ਪੇਕੇ ਆਈ ਲੜਕੀ ਦੇ ਕਤਲ ਕੇਸ 'ਚ ਫਿਰੋਜ਼ਪੁਰ ਪਹੁੰਚੀ ਆਸਟ੍ਰੇਲੀਆ ਦੀ ਟੀਮ
ਪੇਕੇ ਆਈ ਲੜਕੀ ਦੇ ਕਤਲ ਕੇਸ ‘ਚ ਫਿਰੋਜ਼ਪੁਰ ਪਹੁੰਚੀ ਆਸਟ੍ਰੇਲੀਆ ਦੀ ਟੀਮ

ਫ਼ਿਰੋਜ਼ਪੁਰ: ਆਸਟ੍ਰੇਲੀਆ ਵਿੱਚ ਵਿਆਹ ਹੋਣ ਪਿੱਛੋਂ ਆਪਣੇ ਪੇਕੇ ਘਰ ਆਈ ਲੜਕੀ ਦੇ ਕਤਲ ਸਬੰਧੀ ਆਸਟ੍ਰੇਲੀਆ ਹਾਈ ਕਮਿਸ਼ਨਰ ਦੀ ਟੀਮ ਨੇ ਫ਼ਿਰੋਜ਼ਪੁਰ ਪੁੱਜ ਕੇ ਪੁਲਿਸ ਪ੍ਰਸ਼ਾਸਨ ਨਾਲ ਗੁਪਤ ਮੀਟਿੰਗ ਕੀਤੀ। ਫ਼ਿਰੋਜ਼ਪੁਰ ਪੁਲਿਸ ਨੇ ਕਤਲ ਦੇ ਕੁਝ ਘੰਟਿਆਂ ਵਿੱਚ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਸੀ। ਇਸ ਦੇ ਦੋ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਸਟ੍ਰੇਲੀਆ ਸਰਕਾਰ ਨਾਲ ਲਿਖਤੀ ਕਾਰਵਾਈ ਵੀ ਕੀਤੀ ਜਾ ਰਹੀ ਸੀ। ਫ਼ਿਰੋਜ਼ਪੁਰ ਪੁੱਜੀ ਆਸਟ੍ਰੇਲੀਆ ਹਾਈ ਕਮਿਸ਼ਨ ਦੀ ਟੀਮ ਨੇ ਪੁਲਿਸ ਅਧਿਕਾਰੀਆਂ ਨਾਲ ਮਾਮਲੇ ਨੂੰ ਸੁਲਝਾਉਣ ਲਈ ਵਿਉਂਤ ਬਣਾਈ ਤੇ ਸਾਰੇ ਮਾਮਲੇ ਸਬੰਧੀ ਜਾਣਕਾਰੀ ਇਕੱਤਰ ਕੀਤੀ।

ਦਰਅਸਲ ਆਸਟ੍ਰੇਲੀਆ ਤੋਂ ਭਾਰਤ ਵਿੱਚ ਪੇਕੇ ਘਰ ਪੁੱਜੀ ਲੜਕੀ ਅਚਾਨਕ ਗਾਇਬ ਹੋ ਗਈ ਸੀ। 14 ਮਾਰਚ ਨੂੰ ਫ਼ਿਰੋਜ਼ਪੁਰ ਦੇ ਪਿੰਡ ਬੱਗੇ ਕੇ ਤੋਂ ਗਾਇਬ ਹੋਈ ਲੜਕੀ ਦੀ 26 ਮਾਰਚ ਨੂੰ ਲਾਸ਼ ਮਿਲੀ ਸੀ। ਇਸ ਉਪਰੰਤ ਪੁਲਿਸ ਨੇ ਮੋਬਾਈਲ ਆਦਿ ਤੋਂ ਮਿਲੀ ਜਾਣਕਾਰੀ ਦੇ ਆਧਾਰ `ਤੇ ਕਤਲ ‘ਚ ਸ਼ਾਮਲ ਭਾਰਤੀ ਲੜਕੀ ਨੂੰ ਕਾਬੂ ਕਰ ਲਿਆ ਸੀ। ਜਦਕਿ ਵਿਦੇਸ਼ ਰਹਿੰਦੀ ਲੜਕੀ ਤੇ ਮ੍ਰਿਤਕ ਦੇ ਪਤੀ ਸਮੇਤ ਤਿੰਨਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਸੀ।