ਕਣਕ ਦੇ ਝਾੜ ‘ਚ ਪੰਜਾਬ ਤੋੜੇਗਾ ਸਾਰੇ ਰਿਕਾਰਡ

ਪਿਛਲੇ ਸਾਲ 178 ਲੱਖ ਮੀਟ੍ਰਿਕ ਟਨ ਕਣਕ ਦੀ ਪੈਦਾਵਾਰ ਹੋਈ ਸੀ। ਇਸ ਵਾਰ ਮੌਸਮ ਕਣਕ ਦੇ ਵਧੇਰੇ ਅਨੁਕੂਲ ਸੀ, ਇਸ ਲਈ ਰਿਕਾਰਡ ਤੋੜ ਪੈਦਾਵਾਰ ਦੀ ਆਸ ਹੈ

ਚੰਡੀਗੜ੍ਹ: ਦੇਸ਼ ਦੇ ਅੰਨ ਦੇ ਭੰਡਾਰੇ ਭਰਨ ਵਾਲਾ ਪੰਜਾਬ ਇਸ ਵਾਰ ਕਣਕ ਦੀ ਬੰਪਰ ਪੈਦਾਵਾਰ ਕਰਨ ਵਾਲਾ ਹੈ। ਇਸ ਵਾਰ ਪੰਜਾਬ ਵਿੱਚ 180 ਲੱਖ ਮੀਟ੍ਰਿਕ ਟਨ ਕਣਕ ਦੀ ਪੈਦਾਵਾਰ ਹੋ ਸਕਦੀ ਹੈ, ਜੋ ਹੁਣ ਤਕ ਦੀ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ ਸਾਲ 2011-12 ਦੇ ਹਾੜ੍ਹੀ ਦੇ ਸੀਜ਼ਨ ਦੌਰਾਨ ਪੰਜਾਬ ਵਿੱਚ 179.7 ਲੱਖ ਮੀਟ੍ਰਿਕ ਟਨ ਕਣਕ ਦੀ ਪੈਦਾਵਾਰ ਹੋਈ ਸੀ।

ਪਿਛਲੇ ਸੀਜ਼ਨ ਦੌਰਾਨ ਇੱਕ ਹੈਕਟੇਅਰ ਵਿੱਚੋਂ ਕਣਕ ਦਾ ਝਾੜ 50.09 ਕੁਇੰਟਲ ਨਿਕਲਿਆ ਸੀ, ਜੋ ਇਸ ਵਾਰ 52 ਕੁਇੰਟਲ ਤਕ ਪੁੱਜ ਸਕਦਾ ਹੈ। ਪਿਛਲੇ ਸਾਲ 178 ਲੱਖ ਮੀਟ੍ਰਿਕ ਟਨ ਕਣਕ ਦੀ ਪੈਦਾਵਾਰ ਹੋਈ ਸੀ। ਇਸ ਵਾਰ ਮੌਸਮ ਕਣਕ ਦੇ ਵਧੇਰੇ ਅਨੁਕੂਲ ਸੀ, ਇਸ ਲਈ ਰਿਕਾਰਡ ਤੋੜ ਪੈਦਾਵਾਰ ਦੀ ਆਸ ਹੈ।

ਪਿਛਲੇ ਸਾਲ ਅੱਜ ਦੇ ਦਿਨ ਤਕ 9.22 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਜਾ ਚੁੱਕੀ ਸੀ। ਪਰ ਇਸ ਵਾਰ ਠੰਢ ਲੰਮਾ ਸਮਾਂ ਰਹਿਣ ਕਾਰਨ ਵਾਢੀ ਪੱਛੜ ਗਈ ਹੈ ਤੇ ਇਸੇ ਦੇ ਨਤੀਜੇ ਵਜੋਂ ਕਣਕ ਦੀ ਬੰਪਰ ਪੈਦਾਵਾਰ ਹੋਣ ਦੀ ਆਸ ਹੈ।