ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ‘ਤੇ ਸ਼ਿਵ ਸੈਨਾ ਤੇ ਸਿੱਖ ਜਥੇਬੰਦੀਆਂ ਆਹਮੋ-ਸਾਹਮਣੇ

ਜਲੰਧਰ: ਪੰਜਾਬ ਵਿੱਚ ਜਿੱਥੇ ਸਿੱਖ ਅੱਜ ਦੇ ਦਿਨ ਨੂੰ ਦਰਬਾਰ ਸਾਹਿਬ ‘ਤੇ ਹੋਈ ਫ਼ੌਜੀ ਕਾਰਵਾਈ ਦੇ ਸੋਗ ਵਜੋਂ ਮਨਾਉਂਦੇ ਹਨ, ਉੱਥੇ ਹੀ ਸ਼ਿਵ ਸੈਨਾ ਨੇ ਇਸ ਦਿਨ ਅੱਤਵਾਦ ਦੇ ਖ਼ਾਤਮੇ ਲਈ ਵਿਜੈ ਦਿਵਸ ਵਜੋਂ ਮਨਾ ਰਹੀ ਹੈ। ਇਸੇ ਦੌਰਾਨ ਪੰਜਾਬ ਵਿੱਚ ਤਿੰਨ ਥਾਂ ‘ਤੇ ਦੋਵੇਂ ਧਿਰਾਂ ਦਰਮਿਆਨ ਟਕਰਾਅ ਹੋਣ ਦੀਆਂ ਖ਼ਬਰਾਂ ਹਨ।

ਜਲੰਧਰ ਦੇ ਫੁਟਬਾਲ ਚੌਕ ‘ਚ ਅੱਜ ਸ਼ਿਵਸੈਨਾ ਤੇ ਸਿੱਖ ਜਥੇਬੰਦੀ ਆਹਮੋ-ਸਾਹਮਣੇ ਹੋ ਗਈਆਂ। ਬਲੂ ਸਟਾਰ ਦੀ ਬਰਸੀ ਮੌਕੇ ਫੁਟਬਾਲ ਚੌਕ ਨੇੜੇ ਸਿੱਖ ਜਥੇਬੰਦੀਆਂ ਨੇ ਛਬੀਲ ਲਾਈ ਹੋਈ ਸੀ। ਉੱਥੇ ਹੀ ਨੇੜੇ ਹੀ ਸ਼ਿਵ ਸੈਨਾ ਹਿੰਦੁਸਤਾਨ ਦੇ ਮੈਂਬਰ ਆਪਣੀ ਨਾਅਰੇਬਾਜ਼ੀ ਕਰ ਰਹੇ ਸਨ। ਇਸੇ ਦੌਰਾਨ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਏ। ਬਹਿਸਬਾਜ਼ੀ ਦੌਰਾਨ ਕਿਸੇ ਨੇ ਸ਼ਿਵ ਸੈਨਾ ਲੀਡਰ ਰੋਹਿਤ ਜੋਸ਼ੀ ਨੂੰ ਥੱਪੜ ਜੜ੍ਹ ਦਿੱਤਾ। ਮੌਕੇ ‘ਤੇ ਮੌਜੂਦ ਪੁਲਿਸ ਨੇ ਮਾਮਲਾ ਸ਼ਾਂਤ ਕਰਵਾਇਆ।

ਇਵੇਂ ਹੀ ਲੁਧਿਆਣਾ ਦੇ ਚੌੜਾ ਬਾਜ਼ਾਰ ਵਿੱਚ ਸ਼ਿਵ ਸੈਨਾ ਦਾ ਪੋਸਟਰ ਪਾੜੇ ਜਾਣ ‘ਤੇ ਸਿੱਖ ਤੇ ਹਿੰਦੂ ਸੰਗਠਨ ਆਹਮੋ-ਸਾਹਮਣੇ ਹੋ ਗਏ। ਦੋਵੇਂ ਧਿਰਾਂ ਵਿੱਚ ਖੂਬ ਗਾਲੀ-ਗਲੋਚ ਹੋਇਆ ਤੇ ਕੱਚ ਦੀਆਂ ਬੋਤਲਾਂ ਤੇ ਪੱਥਰਬਾਜ਼ੀ ਵੀ ਹੋਈ। ਸ਼ਿਵ ਸੈਨਾ ਇੱਥੇ ਵੀ ਮਾਰਚ ਕੱਢਣ ਦੀ ਤਿਆਰੀ ਵਿੱਚ ਸੀ ਪਰ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ। ਉੱਧਰ, ਪਠਾਨਕੋਟ ਵਿੱਚ ਸ਼ਿਵ ਸੈਨਾ ਦੇ ਪ੍ਰਧਾਨ ਸਤੀਸ਼ ਮਹਾਜਨ ਨੇ ਵੀ ਆਪਣਾ ਸਮਾਗਮ ਕੀਤਾ ਤੇ ਅੱਤਵਾਦ ਦੇ ਦੌਰ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ।