ਦੁਬਈ ਵਿੱਚ ਇੱਕ ਭਾਰਤੀ ਮੂਲ ਦਾ ਵਿਅਕਤੀ ਆਪਣੀ ਸਾਬਕਾ ਪ੍ਰੇਮਿਕਾ ਦੀ ਹੱਤਿਆ ਕਰ ਉਸ ਦੀ ਲਾਸ਼ ਨੂੰ ਕਾਰ ਦੀ ਅਗਲੀ ਸੀਟ ‘ਤੇ ਰੱਖ ਦੁਬਈ ਦੇ ਚੱਕਰ ਲਾਉਂਦਾ ਰਿਹਾ।

 ਦੁਬਈ ਵਿੱਚ ਇੱਕ ਭਾਰਤੀ ਮੂਲ ਦਾ ਵਿਅਕਤੀ ਆਪਣੀ ਸਾਬਕਾ ਪ੍ਰੇਮਿਕਾ ਦੀ ਹੱਤਿਆ ਕਰ ਉਸ ਦੀ ਲਾਸ਼ ਨੂੰ ਕਾਰ ਦੀ ਅਗਲੀ ਸੀਟ ‘ਤੇ ਰੱਖ ਦੁਬਈ ਦੇ ਚੱਕਰ ਲਾਉਂਦਾ ਰਿਹਾ। ਦੁਬਈ ਦੀ ਇੱਕ ਸਥਾਨਕ ਅਦਾਲਤ ਨੇ ਸੁਣਵਾਈ ਕਰਦਿਆਂ ਪਾਇਆ ਕਿ ਸੰਯੁਕਤ ਅਰਬ ਅਮੀਰਾਤ ਵਿੱਚ ਰਹਿ ਰਿਹਾ ਭਾਰਤੀ ਮੂਲ ਦਾ ਵਿਅਕਤੀ ਆਪਣੀ ਪ੍ਰੇਮਿਕਾ ਦੀ ਹੱਤਿਆ ਤੋਂ ਬਾਅਦ ਲਗਪਗ 45 ਮਿੰਟਾਂ ਲਈ ਦੁਬਈ ਦੀਆਂ ਸੜਕਾਂ ਤੇ ਘੁੰਮਦਾ ਰਿਹਾ।

ਵਧੇਰੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਦੌਰਾਨ ਉਸ ਨੇ ਰਸਤੇ ਵਿੱਚ ਖਾਣਾ ਪੈਕ ਕਰਾਉਣ ਲਈ ਵੀ ਆਪਣੀ ਕਾਰ ਨੂੰ ਰੋਕਿਆ। ਹਾਲਾਂਕਿ, ਮੁਲਜ਼ਮ ਨੇ ਬਾਅਦ ਵਿੱਚ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

ਬੀਤੇ ਐਤਵਾਰ ਨੂੰ ਕੇਸ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਪਾਇਆ ਕਿ ਉਸ ਦੀ ਪ੍ਰੇਮਿਕਾ ਵੀ ਭਾਰਤੀ ਸੀ। ਇਲਜ਼ਾਮ ਲਗਾਇਆ ਜਾਂਦਾ ਹੈ ਕਿ ਮ੍ਰਿਤਕ ਲੜਕੀ ਦੇ ਇੱਕ ਹੋਰ ਆਦਮੀ ਨਾਲ ਪ੍ਰੇਮ ਸੰਬੰਧ ਸੀ, ਜਿਸ ਕਾਰਨ ਮੁਲਜ਼ਮ ਵਿਅਕਤੀ ਨੇ ਉਸ ਦੀ ਹੱਤਿਆ ਕਰ ਦਿੱਤੀ। ਮੁਲਜ਼ਮ ਨੇ ਔਰਤ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਕੁਝ ਦੇਰ ਚੱਲਣ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ। ਸਥਾਨਕ ਮੀਡੀਆ ਦੇ ਅਨੁਸਾਰ, ਮੁਲਜ਼ਮ ਨੇ ਆਪਣੀ ਕਾਰ ਨੂੰ ਸਿੱਧਾ ਥਾਣੇ ਦੇ ਅੰਦਰ ਪਾਰਕਿੰਗ ਵਿੱਚ ਖੜ੍ਹਾ ਕਰ ਦਿੱਤਾ ਅਤੇ ਪੁਲਿਸ ਨੂੰ ਸਮਰਪਣ ਕਰ ਦਿੱਤਾ।

ਮੁਲਜ਼ਮ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪੀੜਤ ਲੜਕੀ ਦੇ ਵਕੀਲ ਨੇ ਅਦਾਲਤ ਵਿੱਚ ਮੁਲਜ਼ਮ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ।