ਲੋਕ ਸਭਾ ਚੋਣਾਂ ਲਈ ਸਰਗਰਮ ਹੋਏ ਕੈਪਟਨ ਪਹੁੰਚੇ ਦਾਣਾ ਮੰਡੀ, ਲਈ ਕਿਸਾਨਾਂ ਦੀ ਸਾਰ

ਕੁਝ ਕਿਸਾਨਾਂ ਨੇ ਕੈਪਟਨ ਨੂੰ ਕਿਹਾ ਸੀ ਕਿ ਨਮੀ ਠੀਕ ਹੋਣ ਦੇ ਬਾਵਜੂਦ ਐਫਸੀਆਈ ਕਣਕ ਨਹੀਂ ਚੁੱਕ ਰਹੀ ਤਾਂ ਮੁੱਖ ਮੰਤਰੀ ਨੇ ਤੁਰੰਤ ਮੰਡੀ ਵਿੱਚ ਮੌਜੂਦ ਇੰਸਪੈਕਟਰ ਨੂੰ ਸੱਦਿਆ ਤੇ ਉਸ ਨੂੰ ਬਿਨਾਂ ਕਿਸੇ ਹੋਰ ਦੇਰੀ ਤੋਂ ਅਨਾਜ ਚੁੱਕਣ ਲਈ ਨਿਰਦੇਸ਼ ਦਿੱਤੇ

ਚੰਡੀਗੜ੍ਹ: ਅਕਸਰ ਸਮਾਗਮਾਂ ਵਿੱਚ ਆਪਣੀ ਸ਼ਮੂਲੀਅਤ ਦਾ ਐਲਾਨ ਕਰਨ ਮਗਰੋਂ ‘ਫਰਲੋ’ ਮਾਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੋਕ ਸਭਾ ਚੋਣਾਂ ਦਾ ਦਬਾਅ ਅੱਜ ਦਾਣਾ ਮੰਡੀ ਤਕ ਖਿੱਚ ਲੈ ਗਿਆ। ਕੈਪਟਨ ਨੇ ਅੱਜ ਆਪਣੇ ਸਿਆਸੀ ਪ੍ਰੋਗਰਾਮ ਤਹਿਤ ਸੰਗਰੂਰ ਤੋਂ ਫ਼ਰੀਦਕੋਟ ਜਾਣਾ ਸੀ ਤਾਂ ਰਸਤੇ ਵਿੱਚ ਉਨ੍ਹਾਂ ਕਿਸੇ ਮੰਡੀ ‘ਤੇ ਰੁਕ ਕੇ ਉਨ੍ਹਾਂ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਕੈਪਟਨ ਨੇ ਕਣਕ ਦੀ ਮੁੱਖ ਖਰੀਦ ਏਜੰਸੀ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐਫਸੀਆਈ) ਨੂੰ ਹਦਾਇਤ ਕੀਤੀ ਕਿ 12 ਫ਼ੀਸਦੀ ਤੋਂ ਘੱਟ ਨਮੀ ਵਾਲਾ ਸਾਰਾ ਅਨਾਜ ਬਿਨਾਂ ਕਿਸੇ ਦੇਰੀ ਤੋਂ ਮੰਡੀਆਂ ਵਿੱਚੋਂ ਚੁੱਕਿਆ ਜਾਵੇ। ਦਰਅਸਲ, ਕੁਝ ਕਿਸਾਨਾਂ ਨੇ ਕੈਪਟਨ ਨੂੰ ਕਿਹਾ ਸੀ ਕਿ ਨਮੀ ਠੀਕ ਹੋਣ ਦੇ ਬਾਵਜੂਦ ਐਫਸੀਆਈ ਕਣਕ ਨਹੀਂ ਚੁੱਕ ਰਹੀ ਤਾਂ ਮੁੱਖ ਮੰਤਰੀ ਨੇ ਤੁਰੰਤ ਮੰਡੀ ਵਿੱਚ ਮੌਜੂਦ ਇੰਸਪੈਕਟਰ ਨੂੰ ਸੱਦਿਆ ਤੇ ਉਸ ਨੂੰ ਬਿਨਾਂ ਕਿਸੇ ਹੋਰ ਦੇਰੀ ਤੋਂ ਅਨਾਜ ਚੁੱਕਣ ਲਈ ਨਿਰਦੇਸ਼ ਦਿੱਤੇ।