ਕਿਸੇ ਵੀ ਧਰਮ ਦੇ ਫੈਲਾਅ ਅਤੇ ਨਿਭਾਅ ਵਿਚ ਪ੍ਰਚਾਰ ਦੀ ਬਹੁਤ ਅਹਿਮਤਰੀਨ ਭੂਮਿਕਾ ਹੁੰਦੀ ਹੈ।ਇਹ ਭੂਮਿਕਾ ਜਿਥੇ ਕਿਸੇ ਧਰਮ ਦੇ ਬਾਨੀ/ਰਹਿਬਰ ਵੱਲੋਂ ਨਿਭਾਈ ਜਾਂਦੀ ਹੈ,ਉੱਥੇ ਉਸ ਧਰਮ ਨਾਲ ਜੁੜੇ ਸ਼ਰਧਾਲੂਆਂ/ਪੈਰੋਕਾਰਾਂ ਵੱਲੋਂ ਵੀ ਸਮਰਪਣ ਦੀ ਭਾਵਨਾ ਨਾਲ ਅਦਾ ਕੀਤੀ ਜਾਂਦੀ ਹੈ।ਇਹ ਭੂਮਿਕਾ ਅਤੇ ਭਾਵਨਾ ਜਿਥੇ ਉਸ ਧਰਮ ਨੂੰ ਫੈਲਾਉਣ ਅਤੇ ਨਿਭਾਉਣ ਵਿਚ ਮਦਦਗਾਰ ਸਾਬਤ ਹੁੰਦੀ ਹੈ,ਉਥੇ ਉਸ ਦੀ ਉਮਰ ਦਰਾਜ਼ਗੀ ਲਈ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾਉਂਦੀ ਹੈ।ਇਸ ਤਰ੍ਹਾਂ ਦਾ ਹੀ ਯੋਗਦਾਨ ਬੋਧੀ ਭਿਖਸ਼ੂਆਂ ਦਾ (ਮਹਾਤਮਾ ਬੁੱਧ ਦੁਆਰਾ ਆਰੰਭ ਕੀਤੇ ਗਏ) ਬੁੱਧ ਧਰਮ ਨੂੰ ਫੈਲਾਉਣ ਵਿਚ ਮੰਨਿਆ ਜਾਂਦਾ ਹੈ। . ਦੇਸ਼ ਅਤੇ ਵਿਦੇਸ਼ ਵਿਚ ਬੁੱਧ ਧਰਮ ਦੇ ਪ੍ਰਸਾਰ ਲਈ ਬੋਧੀ ਭਿਖਸ਼ੂ ਵਿਸ਼ੇਸ਼ ਰੂਪ ਵਿਚ ਜਤਨਸ਼ੀਲ ਰਹੇ ਹਨ।ਮਹਾਤਮਾ ਬੁੱਧ ਨੂੰ ਆਪਣਾ ਆਦਰਸ਼ ਮੰਨਣ ਵਾਲੇ ਇਨ੍ਹਾਂ ਭਿਖਸ਼ੂਆਂ ਦਾ ਜੀਵਨ ਸੰਨਿਆਸੀ ਰਿਹਾ ਹੈ,ਜਿਸ ਵਿਚ ਤਿਆਗ ਅਤੇ ਤਪ ਦੀ ਬਿਰਤੀ ਬਲਵਾਨ ਰਹੀ ਹੈ।ਇਹ ਬਿਰਤੀ ਇਕਾਂਤ ਅਤੇ ਸੰੰੰੰੰੰੰੰੰੰੰੰੰੰੰੰਘਾਂਤ ਦੋਹਾਂ ਹਾਲਤਾਂ ਵਿਚ ਬਰਾਬਰ ਬਣੀ ਰਹੀ ਹੈ।ਸੰਜਮ ਅਤੇ ਸੁੱਚਤਾ ਨੂੰ ਭਿਖਸ਼ੂਆਂ ਨੇ ਆਪਣੀ ਜ਼ਿੰਦਗੀ ਦਾ ਗਹਿਣਾ ਬਣਾ ਕੇ ਰੱਖਿਆ ਹੈ।ਮੰਗੀ ਹੋਈ ਭਿਖਿਆ ਇਨ੍ਹਾਂ ਦੀ ਪੇਟ-ਪੂਜਾ ਦਾ ਆਧਾਰ ਬਣਦੀ ਹੈ।ਇਨ੍ਹਾਂ ਭਿਖਸ਼ੂਆਂ ਦੇ ਉਪਰਾਲਿਆਂ ਨਾਲ ਹੀ ਬੁੱਧ ਧਰਮ ਇੱਕ ਜਥੇਬੰਦਕ ਰੂਪ ਵਜੋਂ ਉੱਭਰਿਆ ਹੈ। . ‘ਮਾਨਸ ਕੀ ਜਾਤ ਸਬੇ ਏਕੇ ਪਹਿਚਾਣਬੋ’ ਦੀ ਧਾਰਨਾ ਮੁਤਾਬਿਕ ਭਿਖਸ਼ੂ ਭਾਈਚਾਰਾ ਜਾਤ-ਪਾਤ ਦੇ ਬੰਧਨ ਤੋਂ ਮੁਕਤ ਚੱਲਿਆ ਆ ਰਿਹਾ ਹੈ।ਕਿਸੇ ਵੀ ਜਾਤ ਦਾ ਬਸ਼ਰ ਬਿਨਾ ਕਿਸੇ ਰੋਕ-ਟੋਕ ਦੇ ਭਿਖਸ਼ੂ ਜੀਵਨ ਦਾ ਧਾਰਨੀ ਬਣ ਸਕਦਾ ਹੈ।ਸ਼ੁਰੂਆਤੀ ਸਮੇਂ ਵਿਚ ਇਸਤਰੀ ਦਾ ਭਿਖਸ਼ੂ ਬਣਨਾ ਵਿਵਰਜਿਤ ਸੀ ਪਰ ਬਾਅਦ ਵਿਚ ਇਸ ਦੀ ਵੀ ਖੁੱਲ੍ਹ ਦੇ ਦਿੱਤੀ ਗਈ,ਜਿਸ ਦੀ ਬਾਦੌਲਤ ਕਈ ਇਸਤਰੀਆਂ ਵੀ ਬੁੱਧ ਧਰਮ ਦੇ ਪ੍ਰਚਾਰ ਵਿਚ ਡੱਟੀਆਂ ਆ ਰਹੀਆਂ ਹਨ। . ਭਿਖਸ਼ੂ ਮਰਦ ਹੋਵੇ ਜਾਂ ਇਸਤਰੀ ਦੋਵਾਂ ਨੂੰ ਬੁੱਧ ਧਰਮ ਦੇ ਦੋ ਬੁਨਿਆਦੀ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ।ਇੱਕ ਤਾਂ ਆਪਣੇ ਘਰ-ਪਰਿਵਾਰ ਦਾ ਨੂੰ ਛੱਡਣਾ ਪੈਂਦਾ ਹੈ ਅਤੇ ਦੂਜਾ ਸੰਘ (ਜਥੇਬੰਦੀ) ਦੇ ਅਸੂਲਾਂ ‘ਤੇ ਪਹਿਰਾ ਦੇਣਾ ਪੈਂਦਾ ਹੈ।ਜਿਸ ਨੂੰ ਸੰਘ ਵਿਚ ਸ਼ਾਮਿਲ ਕਰ ਲਿਆ ਜਾਂਦਾ ਹੈ ਉਸ ਨੂੰ ਤਿੰਨ ਪ੍ਰਣ ਕਰਨੇ ਪੈਂਦੇ ਸਨ ਜੋ ਇਸ ਪ੍ਰਕਾਰ ਹਨ- 1.ਬੁਧੰ ਸ਼ਰਣ ਗਛਾਮੀ 2. ਧਰਮੰ ਸ਼ਰਣੰ ਗਛਾਮੀ 3. ਸੰਘੰ ਸ਼ਰਣੰ ਗਛਾਮੀ
ਭਾਵ ਮੈਂ ਬੁੱਧ,ਧਰਮ ਅਤੇ ਸੰਘ ਦੀ ਸ਼ਰਣ ਵਿਚ ਆਉਂਦਾ ਹਾਂ।
