ਨਸ਼ਿਆਂ ਨਾਲ ਜੁੜਿਆ ਕਾਂਗਰਸ ਦਾ ਕੂਨੈਕਸ਼ਨ, ਭਗਵੰਤ ਮਾਨ ਨੇ ਉਠਾਏ ਸਵਾਲ
ਨਸ਼ਿਆਂ ਨਾਲ ਜੁੜਿਆ ਕਾਂਗਰਸ ਦਾ ਕੂਨੈਕਸ਼ਨ, ਭਗਵੰਤ ਮਾਨ ਨੇ ਉਠਾਏ ਸਵਾਲ

ਚੰਡੀਗੜ੍ਹ: ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਕਰੀਬੀ ਤੇ ਯੂਥ ਕਾਂਗਰਸੀ ਆਗੂ ਸਾਰਜ ਸਿੰਘ ਦਾਸੂਵਾਲ ਕੋਲੋਂ ਕਰੀਬ 5 ਕਰੋੜ ਰੁਪਏ ਦੀ ਹੈਰੋਇਨ ਫੜੇ ਜਾਣ ‘ਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਾਂਗਰਸ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਹੈ ਕਿ ਬੇਸ਼ੱਕ ਸਰਕਾਰ ਬਦਲ ਗਈ ਹੈ ਪਰ ਸੱਤਾਧਾਰੀਆਂ ਦੀ ਸਰਪ੍ਰਸਤੀ ਹੇਠ ਨਸ਼ਿਆਂ ਦਾ ਕਾਲਾ ਕਾਰੋਬਾਰ ਬਦਸਤੂਰ ਜਾਰੀ ਹੈ।

ਭਗਵੰਤ ਮਾਨ ਨੇ ਕਿਹਾ ਕਿ ਅਕਾਲੀ-ਭਾਜਪਾ ਦੇ 10 ਸਾਲਾਂ ਸ਼ਾਸਨ ਦੌਰਾਨ ਜਾਣੇ-ਅਣਜਾਣੇ ਜਦ ਵੀ ਕੋਈ ਨਸ਼ਾ ਤਸਕਰ ਜਾਂ ਸਪਲਾਇਰ ਫੜਿਆ ਜਾਂਦਾ ਸੀ ਤਾਂ ਉਸ ਦਾ ਸੱਤਾਧਾਰੀ ਅਕਾਲੀ ਦਲ ਬਾਦਲ ਨਾਲ ਸਿੱਧਾ-ਅਸਿੱਧਾ ਸਬੰਧ ਜੁੜ ਜਾਂਦਾ ਸੀ। ਉਸੇ ਤਰ੍ਹਾਂ ਦੋ ਸਾਲਾਂ ਤੋਂ ਭੁੱਲੇ-ਭਟਕੇ ਜੇ ਕੋਈ ਨਸ਼ਾ ਤਸਕਰ ਗ੍ਰਿਫ਼ਤਾਰ ਹੁੰਦਾ ਹੈ ਤਾਂ ਉਸ ਦੇ ਸਬੰਧ ਸੱਤਾਧਾਰੀ ਕਾਂਗਰਸੀਆਂ ਨਾਲ ਜਾ ਜੁੜਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਕਹਿੰਦੀ ਆਈ ਹੈ ਕਿ ਸੱਤਾਧਾਰੀਆਂ ਦੀ ਸ਼ਮੂਲੀਅਤ ਤੋਂ ਬਗੈਰ ਸੂਬੇ ‘ਚ ਨਸ਼ਿਆਂ ਦਾ ਧੰਦਾ ਮੁਮਕਿਨ ਨਹੀਂ।

ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ 4 ਹਫ਼ਤਿਆਂ ‘ਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਤੇ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਤਾਂ ਨਸ਼ਾ ਮੁਕਤ ਨਹੀਂ ਕਰ ਸਕੇ, ਘੱਟੋ ਘੱਟ ਕਾਂਗਰਸ ਪਾਰਟੀ ਨੂੰ ਹੀ ਨਸ਼ਾ ਤਸਕਰੀ ਤੋਂ ਮੁਕਤ ਕਰ ਲੈਣ। ਮਾਨ ਨੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਤਾਹਨਾ ਮਾਰਦਿਆਂ ਕਿਹਾ ਕਿ ਹੁਣ ਉਹ ਸੁਖਪਾਲ ਸਿੰਘ ਭੁੱਲਰ ਦੇ ਘਰ ਦਾ ਘਿਰਾਓ ਕਿਉਂ ਨਹੀਂ ਕਰਦੇ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਬੀਤੇ ਕੱਲ੍ਹ ਖੰਨਾ ‘ਚ ਸਾਫ਼-ਸਾਫ਼ ਕਿਹਾ ਹੈ ਕਿ ਪੰਜਾਬ ‘ਚ ਨਸ਼ਾ ਖ਼ਤਮ ਨਹੀਂ ਹੋਇਆ, ਸਗੋਂ ਵਧਿਆ ਹੈ। ਦੂਲੋ ਨੇ ‘ਆਪ’ ਦੇ ਦੋਸ਼ਾਂ ਨੂੰ ਦੁਹਰਾਉਂਦੇ ਹੋਏ ਇਹ ਵੀ ਕਿਹਾ ਕਿ ਸਰਕਾਰ ਛੋਟੇ ਮੋਟੇ ਨਸ਼ਾ ਤਸਕਰਾਂ ਨੂੰ ਫੜ੍ਹ ਕੇ ਆਪਣੀ ਪਿੱਠ ਥੱਪ ਥਪਾਉਂਦੀ ਰਹਿੰਦੀ ਹੈ ਪਰ ਨਸ਼ਾ ਤਸਕਰੀ ਦੇ ਵੱਡੇ ਮਗਰ-ਮੱਛਾਂ ਨੂੰ ਹੱਥ ਨਹੀਂ ਪਾਉਂਦੀ।