ਪੰਜਾਬ ਨੂੰ ਜਲਦ ਮਿਲੇਗਾ ਨਵਾਂ ਪੁਲਿਸ ਮੁਖੀ, UPSC ਦੀ ਬੈਠਕ ’ਚ ਕਈ ਨਾਵਾਂ ’ਤੇ ਚਰਚਾ
ਪੰਜਾਬ ਨੂੰ ਜਲਦ ਮਿਲੇਗਾ ਨਵਾਂ ਪੁਲਿਸ ਮੁਖੀ, UPSC ਦੀ ਬੈਠਕ ’ਚ ਕਈ ਨਾਵਾਂ ’ਤੇ ਚਰਚਾ

ਪੰਜਾਬ ਵਿੱਟ ਨਵੇਂ ਡੀਜੀਪੀ ਦੀ ਨਿਯੁਕਤੀ ਸਬੰਧੀ UPSC ਦੀ ਬੈਠਕ ਹੋਈ। ਇਸ ਬੈਠਕ ਵਿੱਚ ਪੰਜਾਬ ਦੇ ਮੌਜੂਦਾ ਡੀਜੀਪੀ ਸੁਰੇਸ਼ ਅਰੋੜਾ ਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵੀ ਮੌਜੂਦ ਰਹੇ। ਜਾਣਕਾਰੀ ਮੁਤਾਬਕ ਬੈਠਕ ਵਿੱਚ ਨਵੇਂ ਡੀਜੀਪੀ ਲਈ ਕਈ ਨਾਵਾਂ ’ਤੇ ਚਰਚਾ ਕੀਤੀ ਗਈ। ਹਾਲਾਂਕਿ ਡੀਜੀਪੀ ਸੁਰੇਸ਼ ਅਰੋੜਾ ਤੇ ਮੁੱਖ ਸਕੱਤਰ ਨੇ ਇਸ ਮਾਮਲੇ ਬਾਰੇ ਹਾਲੇ ਕੁਝ ਸਪਸ਼ਟ ਨਹੀਂ ਕੀਤਾ।ਜ਼ਿਕਰਯੋਗ ਹੈ ਕਿ 16 ਜਨਵਰੀ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੁਰੇਸ਼ ਅਰੋੜਾ ਦੇ ਕਾਰਜਕਾਲ ਵਿੱਚ ਇੱਕ ਸਾਲ ਦਾ ਵਾਧਾ ਕਰ ਦਿੱਤਾ ਸੀ। ਗ੍ਰਹਿ ਮੰਤਰਾਲੇ ਦੀ ਚਿੱਠੀ ਮੁਤਾਬਕ ਅਰੋੜਾ ਸਤੰਬਰ 2019 ਤਕ ਆਪਣੇ ਅਹੁਦੇ ‘ਤੇ ਬਣੇ ਰਹਿ ਸਕਦੇ ਸਨ। ਪਰ ਡੀਜੀਪੀ ਸੁਰੇਸ਼ ਅਰੋੜਾ ਨੇ ਆਪਣੇ ਸੇਵਾਕਾਲ ਵਿੱਚ ਕੀਤੇ ਵਾਧੇ ਨੂੰ ਨਾਮਨਜ਼ੂਰ ਕਰ ਦਿੱਤਾ ਸੀ। ਉਨ੍ਹਾਂ ਸਰਕਾਰ ਨੂੰ ਚਿੱਠੀ ਲਿਖੀ ਹੈ ਕਿ ਉਹ ਆਪਣੇ ਕਾਰਜਕਾਲ ਵਿੱਚ ਹੋਰ ਵਾਧਾ ਨਹੀਂ ਚਾਹੁੰਦੇ, ਇਸ ਲਈ ਐਕਸਟੈਨਸ਼ਨ ਸਵੀਕਾਰ ਨਹੀਂ ਕਰਨਗੇ।

ਅਰੋੜਾ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਵੇਂ ਡੀਜੀਪੀ ਦੀ ਨਿਯੁਕਤੀ ਕਰ ਕੇ ਉਨ੍ਹਾਂ ਨੂੰ ਫਾਰਗ ਕਰ ਦਿੱਤਾ ਜਾਵੇ। ਇਸ ‘ਤੇ ਸਰਕਾਰ ਨੇ ਕਿਹਾ ਹੈ ਕਿ ਯੂਪੀਐਸਸੀ ਨੂੰ ਜਲਦ ਹੀ ਪੁਲਿਸ ਮੁਖੀ ਲੱਗਣ ਦੇ ਕਾਬਲ ਅਫ਼ਸਰਾਂ ਦਾ ਪੈਨਲ ਭੇਜਿਆ ਜਾਵੇਗਾ ਤਾਂ ਜੋ ਪੰਜਾਬ ਨੂੰ ਨਵਾਂ ਡੀਜੀਪੀ ਮਿਲ ਸਕੇ।