ਵਿਦੇਸ਼ ਭੇਜਣ ਲਈ ਵਿਆਹ ਦਾ ਝਾਂਸਾ ਦੇ ਠੱਗਣ ਵਾਲੀ ਔਰਤ ਗ੍ਰਿਫ਼ਤਾਰ, ਹੁਣ ਤਕ 18 ਪਰਚੇ ਦਰਜ
ਵਿਦੇਸ਼ ਭੇਜਣ ਲਈ ਵਿਆਹ ਦਾ ਝਾਂਸਾ ਦੇ ਠੱਗਣ ਵਾਲੀ ਔਰਤ ਗ੍ਰਿਫ਼ਤਾਰ, ਹੁਣ ਤਕ 18 ਪਰਚੇ ਦਰਜ

ਫ਼ਰੀਦਕੋਟ: ਵਿਦੇਸ਼ ਭੇਜਣ ਦੇ ਨਾਂਅ ‘ਤੇ ਠੱਗੀ ਮਾਰਨ ਵਾਲੀ ਸ਼ਾਤਰ ਗਰੋਹ ਦਾ ਪਰਦਾਫਾਸ਼ ਕਰਦਿਆਂ ਪੁਲਿਸ ਨੇ ਸ਼ਾਤਰ ਠੱਗ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਹਿਲਾ ‘ਤੇ 18 ਮੁਕੱਦਮੇ ਦਰਜ ਹਨ ਜੋ ਤਕੜੇ ਘਰਾਂ ਦੇ ਕਾਕਿਆਂ ਨੂੰ ਨਿਸ਼ਾਨਾ ਬਣਾਉਂਦੀ ਸੀ।

ਫ਼ਰੀਦਕੋਟ ਦੇ ਐੱਸ.ਪੀ. ਗੁਰਮੀਤ ਕੌਰ ਨੇ ਦੱਸਿਆ ਕਿ ਉਕਤ ਗਰੋਹ ਵਿਦੇਸ਼ੀ ਲਾੜੀਆਂ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਅਮੀਰ ਘਰਾਂ ਦੇ ਲੜਕਿਆਂ ਨਾਲ ਠੱਗੀ ਮਾਰਨ ਦਾ ਕੰਮ ਕਰਦੇ ਸਨ। ਗਰੋਹ ਦੀ ਸਰਗਨਾ ਨਰਿੰਦਰ ਪੁਰੇਵਾਲ ਗ੍ਰਿਫ਼ਤਾਰ ਕੀਤੀ ਗਈ ਹੈ ਅਤੇ ਉਸ ਦੇ ਤਿੰਨ ਹੋਰ ਸਾਥੀਆਂ ਦੀ ਭਾਲ ਜਾਰੀ ਹੈ। ਪੁਲਿਸ ਮੁਤਾਬਕ ਪੁਰੇਵਾਲ ਨੇ ਪੰਜਾਬ ਦੇ ਕਈ ਕਹਿੰਦੇ ਕਹਾਉਂਦੇ ਪਰਿਵਾਰਾਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ।ਪ੍ਰਾਪਤ ਜਾਣਕਾਰੀ ਮੁਤਾਬਕ ਨਰਿੰਦਰ ਪੁਰੇਵਾਲ ਨੇ ਸਰਦੂਲ ਸਿੰਘ ਵਾਸੀ ਪਿੰਡ ਗੋਲੇਵਾਲਾ ਦੇ ਲੜਕੇ ਨੂੰ ਵਿਦੇਸ਼ ਭੇਜਣ ਲਈ ਉਸ ਤੋਂ 35 ਲੱਖ ਰੁਪਏ ਲਏ ਅਤੇ ਉਸ ਦੇ ਲੜਕੇ ਦੀ ਮਨਪ੍ਰੀਤ ਧਾਲੀਵਾਲ ਨਾਂਅ ਦੀ ਲੜਕੀ ਨਾਲ ਵਿਆਹ ਕਰਵਾ ਦਿੱਤਾ। ਮੁਲਜ਼ਮ ਔਰਤ ਨੇ ਦਾਅਵਾ ਕੀਤਾ ਸੀ ਕਿ ਮਨਪ੍ਰੀਤ ਧਾਲੀਵਾਲ ਕੈਨੇਡਾ ਦੀ ਪੱਕੀ ਨਾਗਰਿਕ ਹੈ। ਅਸਲੀਅਤ ਵਿੱਚ ਮਨਪ੍ਰੀਤ ਮੋਗਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਅਤੇ ਕਦੇ ਵੀ ਵਿਦੇਸ਼ ਨਹੀਂ ਗਈ।

ਇਸੇ ਤਰ੍ਹਾਂ ਜੈਤੋ ਦੇ ਵਸਨੀਕ ਗੁਰਚਰਨ ਸਿੰਘ ਵਾਸੀ ਦਬੜੀਖਾਨਾ ਨਾਲ 56 ਲੱਖ ਰੁਪਏ ਦੀ ਠੱਗੀ ਵੱਜਣ ਦੀ ਜ਼ਿਲ੍ਹਾ ਪੁਲੀਸ ਨੇ ਪੁਸ਼ਟੀ ਕੀਤੀ ਹੈ। ਜ਼ਿਲ੍ਹਾ ਪੁਲੀਸ ਮੁਖੀ ਰਾਜਬਚਨ ਸਿੰਘ ਨੇ ਕਿਹਾ ਕਿ ਗੁਰਚਰਨ ਸਿੰਘ ਦੇ ਲੜਕੇ ਸੁਖਬੀਰ ਸਿੰਘ ਦੀ ਸਿਮਰਨ ਸੈਣੀ ਨਾਮ ਦੀ ਲੜਕੀ ਨਾਲ ਸ਼ਾਦੀ ਕਰਵਾ ਕੇ ਉਸ ਤੋਂ 55 ਲੱਖ ਰੁਪਏ ਲਏ ਜਦੋਂ ਕਿ ਸਿਮਰਨ ਸੈਣੀ ਕਦੇ ਵੀ ਵਿਦੇਸ਼ ਨਹੀਂ ਗਈ।

ਪੁਰੇਵਾਲ ਭਾਰਤ ਰਹਿੰਦੀਆਂ ਕੁੜੀਆਂ ਦੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਉਨ੍ਹਾਂ ਨੂੰ ਵਿਦੇਸ਼ੀ ਨਾਗਰਿਕ ਦਰਸਾ ਕੇ ਲੋਕਾਂ ਨੂੰ ਠੱਗਦੀ ਸੀ। ਪੁਲਿਸ ਮੁਤਾਬਕ ਪਹਿਲਾਂ ਮਹਿਲਾ ਅਮੀਰ ਘਰਾਂ ਦੇ ਲੜਕਿਆਂ ਦਾ ਵਿਆਹ ਕਰਵਾ ਕੇ ਲੱਖਾਂ ਰੁਪਏ ਠੱਗਦੀ ਸੀ ਫਿਰ ਝੂਠੇ ਮੁਕੱਦਮੇ ਦਰਜ ਕਰਵਾ ਕੇ ਉਨ੍ਹਾਂ ਤੋਂ ਹੋਰ ਪੈਸਿਆਂ ਦੀ ਝਾਕ ਕਰਦੀ ਸੀ।