ਕੈਨੇਡਾ: ਪੰਜਾਬੀਆਂ ਦੇ ਵਿਆਹ ‘ਚ ਭੜਥੂ, 40 ਦੇ ਕਰੀਬ ਜ਼ਖ਼ਮੀ

ਜ਼ਿਆਦਾਤਰ ਲੋਕਾਂ ਨੂੰ ਲੱਤਾਂ, ਗੋਡਿਆਂ, ਚੂਲੇ ਤੇ ਪਿੱਠ ‘ਤੇ ਸੱਟਾਂ ਲੱਗੀਆਂ ਹਨ ਅਤੇ ਜ਼ਿਆਦਾਤਰ ਜਣਿਆਂ ਦੀਆਂ ਹੱਡੀਆਂ ਟੁੱਟੀਆਂ ਹਨ। ਅੰਦਾਜ਼ੇ ਮੁਤਾਬਕ ਵਿਆਹ ‘ਤੇ ਤਕਰੀਬਨ 100 ਮਹਿਮਾਨ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਸਨ

ਵੈਨਕੂਵਰ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਸ਼ਹੂਰ ਸ਼ਹਿਰ ਵੈਨਕੂਵਰ ਵਿੱਚ ਪੰਜਾਬੀਆਂ ਦੇ ਵਿਆਹ ਦੇ ਰੰਗ ਵਿੱਚ ਉਸ ਸਮੇਂ ਭੰਗ ਪੈ ਗਿਆ, ਜਦ ਚਬੂਤਰੇ ਦੀ ਛੱਤ ਟੁੱਟਣ ਕਾਰਨ 40 ਜਣੇ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ 20 ਜਣਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਦਕਿ 15 ਵਿਅਕਤੀ ਮਾਮੂਲੀ ਫੱਟੜ ਹੋਏ ਹਨ।

ਪ੍ਰਾਪਤ ਜਾਣਕਾਰੀ ਮੁਤਾਬਕ ਭਾਰਤੀ ਸਮੇਂ ਮੁਤਾਬਕ ਸ਼ਨੀਵਾਰ ਸ਼ਾਮ ਸਾਢੇ ਕੁ ਛੇ ਵਜੇ ਤੇ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਸਵੇਰੇ ਨੌਂ ਵਜੇ ਇਹ ਘਟਨਾ ਵਾਪਰੀ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਨੇੜੇ ਤੇੜੇ ਰਹਿੰਦੇ ਲੋਕਾਂ ਨੇ ਦੱਸਿਆ ਕਿ ਇੰਝ ਲੱਗ ਰਿਹਾ ਸੀ ਕਿ ਜਿਵੇਂ ਧਮਾਕਾ ਹੋ ਗਿਆ ਹੋਵੇ। ਉਹ ਤੁਰੰਤ ਘਟਨਾ ਸਥਾਨ ਵੱਲ ਭੱਜੇ ਤੇ ਲੋਕਾਂ ਨੇ ਤੁਰੰਤ ਪੁਲਿਸ, ਬੀਸੀ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।