ਫ਼ੈਟ ਵਾਲੇ ਭੋਜਨ ਨਾਲ ਦਿਲ ਦੇ ਰੋਗ ਅਤੇ ਡਾਇਬਟੀਜ਼ ਦਾ ਖ਼ਤਰਾ
ਫ਼ੈਟ ਵਾਲੇ ਭੋਜਨ ਨਾਲ ਦਿਲ ਦੇ ਰੋਗ ਅਤੇ ਡਾਇਬਟੀਜ਼ ਦਾ ਖ਼ਤਰਾ

ਓਮੈਗਾ 6 ਐਸਿਡ ਨਾਲ ਭਰਪੂਰ ਜ਼ਿਆਦਾ ਫ਼ੈਟ ਵਾਲਾ ਭੋਜਨ ਖਾਣ ਨਾਲ ਬੁਢਾਪੇ ‘ਚ ਦਿਲ ਦੇ ਰੋਗ ਅਤੇ ਡਾਇਬਟੀਜ਼ ਦਾ ਖ਼ਤਰਾ ਵੱਧ ਜਾਂਦਾ ਹੈ। ਇੱਕ ਖੋਜ ‘ਚ ਇਹ ਚਿਤਾਵਨੀ ਦਿੱਤੀ ਗਈ ਹੈ। ਖੋਜਕਰਤਾਵਾਂ ਨੇ ਦੱਸਿਆ ਕਿ ਮੋਟਾਪੇ ਨੂੰ ਵਧਾਉਣ ਵਾਲਾ ਭੋਜਨ ਹਾਰਟ ਫ਼ੇਲ੍ਹ ਹੋਣ ਦਾ ਜੋਖ਼ਮ ਵਧਾ ਦਿੰਦਾ ਹੈ।
ਪੇਟ ਦੀ ਚਰਬੀ ਦਿਲ ਲਈ ਨੁਕਸਾਨਦਾਇਕ ਹੈ। ਅਜਿਹੇ ‘ਚ ਜੇ ਤੁਹਾਡੇ ਪੇਟ ‘ਤੇ ਵਾਧੂ ਫ਼ੈਟ ਜਮ੍ਹਾ ਹੋ ਰਹੀ ਹੈ ਤਾਂ ਤੁਹਾਨੂੰ ਆਪਣੇ ਦਿਲ ਦੀ ਸੁਰੱਖਿਆ ਲਈ ਡਾਕਟਰ ਨਾਲ ਸੰਪਰਕ ਕਰਨ ਦੀ ਲੋੜ ਹੈ। ਪੇਟ ‘ਤੇ ਫ਼ੈਟ ਵਾਲੇ ਲੋਕਾਂ ‘ਚ ਦਿਲ ਦੇ ਰੋਗਾਂ ਨਾਲ ਸਬੰਧਤ ਸਮੱਸਿਆਵਾਂ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਸ਼ਰੀਰ ਦਾ ਇਹ ਆਕਾਰ ਸੁਸਤ ਜੀਵਨ ਸ਼ੈਲੀ, ਘੱਟ ਮਾਸਪੇਸ਼ੀ ਦ੍ਰਵਮਾਨ ਅਤੇ ਬਹੁਤ ਸਾਰੇ ਰਿਫ਼ਾਈਨਡ ਕਾਰਬੋਹਾਈਡ੍ਰੇਟ ਵਾਲੇ ਖਾਣੇ ਦਾ ਸੰਕੇਤ ਦਿੰਦਾ ਹੈ।
ਭਾਰਤ ਦੀ 70 ਫ਼ੀਸਦੀ ਸ਼ਹਿਰੀ ਆਬਾਦੀ ਮੋਟਾਪੇ ਤੋਂ ਪੀੜਤ
ਭਾਰਤ ‘ਚ ਤਕਰੀਬਨ 70 ਫ਼ੀਸਦੀ ਸ਼ਹਿਰੀ ਆਬਾਦੀ ਮੋਟਾਪੇ ਜਾਂ ਜ਼ਿਆਦਾ ਵਜ਼ਨ ਦੀ ਸ਼੍ਰੇਣੀ ‘ਚ ਆਉਂਦੀ ਹੈ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਭਾਰਤ ‘ਚ ਤਕਰੀਬਨ 20 ਫ਼ੀਸਦੀ ਸਕੂਲ ਜਾਣ ਵਾਲੇ ਬੱਚੇ ਮੋਟਾਪੇ ਤੋਂ ਪੀੜਤ ਹਨ। ਮੁਕਾਬਲੇਬਾਜ਼ੀ ਅਤੇ ਕੰਮ ਦੇ ਦਬਾਅ ਵਾਲੀਆਂ ਨੌਕਰੀਆਂ ਅਤੇ ਆਰਾਮ ਨੇ ਰਵਾਇਤੀ ਕਾਰੋਬਾਰਾਂ ਅਤੇ ਚੱਲਣ (ਸ਼ਰੀਰਕ ਸਰਗਰਮੀ) ਦੀ ਆਦਤ ਨੂੰ ਬਦਲ ਦਿੱਤਾ ਹੈ।
ਸੰਤੁਲਤ ਭੋਜਨ ਖਾਓ
ਅਜਿਹਾ ਸਿਹਤਮੰਦ ਅਤੇ ਸੰਤੁਲਤ ਭੋਜਨ ਖਾਓ ਜਿਸ ਵਿੱਚ ਸਾਰੇ ਜ਼ਰੂਰੀ ਤੱਤਾਂ ਦੇ ਨਾਲ ਖ਼ੁਰਾਕ ਪਦਾਰਥ ਵੀ ਸ਼ਾਮਿਲ ਹੋਣ। ਉਹ ਭੋਜਨ ਜਿਨ੍ਹਾਂ ਵਿੱਚ ਘੱਟ ਫ਼ੈਟ, ਟਰਾਂਸ ਫ਼ੈਟ ਅਤੇ ਕੋਲੈਸਟਰੋਲ ਦੀ ਮਾਤਰਾ ਵੱਧ ਹੁੰਦੀ ਹੈ ਸ਼ਰੀਰ ਲਈ ਨੁਕਸਾਨਦੇਹ ਹੁੰਦੇ ਹਨ। ਜੇਕਰ ਤੁਸੀਂ ਦਿਲ ਦੇ ਰੋਗਾਂ ਅਤੇ ਸਮੱਸਿਆਵਾਂ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਐਲਕੋਹਲ ਦੀ ਵਰਤੋਂ ਵੀ ਘੱਟ ਕਰਨੀ ਪਵੇਗੀ।
ਜੀਵਨ ਸ਼ੈਲੀ ‘ਚ ਕਰੋ ਸਕਾਰਾਤਮਕ ਬਦਲਾਅ
ਆਪਣੇ ਦਿਲ ਅਤੇ ਦਿਲ ਦੀ ਪ੍ਰਣਾਲੀ ਨੂੰ ਸਿਹਤਮੰਦ ਰੱਖਣ ਲਈ ਜੀਵਨਸ਼ੈਲੀ ‘ਚ ਕੁੱਝ ਖ਼ਾਸ ਬਦਲਾਅ ਕਰੋ। ਹਰ ਰੋਜ਼ ਕਸਰਤ ਕਰੋ। ਇਹ ਤਰੀਕੇ ਦਿਲ ਨੂੰ ਸਿਹਤਮੰਦ ਰੱਖਦੇ ਹਨ ਅਤੇ ਦਿਲ ਦੇ ਰੋਗਾਂ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ ਅਤੇ ਇਸ ਦੇ ਨਾਲ ਹੀ ਦਿਲ ਦੇ ਰੋਗ ਹੋਣ ਦੀ ਹਾਲਤ ‘ਚ ਰੋਗ ਨੂੰ ਗੰਭੀਰ ਹੋਣ ਤੋਂ ਵੀ ਰੋਕਦੇ ਹਨ।