ਵਾਸ਼ਿੰਗਟਨ: 50 ਲੱਖ ਕਰੋੜ ਰੁਪਏ ਦਾ ਰੱਖਿਆ ਬਜਟ ਹੋਣ ਦੇ ਬਾਵਜੂਦ ਅਮਰੀਕਾ ਫ਼ੌਜੀ ਸੰਕਟ ਨਾਲ ਜੂਝ ਰਿਹਾ ਹੈ। ਜੇਕਰ ਜੰਗ ਹੁੰਦੀ ਹੈ ਤਾਂ ਉਹ ਚੀਨ ਤੇ ਰੂਸ ਤੋਂ ਹਾਰ ਸਕਦਾ ਹੈ। ਅਮਰੀਕੀ ਸੰਸਦੀ ਕਮੇਟੀ ਨੇ ਬੁੱਧਵਾਰ ਨੂੰ ਇਹ ਚੇਤਾਵਨੀ ਦਿੱਤੀ ਹੈ। ਕਾਂਗਰਸ (ਸੰਸਦ) ਨੇ ਨੈਸ਼ਨਲ ਡਿਫੈਂਸ ਸਟ੍ਰੈਟਿਜੀ (ਐਨਡੀਐਸ) ਦਾ ਅਧਿਐਨ ਕਰਨ ਨੂੰ ਕਿਹਾ ਸੀ। ਐਨਜੀਐਸ ਨੇ ਹੀ ਅਮਰੀਕਾ ਦਾ ਚੀਨ ਤੇ ਰੂਸ ਤੋਂ ਸ਼ਕਤੀ ਸੰਤੁਲਨ ਤੈਅ ਹੁੰਦਾ ਹੈ।

ਯੋਜਨਾ ਕਮਿਸ਼ਨ ਵਿੱਚ ਕਈ ਸਾਬਕਾ ਡੈਮੋਕ੍ਰੈਟਿਕ ਤੇ ਰਿਪਬਲੀਕਨ ਅਫ਼ਸਰ ਹਨ। ਉਨ੍ਹਾਂ ਮੁਤਾਬਕ, ਅਮਰੀਕੀ ਫ਼ੌਜ ਦੇ ਬਜਟ ਵਿੱਚ ਕਟੌਤੀ ਕੀਤੀ ਜਾ ਰਹੀ ਹੈ। ਫ਼ੌਜੀਆਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਵਿੱਚ ਕਮੀ ਕੀਤੀ ਗਈ ਹੈ। ਉੱਥੇ ਚੀਨ ਤੇ ਰੂਸ ਵਰਗੇ ਦੇਸ਼ ਅਮਰੀਕਾ ਦੀ ਤਾਕਤ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਕਮਿਸ਼ਨ ਮੁਤਾਬਕ ਅਮਰੀਕਾ ਦੀ ਫ਼ੌਜ ਹੀ ਉਸ ਨੂੰ ਦੁਨੀਆ ਵਿੱਚ ਸਭ ਤੋਂ ਤਾਕਤਵਰ ਬਣਾਉਂਦੀ ਹੈ ਪਰ ਹੁਣ ਫ਼ੌਜੀ ਤਾਕਤ ਵਿੱਚ ਗਿਰਾਵਟ ਆ ਰਹੀ ਹੈ। 21ਵੀਂ ਸਦੀ ਵਿੱਚ ਅਮਰੀਕਾ ਦਾ ਧਿਆਨ ਅੱਤਵਾਦ ਰੋਕਣ ਵੱਲ ਹੈ। ਇਸ ਲਈ ਮਿਜ਼ਾਈਲ ਡਿਫੈਂਸ, ਸਾਈਬਰ-ਸਪੇਸ ਆਪ੍ਰੇਸ਼ਨ, ਜ਼ਮੀਨ ਤੇ ਪਣਡੁੱਬੀ ਤੋਂ ਹੋਣ ਵਾਲੇ ਹਮਲੇ ਰੋਕਣ ਦੀ ਸਮਰੱਥਾ ਵਿੱਚ ਕਮੀ ਆਈ ਹੈ।

ਨੈਸ਼ਨਲ ਡਿਫੈਂਸ ਸਟ੍ਰੈਟਿਜੀ ਮੁਤਾਬਕ ਪੈਂਟਾਗਨ ਸਹੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਹਾਲਾਂਕਿ, ਪੈਨਲ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਾਲੇ ਵੀ ਵੱਡਾ ਸਵਾਲ ਇਹੋ ਹੈ ਕਿ ਅਮਰੀਕਾ ਦੁਸ਼ਮਣਾਂ ਤੋਂ ਮਿਲ ਰਹੀਆਂ ਚੁਣੌਤੀਆਂ ਨਾਲ ਕਿਵੇਂ ਨਜਿੱਠੇਗਾ?

ਸੰਸਦੀ ਕਮੇਟੀ ਦੀ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੂਰੇ ਏਸ਼ੀਆ, ਯੂਰੋਪ ਉੱਪਰ ਅਮਰੀਕੀ ਪ੍ਰਭਾਵ ‘ਚ ਕਮੀ ਆਈ ਹੈ। ਫ਼ੌਜੀ ਸੰਤੁਲਨ ਵੀ ਬਦਲਿਆ ਹੈ, ਇਸ ਦੇ ਚਲਦਿਆਂ ਜੰਗ ਦਾ ਜੋਖ਼ਮ ਵਧ ਗਿਆ ਹੈ, ਜਿਸ ਦਾ ਨਤੀਜਾ ਅਮਰੀਕੀ ਫ਼ੌਜ ਨੂੰ ਕਾਫੀ ਨੁਕਸਾਨ ਨਾਲ ਚੁਕਾਉਣਾ ਪੈ ਸਕਦਾ ਹੈ।

ਕਮਿਸ਼ਨ ਦੀ ਰਿਪੋਰਟ ਮੁਤਾਬਕ ਜੇਕਰ ਰੂਸ ਜਾਂ ਚੀਨ ਨਾਲ ਜੰਗ ਹੁੰਦੀ ਹੈ ਤਾਂ ਅਮਰੀਕਾ ਹਾਰ ਵੀ ਸਕਦਾ ਹੈ ਤੇ ਜਿੱਤ ਵੀ ਸਕਦਾ ਹੈ। ਅਮਰੀਕਾ ਨੂੰ ਦੋ ਜਾਂ ਤਿੰਨ ਮੋਰਚਿਆਂ ‘ਤੇ ਇਕੱਠੇ ਲੜਨਾ ਵੀ ਪੈ ਸਕਦਾ ਹੈ। ਇਸ ਸਾਲ ਪੈਂਟਾਗਨ ਨੇ ਫ਼ੌਜ ਲਈ 700 ਅਰਬ ਡਾਲਰ (50 ਲੱਖ ਕਰੋੜ ਰੁਪਏ) ਦੇ ਬਜਟ ਦਾ ਐਲਾਨ ਕੀਤਾ ਹੈ, ਜੋ ਕਿ ਰੂਸ ਤੇ ਚੀਨ ਦੇ ਕੁੱਲ ਬਜਟ ਤੋਂ ਜ਼ਿਆਦਾ ਹੈ। ਅਮਰੀਕਾ ਨੂੰ ਆਪਣੇ ਟੀਚੇ ਪੂਰੇ ਕਰਨ ਲਈ ਇਹ ਬਜਟ ਕਾਫੀ ਘੱਟ ਹੈ ਤੇ ਹਰ ਸਾਲ 3-5% ਵਾਧੇ ਦੀ ਸਿਫ਼ਾਰਸ਼ ਕੀਤੀ ਗਈ ਹੈ।