ਹਾਲ ਹੀ ਵਿੱਚ ਜਸਟਿਸ ਮੁਰਲੀਧਰ ਨੂੰ ਦਿੱਲੀ ਹਾਈਕੋਰਟ ਤੋਂ ਟ੍ਰਾਂਸਫਰ ਕੀਤਾ ਗਿਆ ਹੈ। 6 ਮਾਰਚ ਨੂੰ ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਵਜੋਂ ਸਹੁੰ ਚੁੱਕੀ।

ਦਿੱਲੀ ਦੰਗਿਆਂ ਦੌਰਾਨ ਰਾਤੋ-ਰਾਤ ਪੰਜਾਬ ਭੇਜੇ ਜਸਟਿਸ ਮੁਰਲੀਧਰ ਮੁੜ ਚਰਚਾ ਵਿੱਚ ਹਨ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਮੁਰਲੀਧਰ ਨੇ ਵਕੀਲਾਂ ਨੂੰ ਕਿਹਾ ਹੈ ਕਿ ਉਹ ਉਨ੍ਹਾਂ ਲਈ ‘ਮਾਈ ਲਾਰਡ’ ਜਾਂ ‘ਯੌਰ ਲੌਰਡਸ਼ਿਪ’ ਵਰਗੇ ਸ਼ਬਦ ਵਰਤਣ ਤੋਂ ਗੁਰੇਜ਼ ਕਰਨ। ਸੋਮਵਾਰ ਨੂੰ ਵਕੀਲਾਂ ਨੂੰ ਅਦਾਲਤ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਪਹਿਲਾਂ ਜਸਟਿਸ ਮੁਰਲੀਧਰ ਨੇ ਦਿੱਲੀ ਹਾਈਕੋਰਟ ਵਿੱਚ ਡਿਊਟੀ ਕਰਦਿਆਂ ਵੀ ਵਕੀਲਾਂ ਨੂੰ ਇਨ੍ਹਾਂ ਸ਼ਬਦਾਂ ਦੀ ਵਰਤੋਂ ਨਾ ਕਰਨ ਲਈ ਕਿਹਾ ਸੀ।ਜਸਟਿਸ ਐਸ ਮੁਰਲੀਧਰ ਨੂੰ ਦਿੱਲੀ ਹਾਈ ਕੋਰਟ ਤੋਂ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਤਬਦੀਲ ਕਰਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਤਬਾਦਲੇ ਤੋਂ ਇੱਕ ਦਿਨ ਪਹਿਲਾਂ 26 ਫਰਵਰੀ ਨੂੰ ਜਸਟਿਸ ਮੁਰਲੀਧਰ ਨੇ ਦਿੱਲੀ ਹਿੰਸਾ ਮਾਮਲੇ ‘ਚ ਤਿੰਨ ਭਾਜਪਾ ਨੇਤਾਵਾਂ ਖ਼ਿਲਾਫ਼ ਐਫਆਈਆਰ ਦਰਜ ਕਰਨ ਵਿਚ ਦੇਰੀ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ।

ਅਜਿਹੀ ਸਥਿਤੀ ਵਿੱਚ ਜਦੋਂ ਅੱਧੀ ਰਾਤ ਨੂੰ ਟ੍ਰਾਂਸਫਰ ਦਾ ਹੁਕਮ ਆਇਆ ਤਾਂ ਕਾਂਗਰਸ ਸਣੇ ਹੋਰ ਵਿਰੋਧੀ ਪਾਰਟੀਆਂ ਨੇ ਸਰਕਾਰ ‘ਤੇ ਨਿਆਂਪਾਲਿਕਾ ਦੀ ਆਜ਼ਾਦੀ ਖ਼ਤਮ ਕਰਨ ਦਾ ਦੋਸ਼ ਲਾਇਆ ਸੀ।