ਕਾਂਗਰਸ ਨੂੰ ਵੱਡਾ ਝਟਕਾ, 12 ਵਿਧਾਇਕਾਂ ਦੀ ਬਗਾਵਤ

ਹੈਦਰਾਬਾਦ: ਤੇਲੰਗਾਨਾ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਦਾ ਵਿਖਾਈ ਦੇ ਰਿਹਾ ਹੈ। ਪਾਰਟੀ ਦੇ 12 ਵਿਧਾਇਕ ਛੇਤੀ ਹੀ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਦੀ ਪਾਰਟੀ ਟੀਆਰਐਸ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਸਕਦੇ ਹਨ। ਇਸ ਬਾਰੇ ਉਨ੍ਹਾਂ ਅੱਜ ਤੇਲੰਗਾਨਾ ਵਿਧਾਨ ਸਭਾ ਦੇ ਸਪੀਕਰ ਨਾਲ ਵੀ ਮੁਲਾਕਾਤ ਕੀਤੀ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਤੇਲੰਗਾਨਾ ਵਿੱਚ ਕਾਂਗਰਸ ਦੇ ਕੁੱਲ 18 ਵਿਧਾਇਕਾਂ ਵਿੱਚੋਂ 12 ਨੇ ਵਿਧਾਨ ਸਭਾ ਚੇਅਰਪਰਸਨ ਨਾਲ ਮੁਲਾਕਾਤ ਕੀਤੀ ਹੈ ਤੇ ਉਨ੍ਹਾਂ ਨੂੰ ਤੇਲੰਗਾਨਾ ਰਾਸ਼ਟਰ ਕਮੇਟੀ ਵਿਧਾਇਕ ਦਲ ਵਿੱਚ ਸ਼ਾਮਲ ਕੀਤੇ ਜਾਣ ਦੀ ਅਪੀਲ ਕੀਤੀ ਹੈ। ਕੇ. ਚੰਦਰਸ਼ੇਖਰ ਰਾਓ ਤੇਲੰਗਾਨਾ ਦੇ ਪਿਛਲੇ ਪੰਜ ਸਾਲਾਂ ਤੋਂ ਮੁੱਖ ਮੰਤਰੀ ਹਨ ਤੇ ਉਨ੍ਹਾਂ ਦੀ ਪਾਰਟੀ ਦੀ ਪ੍ਰਸਿੱਧੀ ਦਿਨੋਂ-ਦਿਨ ਵੱਧ ਰਹੀ ਹੈ।

ਪਿਛਲੇ ਸਾਲ ਦਸੰਬਰ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਤੇਲੰਗਾਨਾ ਵਿਧਾਨ ਸਭਾ ਦੀਆਂ 119 ਵਿੱਚੋਂ 19 ਸੀਟਾਂ ਜਿੱਤੀਆਂ ਸਨ। ਇਸ ਮਗਰੋਂ ਤੇਲੰਗਾਨਾ ਕਾਂਗਰਸ ਦੇ ਪ੍ਰਧਾਨ ਉੱਤਮ ਕੁਮਾਰ ਰੈੱਡੀ ਦੇ ਲੋਕ ਸਭਾ ਮੈਂਬਰ ਬਣਨ ਅਤੇ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਇਹ ਗਿਣਤੀ 18 ਰਹਿ ਗਈ ਹੈ। ਪਰ ਹੁਣ 12 ਵਿਧਾਇਕਾਂ ਦੇ ਬਾਗ਼ੀ ਹੋਣ ਦੀ ਖ਼ਬਰ ਹੈ।