ਹਰਚਰਨ ਸਿੰਘ ਪਰਹਾਰ (ਐਡੀਟਰਸਿੱਖ ਵਿਰਸਾ)

403-681-8689 or [email protected]

ਅਕਸਰ ਧਰਮ ਤੇ ਧਾਰਮਿਕ ਫਿਰਕੇ ਨੂੰ ਸਮਝੇ ਬਿਨਾਂ ਅਸੀਂ ਇਸਨੂੰ ਇਕੋ ਸਿੱਕੇ ਦੋ ਪਹਿਲੂ ਜਾਂ ਸਿਰਫ ਇੱਕ ਚੀਜ਼ ਹੀ ਸਮਝਦੇ ਹਾਂ। ਸ਼ਾਇਦ ਸਾਨੂੰ ਅਜਿਹਾ ਹੀ ਜਥੇਬੰਧਕ ਧਰਮਾਂ ਵਲੋਂ ਸਿਖਾਇਆ ਗਿਆ ਹੈ। ਸਾਨੂੰ ਬਚਪਨ ਤੋਂ ਪ੍ਰਚਲਤ ਜਥੇਬੰਧਕ ਧਾਰਮਿਕ ਫਿਰਕਿਆਂ ਦੇ ਪ੍ਰਚਾਰਕਾਂ ਜਾਂ ਆਗੂਆਂ ਵਲੋਂ ਅਜਿਹਾ ਕੁੱਝ ਦੱਸਿਆ ਜਾਂਦਾ ਹੈ ਕਿ ਸਾਡੀ ਅਜਿਹੀ ਧਾਰਨਾ ਬਣ ਜਾਂਦੀ ਹੈ ਕਿ ਧਰਮ ਤੇ ਧਾਰਮਿਕ ਫਿਰਕੇ ਇੱਕੋ ਹੀ ਗੱਲ ਹੈ, ਇਨ੍ਹਾਂ ਵਿੱਚ ਕੁੱਝ ਫਰਕ ਨਹੀਂ ਹੈ। ਇਸੇ ਲਈ ਅਸੀਂ ਅਜਿਹਾ ਪੜ੍ਹਦੇ, ਸੁਣਦੇ ਹਾਂ ਕਿ ਸਿੱਖ ਧਰਮ, ਹਿੰਦੂ ਧਰਮ, ਇਸਲਾਮ ਧਰਮ, ਇਸਾਈ ਧਰਮ, ਬੁੱਧ ਧਰਮ, ਜੈਨ ਧਰਮ, ਪਾਰਸੀ ਧਰਮ ਆਦਿ ਤੇ ਹੋਰ ਅਨੇਕਾਂ ਇਨ੍ਹਾਂ ਵੱਡੇ ਫਿਰਕਿਆਂ ਵਿਚੋਂ ਨਿਕਲੇ ਛੋਟੇ ਫਿਰਕੇ, ਸਾਰੇ ਵੱਖਰੇਵੱਖਰੇ ਧਰਮ ਹਨ? ਇੱਕ ਅੰਦਾਜੇ ਮੁਤਾਬਿਕ 15-20 ਵੱਡੇ ਧਾਰਮਿਕ ਫਿਰਕਿਆਂ ਦੇ ਅੱਗੇ ਛੋਟੇ ਫਿਰਕੇ ਮਿਲਾ ਕੇ ਦੁਨੀਆਂ ਵਿੱਚ ਇਸ ਵੇਲੇ 2500 ਤੋਂ ਵੱਧ ਧਾਰਮਿਕ ਫਿਰਕੇ ਹਨ, ਜਿਨ੍ਹਾਂ ਨੂੰ ਅਸੀਂ ਅਕਸਰ ਧਰਮ ਸਮਝਣ ਦੀ ਭੁੱਲ ਕਰਦੇ ਹਾਂ। ਮੈਂ ਹਮੇਸ਼ਾਂ ਇਹ ਸੋਚਦਾ ਹੁੰਦਾ ਸੀ ਕਿ ਤਕਰੀਬਨ ਸਾਰੇ ਧਰਮ ਇੱਕ ਰੱਬ ਦੀ ਗੱਲ ਕਰਦੇ ਹਨ, ਇਹ ਵੀ ਕਹਿੰਦੇ ਹਨ ਕਿ ਸਾਰੇ ਧਾਰਮਿਕ ਸੰਤ, ਗੁਰੂ, ਪੈਗੰਬਰ, ਰਹਿਬਰ ਆਦਿ ਜੋ ਬੋਲਦੇ ਹਨ, ਉਹ ਰੱਬੀ ਬਚਨ ਹੁੰਦੇ ਹਨ ਤੇ ਰੱਬ ਖੁਦ ਉਨ੍ਹਾਂ ਦੇ ਮੂੰਹੋਂ ਅਜਿਹੇ ਬਚਨ ਬੁਲਾਉਂਦਾ ਹੈ, ਜਿਨ੍ਹਾਂ ਦੇ ਬਚਨਾਂ ਦੇ ਧਰਮ ਗ੍ਰੰਥ ਬਣਦੇ ਹਨ। ਪਰ ਜਦੋਂ ਮੈਂ ਇਨ੍ਹਾਂ ਧਰਮ ਗ੍ਰੰਥਾਂ ਨੂੰ ਪੜ੍ਹਦਾ ਸੀ ਤਾਂ ਉਨ੍ਹਾਂ ਵਿੱਚ ਅਨੇਕਾਂ ਆਪਾ ਵਿਰੋਧੀ ਤੇ ਇੱਕ ਦੂਜੇ ਦੇ ਵਿਰੋਧੀ ਬਚਨ ਮਿਲਦੇ ਸਨ। ਫਿਰ ਹਰੇਕ ਧਾਰਮਿਕ ਫਿਰਕੇ ਦੀ ਆਪਣੀਆਪਣੀ ਮਰਿਯਾਦਾ, ਉਹ ਵੀ ਬਹੁਤ ਵਾਰ ਇੱਕ ਦੂਜੇ ਦੀ ਵਿਰੋਧੀ। ਜਿਸ ਤਰ੍ਹਾਂ ਇੱਕ ਛੋਟੀ ਜਿਹੀ ਉਦਾਹਰਨ ਲੈ ਕੇ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਮੈਂ ਦੇਖਦਾ ਸੀ ਕਿ ਜੇ ਸਿੱਖਾਂ ਦਾ ਬੱਚਾ ਸਰੀਰ ਦੇ ਕਿਸੇ ਹਿੱਸੇ ਦੇ ਵਾਲ ਕੱਟ ਦੇਵੇ ਜਾਂ ਸ਼ੇਵ ਕਰ ਦੇਵੇ ਤਾਂ ਉਹ ਸਿੱਖੀ ਤੋਂ ਪਤਿਤ ਹੋ ਜਾਂਦਾ ਹੈ, ਪਰ ਗੁਆਂਢ ਵਿੱਚ ਵਸਦਾ ਬੱਚਾ ਜਾਂ ਕਈ ਵਾਰ ਉਸੇ ਘਰ ਵਿੱਚ ਹਿੰਦੂ ਫਿਰਕੇ ਵਿੱਚ ਆਸਥਾ ਰੱਖਣ ਵਾਲਾ ਬੱਚਾ ਭੱਦਣ (ਸਿਰ ਦੇ ਵਾਲ ਪੂਰੀ ਤਰ੍ਹਾਂ ਸ਼ੇਵ ਕਰਨ) ਕੀਤੇ ਬਿਨਾਂ ਹਿੰਦੂ ਧਰਮ ਵਿੱਚ ਪ੍ਰਵੇਸ਼ ਨਹੀਂ ਕਰ ਪਾਉਂਦਾ ਜਾਂ ਉਸ ਤੋਂ ਅਗਲੇ ਘਰ ਮੁਸਲਮਾਨਾਂ ਦੇ ਘਰ ਪੈਦਾ ਹੋਏ ਬੱਚੇ ਦੇ ਗੁਪਤ ਅੰਗ ਦੇ ਇੱਕ ਹਿੱਸੇ ਦੇ ਮਾਸ ਨੂੰ ਕੱਟਣ ਤੋਂ ਬਿਨਾਂ ਉਹ ਮੁਸਲਮਾਨ ਨਹੀਂ ਬਣਦਾ? ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਫਿਰਕੇ ਵਿੱਚ ਪੈਦਾ ਹੋਇਆ ਵਿਅਕਤੀ ਇੱਕ ਕਰਮ ਕਰਕੇ ਧਰਮੀ ਬਣਦਾ ਹੈ ਤੇ ਦੂਜੇ ਫਿਰਕੇ ਦਾ ਵਿਅਕਤੀ ਉਹੀ ਕਰਮ ਕਰਕੇ ਅਧਰਮੀ ਜਾਂ ਧਰਮ ਵਿਰੋਧੀ ਕਿਵੇਂ ਹੋ ਜਾਂਦਾ ਹੈ? ਇਸ ਤਰ੍ਹਾਂ ਹੋਰ ਅਨੇਕਾਂ ਉਦਾਹਰਣਾਂ ਲਈਆਂ ਜਾ ਸਕਦੀਆਂ ਹਨ। ਮੈਂ ਸੋਚਦਾ ਹੁੰਦਾ ਸੀ ਕਿ ਇਹ ਕੀ ਮਾਜ਼ਰਾ ਹੈ ਕਿ ਰੱਬ ਇਕੋ ਹੈ ਤੇ ਉਸਨੂੰ ਸਰੀਰ ਦੇ ਸਾਬਤ ਸੂਰਤ ਰੱਖਣ ਜਾਂ ਕੱਟਣਵੱਢਣ ਦੇ ਨਾਲ ਕਿਸੇ ਦੇ ਧਰਮੀ ਹੋਣ ਜਾਂ ਨਾ ਹੋਣਾ ਇਕੋ ਸਮੇਂ ਕਿਵੇਂ ਪ੍ਰਵਾਨ ਹੁੰਦਾ ਹੈ? ਫਿਰ ਮੈਂ ਸੋਚਦਾ ਸੀ ਕਿ ਸ਼ਾਇਦ ਰੱਬ ਇੱਕ ਨਹੀਂ, ਕਈ ਹੋਣਗੇ, ਕਿਸੇ ਨੂੰ ਕੋਈ ਮਰਿਯਾਦਾ ਪ੍ਰਵਾਨ ਹੋਵੇ ਤੇ ਕਿਸੇ ਨੂੰ ਕੋਈ ਹੋਰ? ਪਰ ਫਿਰ ਮੈਂ ਦੇਖਦਾ ਸੀ ਕਿ ਧਾਰਮਿਕ ਫਿਰਕੇ ਰੱਬ ਦੇ ਵੱਖਰੇਵੱਖਰੇ ਨਾਮ ਰੱਖਣ ਦੇ ਬਾਵਜੂਦ ਵੀ ਇਹ ਮੰਨਣ ਲਈ ਤਿਆਰ ਨਹੀਂ ਹੁੰਦੇ ਕਿ ਵੱਖਵੱਖ ਫਿਰਕਿਆਂ ਦੇ ਰੱਬ ਵੱਖਰੇਵੱਖਰੇ ਹਨ? ਫਿਰ ਕਹਿੰਦੇ ਸਨ ਕਿ ਰੱਬ ਤੇ ਇੱਕ ਹੀ ਹੈ, ਪਰ ਵੱਖਵੱਖ ਧਾਰਮਿਕ ਫਿਰਕੇ ਰੱਬ ਦੇ ਘਰ ਜਾਣ ਦੇ ਵੱਖਵੱਖ ਰਸਤੇ ਹਨ, ਪਰ ਮੰਜ਼ਿਲ ਸਾਰਿਆਂ ਦੀ ਇੱਕੋ ਹੀ ਹੈ? ਅਜਿਹੀਆਂ ਗੱਲਾਂ ਮੈਨੂੰ ਬਚਪਨ ਤੋਂ ਬੜੀ ਦੁਬਿਧਾ ਵਿੱਚ ਪਾਉਂਦੀਆਂ ਰਹੀਆਂ ਹਨ ਕਿ ਜੇ ਮੰਜ਼ਿਲ ਇੱਕ ਹੈ, ਵੱਖਰੇਵੱਖਰੇ ਫਿਰਕੇ ਵੱਖਵੱਖ ਰਸਤੇ ਹਨ ਤਾਂ ਫਿਰ ਕਿਸੇ ਨੂੰ ਕੀ ਫਿਕਰ ਹੈ ਕਿ ਕੌਣ ਕਿਹੜੇ ਰਸਤੇ ਜਾਣਾ ਚਾਹੁੰਦਾ ਹੈ? ਜਦੋਂ ਕੋਈ ਵਿਅਕਤੀ ਇੱਕ ਫਿਰਕੇ ਤੋਂ ਆਸਥਾ ਹਟਾ ਦੂਜੇ ਵੱਲ ਝੁਕ ਜਾਂਦਾ ਹੈ ਤਾਂ ਬੜਾ ਵਾਵੇਲਾ ਮਚ ਜਾਂਦਾ ਹੈ ਕਿ ਫਲਾਨੇ ਨੇ ਧਰਮ ਪ੍ਰੀਵਰਤਨ ਕਰ ਲਿਆ ਜਾਂ ਧਰਮ ਪ੍ਰੀਵਰਤਨ ਕਰਾ ਦਿੱਤਾ? ਕਈ ਵਾਰ ਧਰਮ ਪ੍ਰੀਵਰਤਨ ਦੇ ਨਾਮ ਤੇ ਧਾਰਮਿਕ ਫਸਾਦ ਵੀ ਹੋ ਜਾਂਦੇ ਹਨ। ਮੈਨੂੰ ਅਜਿਹੀਆਂ ਬੇਹੂਦਾ ਗੱਲਾਂ ਦੀ ਸਮਝ ਨਹੀਂ ਆਉਂਦੀ ਸੀ ਕਿ ਚੱਕਰ ਕੀ ਹੈ? ਫਿਰ ਇੱਕ ਹੋਰ ਗੱਲ ਬੜੀ ਹੈਰਾਨ ਕਰਨ ਵਾਲੀ ਹੁੰਦੀ ਹੈ ਕਿ ਸਾਰੇ ਫਿਰਕੇ ਆਪਣੇ ਧਰਮ (ਧਾਰਮਿਕ ਫਿਰਕੇ) ਨੂੰ ਦੂਜੇ ਤੋਂ ਵਧੀਆ ਤੇ ਸੌਖਾ ਦੱਸੇ ਹਨ। ਜੇ ਇੱਕ ਨੂੰ ਆਪਣੇ ਨਵੇਂ ਫਿਰਕੇ ਦੇ ਮਾਡਰਨ ਹੋਣ ਦਾ ਫਖਰ ਹੈ ਤਾਂ ਦੂਜੇ ਨੂੰ ਆਪਣੇ ਪੁਰਾਣੇ ਹੋਣ ਦਾ ਮਾਣ ਹੈ ਕਿ ਸਾਡਾ ਧਰਮ ਬੜਾ ਪੁਰਾਣਾ ਹੈ। ਲੋਕ ਸਦੀਆਂ ਤੋਂ ਇਸਨੂੰ ਮੰਨਦੇ ਰਹੇ ਹਨ। ਫਿਰ ਇੱਕ ਗੱਲ ਹੋਰ ਕੇ ਜੇ ਸਾਰੇ ਧਰਮ ਵੀ ਬਰਾਬਰ ਹਨ, ਰੱਬ ਵੀ ਇੱਕ ਹੈ, ਸਾਰੇ ਧਰਮ ਅਸਥਾਨ ਰੱਬ ਦੇ ਘਰ ਹਨ ਤਾਂ ਕਦੇ ਸਮਝ ਨਹੀਂ ਆਈ ਕਿ ਸਿੱਖ ਆਪਣੇ ਗੁਆਂਢ ਵਿੱਚ ਰੱਬ ਦੇ ਘਰ (ਹਿੰਦੂਆਂ ਦੇ ਮੰਦਰ) ਵਿੱਚ ਸਾਰੀ ਉਮਰ ਨਹੀਂ ਵੜਦੇ, ਪਰ ਆਪਣੇ ਗੁਰਦੁਆਰੇ ਮੀਲਾਂ ਦਾ ਫਾਸਲਾ ਤਹਿ ਕਰਕੇ ਜਾਂਦੇ ਹਨ? ਇਸੇ ਤਰ੍ਹਾਂ ਹਿੰਦੂ ਰੱਬ ਦੇ ਘਰ ਮਸਜਿਦ ਕਦੇ ਰੱਬ ਦੀ ਨਵਾਜ ਨਹੀਂ ਪੜ੍ਹਨਗੇ, ਪਰ ਕਈ ਵਲ਼ ਪਾ ਕੇ ਦੂਰੀ ਤੇ ਬਣੇ ਆਪਣੇ ਮੰਦਰ ਵਿੱਚ ਮੂਰਤੀ ਪੂਜਾ ਕਰਨ ਜਾਣਗੇ, ਭਾਵੇਂ ਸਮਾਂ ਨਾ ਹੋਵੇ ਜਾਂ ਸਮਾਂ ਕਿਤਨਾ ਵੀ ਕਿਉਂ ਨਾ ਲੱਗੇ? ਇਸੇ ਤਰ੍ਹਾਂ ਇਸਾਈ ਕਦੇ ਬੁੱਧ ਦੇ ਮੰਦਰ ਨਹੀਂ ਜਾਣਗੇ ਭਾਵੇਂ ਗੁਆਂਢ ਵਿੱਚ ਹੋਵੇ, ਪਰ ਚਰਚ ਜਿਤਨੀ ਮਰਜੀ ਦੂਰ ਹੋਵੇ, ਉਥੇ ਹੀ ਜੀਸਸ ਅੱਗੇ ਪ੍ਰੇਅਰ ਕਰਨਗੇ? ਅਜਿਹੀਆਂ ਗੱਲਾਂ ਮੈਨੂੰ ਅਕਸਰ ਦੁਬਿਧਾ ਵਿੱਚ ਪਾਉਂਦੀਆਂ ਰਹੀਆਂ ਹਨ। ਮੈਂ ਅਜਿਹੇ ਸਵਾਲਾਂ ਦੇ ਜਵਾਬ ਲੱਭਣ ਦੇ ਹਮੇਸ਼ਾਂ ਯਤਨ ਕਰਦਾ ਰਿਹਾ ਹਾਂ।

ਅੱਜ ਦੀ ਚਰਚਾ ਅਸੀਂ ਇਸੇ ਗੱਲ ਨੂੰ ਸਮਝਣ ਲਈ ਕਰ ਰਹੇ ਹਾਂ ਕਿ ਸਾਨੂੰ ਅਜਿਹੇ ਸਵਾਲਾਂ ਦਾ ਕੋਈ ਜਵਾਬ ਮਿਲ ਸਕੇ? ਸਾਨੂੰ ਧਰਮ ਤੇ ਧਾਰਮਿਕ ਫਿਰਕੇ ਦਾ ਫਰਕ ਪਤਾ ਲੱਗ ਸਕੇ? ਜਦੋਂ ਤੱਕ ਸਾਨੂੰ ਇਹ ਫਰਕ ਸਮਝ ਨਹੀਂ ਆਉਂਦਾ ਤੇ ਸਾਨੂੰ ਇਹੀ ਲਗਦਾ ਹੈ ਕਿ ਧਾਰਮਿਕ ਫਿਰਕਾ ਹੀ ਧਰਮ ਹੁੰਦਾ ਹੈ ਤਾਂ ਕੋਈ ਵੀ ਹੱਲ ਹੋਣ ਵਾਲਾ ਨਹੀਂ ਹੈ? ਜੋ ਗੱਲ ਮੈਂ ਆਪਣੇ ਧਾਰਮਿਕ ਅਨੁਭਵ ਤੇ ਧਾਰਮਿਕ ਫਿਰਕਿਆਂ ਦੇ ਗ੍ਰੰਥਾਂ ਨੂੰ ਪੜ੍ਹ ਕੇ ਸਮਝੀ ਹੈ, ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ, ਸ਼ਾਇਦ ਤੁਹਾਡੇ ਵੀ ਕੰਮ ਜਾਵੇ ਤੇ ਤੁਹਾਨੂੰ ਵੀ ਇਹ ਗੱਲ ਸਮਝਣ ਵਿੱਚ ਆਸਾਨੀ ਹੋ ਸਕੇ, ਜੇ ਤੁਹਾਡਾ ਵੀ ਕੋਈ ਅਜਿਹਾ ਹੀ ਸਵਾਲ ਹੋਵੇ? ਇੱਕ ਗੱਲ ਹੋਰ ਵੀ ਕਹਿਣਾ ਚਾਹੁੰਦਾ ਹਾਂ ਕਿ ਜਿਹੜੀ ਗਲਤੀ ਧਾਰਮਿਕ ਫਿਰਕਿਆਂ ਦੇ ਸ਼ਰਧਾਲੂ ਧਰਮ ਨੂੰ ਸਮਝਣ ਦੀ ਕਰਦੇ ਹਨ, ਉਸੇ ਤਰ੍ਹਾਂ ਦੀ ਹੋਰ ਢੰਗ ਨਾਲ ਗਲਤੀ ਧਾਰਮਿਕ ਫਿਰਕਿਆਂ ਨੂੰ ਨਾ ਮੰਨਣ ਵਾਲੇ ਜਾਂ ਨਾਸਤਿਕ ਲੋਕ ਵੀ ਕਰਦੇ ਹਨ। ਉਹ ਵੀ ਧਾਰਮਿਕ ਫਿਰਕਿਆਂ ਨੂੰ ਹੀ ਧਰਮ ਸਮਝਦੇ ਹਨ। ਉਹ ਧਾਰਮਿਕ ਫਿਰਕਿਆਂ ਦੀਆਂ ਸਮਾਂ ਵਿਹਾਅ ਚੁੱਕੀਆਂ ਮਰਿਯਾਦਾਵਾਂ, ਅੰਧ ਵਿਸ਼ਵਾਸ਼ੀ ਰੀਤਾਂਰਸਮਾਂ, ਪੂਜਾਪਾਠਾਂ ਜਾਂ ਕਿਸੇ ਹੋਰ ਕਿਸਮ ਦੇ ਧਾਰਮਿਕ ਪਾਖੰਡਾਂ ਆਦਿ ਨੂੰ ਹੀ ਧਰਮ ਸਮਝਦੇ ਹਨ ਤੇ ਉਸਦੀ ਆਲੋਚਨਾ ਕਰਦੇ ਹਨ ਤੇ ਸਮਝਦੇ ਹਨ ਕਿ ਧਰਮ ਨੂੰ ਛੱਡਣਾ ਹੀ ਜਿਵੇਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋਵੇ। ਉਨ੍ਹਾਂ ਨੂੰ ਲਗਦਾ ਹੈ ਕਿ ਸਾਨੂੰ ਇਨ੍ਹਾਂ ਤੋਂ ਬਾਗੀ ਹੋ ਕੇ ਨਾਸਤਿਕ ਬਣਨਾ ਚਾਹੀਦਾ ਹੈ ਤਾਂ ਹੀ ਸਮਾਜ ਦਾ ਭਲਾ ਹੈ। ਉਨ੍ਹਾਂ ਦੀ ਸੋਚ ਹੈ ਕਿ ਪਦਾਰਥਕ ਤਰੱਕੀ ਤੇ ਪਦਾਰਥਾਂ ਦੀ ਸਮਾਜ ਵਿੱਚ ਬਰਾਬਰ ਵੰਡ ਤੇ ਧਾਰਮਿਕ ਅੰਧ ਵਿਸ਼ਵਾਸ਼ਾਂ ਤੋਂ ਮੁਕਤੀ ਹੀ ਮਨੁੱਖ ਦਾ ਆਖਰੀ ਨਿਸ਼ਾਨਾ ਹੋਣਾ ਚਾਹੀਦੀ ਹੈ ਤੇ ਜੇ ਸਮਾਜ ਇਸ ਤੋਂ ਮੁਕਤ ਹੋ ਜਾਵੇ ਤਾਂ ਸਭ ਸਮੱਸਿਆਵਾਂ ਹੱਲ ਹੋ ਜਾਣਗੀਆਂ ਅਤੇ ਧਰਤੀ ਤੇ ਸਵਰਗ ਉਤਰ ਆਵੇਗਾ, ਫਿਰ ਸਾਨੂੰ ਧਾਰਮਿਕ ਪੁਜਾਰੀਆਂ ਦੇ ਕਲਪਿਤ ਸਵਰਗ ਦੀ ਝਾਕ ਰੱਖਣ ਦੀ ਲੋੜ ਨਹੀਂ? ਪਹਿਲੀ ਗੱਲ ਕੀ ਅਜਿਹਾ ਸੰਭਵ ਹੈ ਜਾਂ ਜੇ ਹੋ ਜਾਵੇ ਤਾਂ ਕੀ ਮਨੁੱਖ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਜਾਂ ਕੀ ਸਾਰੀਆਂ ਸਮੱਸਿਆਵਾਂ ਸਿਰਫ ਆਰਥਿਕ ਨਾ ਬਰਾਬਰੀ ਦੀਆਂ ਹੀ ਹਨ? ਜੇ ਆਪਾਂ ਆਰਥਿਕ ਤੌਰ ਤੇ ਸੰਪਨ ਪੱਛਮੀ ਦੇਸ਼ਾਂ ਵੱਲ ਦੇਖੀਏ ਤਾਂ ਕੀ ਮਨੁੱਖ ਦੀ ਆਰਥਿਕ ਤਰੱਕੀ ਨਾਲ, ਬਾਹਰੀ (ਦੁਨਿਆਵੀ) ਸੁੱਖਸਹੂਲਤਾਂ ਨਾਲ ਮਨੁੱਖ ਸੁੱਖੀ ਹੋ ਗਿਆ ਹੈ? ਅੱਜ ਵਿਕਸਤ ਪੱਛਮੀ ਦੇਸ਼ਾਂ ਵਿੱਚ ਮਾਨਸਿਕ ਰੋਗੀਆਂ, ਸਰੀਰਕ ਰੋਗੀਆਂ, ਪਾਗਲਾਂ, ਆਤਮਘਾਤੀਆਂ ਦੀ ਗਿਣਤੀ ਔਸਤਨ (ਆਬਾਦੀ ਮੁਤਾਬਿਕ) ਘੱਟ ਵਿਕਸਤ ਜਾਂ ਨਾ ਵਿਕਸਤ ਦੇਸ਼ਾਂ ਨਾਲੋਂ ਜ਼ਿਆਦਾ ਹੈ। ਇਸ ਲਈ ਮੇਰੀ ਸਮਝ ਮੁਤਾਬਿਕ ਧਰਮ ਤੇ ਧਾਰਮਿਕ ਫਿਰਕਿਆਂ ਦੇ ਫਰਕ ਨੂੰ ਸਮਝ ਕੇ ਮਨੁੱਖ ਦੀਆਂ ਜੇ ਸਾਰੀਆਂ ਨਹੀਂ ਤੇ ਬਹੁਤੀਆਂ ਸਮੱਸਿਆਵਾਂ ਦਾ ਹੱਲ, ਅਸਲੀ ਧਰਮ ਨੂੰ ਅਪਨਾਉਣਾ ਹੈ ਤੇ ਧਾਰਮਿਕ ਫਿਰਕਿਆਂ ਵਿਚੋਂ ਮਨੁੱਖ ਨੂੰ ਕੱਢ ਕੇ ਅਸਲੀ ਧਰਮ ਨਾਲ ਜੋੜਨ ਨਾਲ ਹੀ ਕੋਈ ਹੱਲ ਨਿਕਲ ਸਕਦਾ ਹੈ।

ਆਓ! ਸਮਝੀਏ ਧਾਰਮਿਕ ਫਿਰਕਾ ਕੀ ਹੈ? ਧਾਰਮਿਕ ਫਿਰਕਿਆਂ ਨੂੰ ਸਮਝਣ ਤੋਂ ਪਹਿਲਾਂ ਇਹ ਸਮਝਣਾ ਜਰੂਰੀ ਹੈ ਕਿ ਧਰਮ ਕੀ ਹੈ? ਧਰਮ ਮਨੁੱਖੀ ਸਰੀਰ ਅੰਦਰ ਵਿਚਰਦੀ ਚੇਤੰਨਤਾ (ਆਤਮਾ) ਦੀ ਖੋਜ ਹੈ, ਜਿਨ੍ਹਾਂ ਗੁਰੂਆਂ, ਸੰਤਾਂ, ਭਗਤਾਂ, ਪੈਗੰਬਰਾਂ ਨੇ ਇਹ ਖੋਜ ਕੀਤੀ, ਉਨ੍ਹਾਂ ਨੇ ਆਪਣੇ ਨਿੱਜੀ ਅਨੁਭਵ ਆਪਣੇ ