰਿਆ ਸੁਸਤ ਹੋਣ ਕਾਰਨ ਇਨ੍ਹਾਂ ਸ਼ਰਨਾਰਥੀਆਂ ਨੂੰ ਸਾਲਾਂਬੱਧੀ ਇੰਤਜ਼ਾਰ ਕਰਨਾ ਪਵੇਗਾ।