‘ਨਮੋ ਤਾਸਾ ਭਗਵਤੋ ਅਰਹਤੋ ਸਮਾ ਸੰਬੁਧਾਸਾ’ ਭਾਵ ਉਸ ਭਗਵਾਨ ਨੂੰ ਨਮਸਕਾਰ ਜੋ ਮਹਾਨ,ਪਵਿੱਤਰ ਅਤੇ ਸਰਬ ਬੁੱਧੀਮਾਨ ਹੈ। . ਪਾਲੀ ਭਾਸ਼ਾ ਦੇ ਉਪਰੋਕਤ ਪ੍ਰਣ ਅਤੇ ਵਚਨ ਬੁੱਧ ਧਰਮ ਦੀ ਪ੍ਰਾਥਨਾ ਦਾ ਪਹਿਲਾ ਭਾਗ ਹਨ। . ਭਿਖਸ਼ੂਆਂ ਦੇ ਪਹਿਰਾਵੇ ਦਾ ਰੰਗ ਭਗਵਾਂ ਜਾਂ ਪੀਲਾ ਹੁੰਦਾ ਹੈ ਅਤੇ ਸਿਰ ਘੋਨ-ਮੋਨ।ਅਨਮਤ ‘ਚੋ ਆਏ ਕਿਸੇ ਵਿਅਕਤੀ ਵਾਸਤੇ ਮਨ ਦੀ ਸ਼ੁੱਧੀ ਲਈ ਸਾਲ ਦਾ ਤੀਸਰਾ ਹਿੱਸਾ ਕਿਸੇ ਬੋਧੀ ਅਸਥਾਨ ਵਿਚ ਗ਼ੁਜ਼ਾਰਨਾ ਪੈਂਦਾ ਹੈ।ਭਿਖਸ਼ੂਆਂ ਦੀ ਪੱਕੀ ਠਹਿਰ ਨੂੰ ‘ਵਿਹਾਰ’ ਕਿਹਾ ਜਾਂਦਾ ਹੈ। . ਬੁੱਧ ਧਰਮ ਦੇ ਚਾਰ ਪ੍ਰਮੁੱਖ ਨਿਯਮ ਹਨ ਜਿਨ੍ਹਾਂ ਦੀ ਪਾਲਣਾ ਹਰੇਕ ਬੋਧੀ ਭਿਖਸ਼ੂ ਲਈ ਅਤਿ ਲਾਜ਼ਮੀ ਹੈ- 1.ਬ੍ਰਹਮਚਾਰੀ ਬਣੇ ਰਹਿਣਾ 2.ਮਾਲਕ ਦੀ ਆਗਿਆ ਬਿੰਨਾ ਕੋਈ ਲੈਣਦਾਰੀ ਨਹੀਂ 3.ਅਹਿੰਸਾ ਦੀ ਪੂਜਾ 4. ਦੇਵ ਭਗਤੀ ਨਹੀਂ . ਓਪਰੋਕਤ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਭਿਖਸ਼ੂ ਮਹੀਨੇ ਵਿਚ ਦੋ ਵਾਰ ਇਕੱਤਰ ਹੁੰਦੇ ਹਨ ਅਤੇ ਪਾਲਣਾ ਵਿਚ ਰਹਿ ਗਈਆਂ ਉਣਤਾਈਆਂ ਨੂੰ ਦੂਰ ਕਰਨ ਲਈ ਵਿਚਾਰ-ਵਟਾਂਦਰਾ ਕਰਦੇ ਹਨ।ਇਸ ਵਿਚਾਰ-ਵਟਾਂਦਰੇ ਨੂੰ ਪਾਲੀ ਵਿਚ ‘ਉਪਾਵਸਥਾ’ ਜਾਂ ਵਰਤ ਕਹਿੰਦੇ ਹਨ। ਸੰਘ ਲਈ ਕੁੱਲ ਦਸ ਨਿਯਮ ਹੇਠ ਲਿਖੇ ਅਨੁਸਾਰ ਹਨ:-
1.ਜੀਵ ਹੱਤਿਆ ਨਹੀਂ ਕਰਨੀ 2. ਚੋਰੀ ਨਹੀਂ ਕਰਨੀ 3 .ਸਦਾ ਸੱਚ ਬੋਲਣਾ 4. ਕਾਮ ਤੋ ਰਹਿਤ ਰਹਿਣਾ 5. ਨਸ਼ਿਆਂ ਦੀ ਮਨਾਹੀ 6.ਰਾਤ ਦਾ ਭੋਜਨ ਹਲਕਾ ਕਰਨਾ 7.ਨਾਚ-ਮੁਜਰੇ ਦੀ ਮਨਾਹੀ 8.ਫੁੱਲ ਤੇ ਖ਼ੁਸ਼ਬੂਦਾਰ ਚੀਜਾਂ ਦੀ ਮਨਾਹੀ 9.ਚੰਗੇ ਬਿਸਤਰੇ ਤੋਂ ਪ੍ਰਹੇਜ਼ 10. ਭਿਖਿਆ ਵਿਚ ਸੋਨਾ ਚਾਂਦੀ ਨਹੀਂ ਲੈਣਾ
