ਪੰਜਾਬ ਨੂੰ ਨਸ਼ੇ ਦੀ ਰਾਜਧਾਨੀ ਬਣਾਉਣ ਲਈ ਅਕਾਲੀ-ਭਾਜਪਾ ਤੇ ਕਾਂਗਰਸ ਬਰਾਬਰ ਜ਼ਿੰਮੇਵਾਰ- ਮਾਨ
ਪੰਜਾਬ ਨੂੰ ਨਸ਼ੇ ਦੀ ਰਾਜਧਾਨੀ ਬਣਾਉਣ ਲਈ ਅਕਾਲੀ-ਭਾਜਪਾ ਤੇ ਕਾਂਗਰਸ ਬਰਾਬਰ ਜ਼ਿੰਮੇਵਾਰ- ਮਾਨ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਨਸ਼ੇ ਦੀ ਰਾਜਧਾਨੀ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ)-ਭਾਜਪਾ ਤੇ ਕਾਂਗਰਸ ਬਰਾਬਰ ਦੇ ਜ਼ਿੰਮੇਵਾਰ ਹਨ। ਮਾਨ ਨੇ ਕਿਹਾ ਕਿ ਆਪਣੇ 10 ਸਾਲਾਂ ਦੇ ਮਾਫ਼ੀਆ ਰਾਜ ਦੌਰਾਨ ਬਾਦਲ ਸਰਕਾਰ ਨੇ ਪੰਜਾਬ ਭਰ ਵਿੱਚ ਨਸ਼ੇ ਦੇ ਬੀਜ ਬੀਜੇ ਤੇ ਪੰਜਾਬ ਦੀ ਜਵਾਨੀ ਬਰਬਾਦ ਕਰ ਕੇ ਰੱਖ ਦਿੱਤੀ।

ਭਗਵੰਤ ਮਾਨ ਨੇ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਅੰਦਰ ਵੱਖ-ਵੱਖ ਥਾਵਾਂ ਤੋਂ ਫੜੇ ਲਗਪਗ ਸੌ ਕਰੋੜ ਰੁਪਏ ਦੇ ਨਸ਼ੇ ਬਾਰੇ ਕਿਹਾ ਕਿ ਨਸ਼ਿਆਂ ਦੀ ਇੰਨੀ ਵੱਡੀ ਮਾਤਰਾ ਵਿੱਚ ਬਰਾਮਦਗੀ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰਾਂ ਦੀ ਸ਼ਹਿ ‘ਤੇ ਨਸ਼ਾ ਮਾਫ਼ੀਆ ਨੇ ਪੰਜਾਬ ਨੂੰ ਨਸ਼ੇ ਦੀ ਰਾਜਧਾਨੀ ਬਣਾ ਕੇ ਰੱਖ ਦਿੱਤਾ ਹੈ। ਇਹ ਤਾਜ਼ਾ ਅੰਕੜਾ ਸਿਰਫ਼ ਉਸ ਨਸ਼ੇ ਦਾ ਹੈ ਜੋ ਫੜਿਆ ਗਿਆ ਹੈ, ਜੋ ਡਰੱਗ ਫੜੀ ਨਹੀਂ ਜਾਂਦੀ ਜਾਂ ਸਿਆਸੀ ਦਬਾਅ ਹੇਠ ਛੱਡ ਦਿੱਤੀ ਜਾਂਦੀ ਹੈ, ਉਸ ਦੀ ਮਾਤਰਾ ਬਾਰੇ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੈ।

ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਆਪਣੇ ਬੱਚਿਆਂ ਨੂੰ ਨਸ਼ੇ ਦੇ ਤਸਕਰਾਂ ਤੋਂ ਬਚਾਉਣਾ ਹੈ ਤਾਂ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਦੇ ਨਾਲ-ਨਾਲ ਕਾਂਗਰਸ ਨੂੰ ਵੀ ਬੁਰੀ ਤਰ੍ਹਾਂ ਹਰਾਇਆ ਜਾਵੇ ਤਾਂ ਕਿ ਸੁੱਤੇ ਪਏ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਸਿਆਸੀ ਦਬਾਅ ਵਿੱਚ ਆ ਕੇ ਬਾਕੀ ਤਿੰਨ ਸਾਲ ਪੰਜਾਬ ਦੇ ਅਜਿਹੇ ਸਾਰੇ ਭਖਵੇਂ ਮੁੱਦਿਆਂ ‘ਤੇ ਕੰਮ ਕਰਨ ਲਈ ਮਜਬੂਰ ਹੋ ਜਾਣ।