ਬਾਰਸ਼ ਮਗਰੋਂ ਕਿਸਾਨਾਂ ਸਾਹਮਣੇ ਨਵੀਂ ਮੁਸੀਬਤ, ਵਾਢੀ ਬੁਰੀ ਤਰ੍ਹਾਂ ਪ੍ਰਭਾਵਿਤ

ਜਿਵੇਂ-ਜਿਵੇਂ ਮੌਸਮ ਬਦਲ ਰਿਹਾ ਹੈ, ਕਣਕ ਦੀ ਵਾਢੀ ਨੇ ਜ਼ੋਰ ਫੜ ਲਿਆ ਹੈ। ਹਾਲੇ ਵੀ ਵਾਢੀ ਵਿੱਚ ਸਮੱਸਿਆ ਆ ਰਹੀ ਹੈ ਕਿ ਪੰਜਾਬ ਦੀਆਂ ਕੰਬਾਈਨਾਂ ਦੂਜਿਆਂ ਸੂਬਿਆਂ ਵਿੱਚ ਵਾਢੀ ਲਈ ਗਈਆਂ ਹੋਈਆਂ ਹਨ। ਇਸ ਕਾਰਨ ਫ਼ਸਲ ਦੀ ਵਾਢੀ ਹਾਲੇ ਵੀ ਪ੍ਰਭਾਵਿਤ ਹੋ ਰਹੀ ਹੈ।

ਅੰਮ੍ਰਿਤਸਰ: ਅਪਰੈਲ ਮਹੀਨੇ ਪੰਜਾਬ ‘ਚ ਬਾਰਿਸ਼ ਹੋਣ ਕਾਰਨ ਕਣਕ ਦੀ ਵਾਢੀ ਕਾਫੀ ਪ੍ਰਭਾਵਿਤ ਹੋਈ ਤੇ ਮੰਡੀਆਂ ਵਿੱਚ ਫ਼ਸਲ ਆਉਣ ਦੀ ਰਫ਼ਤਾਰ ਵੀ ਕਾਫ਼ੀ ਹੌਲ਼ੀ ਰਹੀ। ਹੁਣ ਜਿਵੇਂ-ਜਿਵੇਂ ਮੌਸਮ ਬਦਲ ਰਿਹਾ ਹੈ, ਕਣਕ ਦੀ ਵਾਢੀ ਨੇ ਜ਼ੋਰ ਫੜ ਲਿਆ ਹੈ। ਹਾਲੇ ਵੀ ਵਾਢੀ ਵਿੱਚ ਸਮੱਸਿਆ ਆ ਰਹੀ ਹੈ ਕਿ ਪੰਜਾਬ ਦੀਆਂ ਕੰਬਾਈਨਾਂ ਦੂਜਿਆਂ ਸੂਬਿਆਂ ਵਿੱਚ ਵਾਢੀ ਲਈ ਗਈਆਂ ਹੋਈਆਂ ਹਨ। ਇਸ ਕਾਰਨ ਫ਼ਸਲ ਦੀ ਵਾਢੀ ਹਾਲੇ ਵੀ ਪ੍ਰਭਾਵਿਤ ਹੋ ਰਹੀ ਹੈ।

ਦੂਜੇ ਪਾਸੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਜਿੰਨੀ ਵੀ ਕਣਕ ਦੀ ਫ਼ਸਲ ਮੰਡੀਆਂ ਵਿੱਚ ਆ ਰਹੀ ਹੈ, ਉਨ੍ਹਾਂ ਦੀ ਲਿਫ਼ਟਿੰਗ ਦਾ ਕੰਮ ਰੁਕਿਆ ਹੋਇਆ ਹੈ। ‘ਏਬੀਪੀ ਸਾਂਝਾ’ ਦੀ ਟੀਮ ਨੇ ਅੰਮ੍ਰਿਤਸਰ ਦੀ ਭਗਤਾਂਵਾਲਾ ਮੰਡੀ ਦਾ ਦੌਰਾ ਕੀਤਾ ਤਾਂ ਲਿਫਟਿੰਗ ਦੀ ਸਮੱਸਿਆ ਵਿਗੜਨ ਸਬੰਧੀ ਕਈ ਗੱਲਾਂ ਸਾਹਮਣੇ ਆਈਆਂ। ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ‘ਚ ਕਣਕ ਦੇ ਅੰਬਾਰ ਲੱਗਣੇ ਸੁਭਾਵਕ ਹਨ। ਇਸ ਨਾਲ ਆੜ੍ਹਤੀ ਵੀ ਪ੍ਰਭਾਵਿਤ ਹੋਣਗੇ।

ਆੜ੍ਹਤੀਆਂ ਨੇ ਕਿਹਾ ਕਿ ਸਰਕਾਰ ਨੂੰ ਲਿਫ਼ਟਿੰਗ ਦਾ ਕੰਮ ਵੀ ਆੜ੍ਹਤੀਆਂ ਨੂੰ ਦੇ ਦੇਣਾ ਚਾਹੀਦਾ ਹੈ। ਆੜ੍ਹਤੀ ਆਪਣੀ ਜ਼ਿੰਮੇਵਾਰੀ ਦੇ ਨਾਲ ਲਿਫਟਿੰਗ ਕਰਵਾਏਗਾ ਤੇ ਤਿੰਨ ਦਿਨਾਂ ਅੰਦਰ ਫਸਲ ਆਪਣੀ ਥਾਂ ਪਹੁੰਚ ਜਾਏਗੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਟੈਂਡਰ ਦੇਣ ਵੇਲੇ ਵੀ ਦੇਖਣਾ ਚਾਹੀਦਾ ਹੈ ਕਿ ਜਿਨ੍ਹਾਂ ਨੂੰ ਟੈਂਡਰ ਦਿੱਤੇ ਜਾ ਰਹੇ ਹਨ ਕਿ ਉਨ੍ਹਾਂ ਕੋਲ ਵਸੀਲੇ ਹਨ ਜਾਂ ਨਹੀਂ।