ਇਨ੍ਹਾਂ ਵਿਚੋਂ ਪਹਿਲੇ ਪੰਜ ਗ੍ਰਹਿਸਤੀਆਂ ਲਈ ਵੀ ਹਨ।ਜਿਹੜਾ ਭਿਖਸ਼ੂ 10-15 ਸਾਲ ਸੰਘ ਦੇ ਆਮ ਨਿਯਮਾਂ ਦੀ ਪਾਲਣਾ ਕਰਦਾ ਹੈ ਉਸ ਨੂੰ ‘ਪ੍ਰੀਵਰਾਜਕ’ ਅਤੇ ਜਿਹੜਾ ਸਾਰੇ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਦਾ ਹੈ ਉਸ ਨੂੰ ‘ਉਪਨਸਪਦਾ’ ਦਾ ਦਰਜਾ ਦਿੱਤਾ ਜਾਂਦਾ ਹੈ। . ਬੁੱਧ ਮਤ ਦੇ ਸਿਧਾਂਤ ਅਨੁਸਾਰ ਕੁੱਝ ਵਿਅਕਤੀ ਅਜਿਹੇ ਵੀ ਹਨ ਜਿਨ੍ਹਾਂ ਨੂੰ ਭਿਖਸ਼ੂਪੁਣੇ ਦੇ ਯੋਗ ਨਹੀਂ ਸਮਝਿਆ ਜਾਂਦਾ ਇਹ ਹਨ-
ਕੋਹੜੀ,ਸਰਕਾਰੀ ਮੁਲਾਜ਼ਮ,ਚੋਰ,ਦੋਸ਼ੀ,ਕਰਜ਼ਾਈ,ਕਿਸੇ ਦਾ ਕਾਮਾ,ਡੇਢ ਦਹਾਕੇ ਤੋਂ ਘੱਟ ਉਮਰ ਦਾ,ਨਾਮਰਦ,ਲੰਗੜਾ,ਲੂਲ੍ਹਾ ਅਤੇ ਹਿੰਸਕ ਆਦਿ। . ਭਿਖਸ਼ੂਆਂ ਨੂੰ ਵਿਚਾਰ ਬਦਲਣ ਦੀ ਆਗਿਆ ਹੈ ਪਰ ਜਿਹੜਾ ਸੰਘ ਦੇ ਨਿਯਮਾਂ ਤੋਂ ਬਾਹਰੀ ਹੋ ਜਾਵੇ ਉਸ ਨੂੰ ਬੇਦਖ਼ਲ ਕਰ ਦਿੱਤਾ ਜਾਂਦਾ ਹੈ। . ਅਜਿਹੇ ਨੇਕ ਅਤੇ ਪਾਕਿ ਜੀਵਨ ਵਾਲੇ ਭਿਖਸ਼ੂਆਂ ਦੀ ਸ਼ਰਧਾ ਅਤੇ ਲਗਨ ਸਦਕਾ ਹੀ ਬੁੱਧ ਧਰਮ ਸੰਸਾਰ ਦੇ ਵੱਡੇ ਹਿੱਸੇ ਵਿਚ ਪ੍ਰਚਾਰਿਆ ਅਤੇ ਨਿਖ਼ਾਰਿਆ ਗਿਆ ਹੈ।ਇਸ ਪ੍ਰਚਾਰ ਅਤੇ ਨਿਖ਼ਾਰ ਸਦਕਾ ਹੀ ਬੁੱਧ ਧਰਮ ਢਾਈ ਹਜ਼ਾਰ ਸਾਲ ਤੋਂ ਵੱਧ ਸਮੇਂ ਤੋਂ ਏਸ਼ੀਆ ਦੇ ਇੱਕ ਪ੍ਰਮੁੱਖ ਧਰਮ ਵਜੋਂ ਜਾਣਿਆਂ ਜਾਂਦਾ ਹੈ।

—-0—- -ਰਮੇਸ਼ ਬੱਗਾ ਚੋਹਲਾ ਗਲੀ ਨੰ: 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ) ਮੋਬ:9463132719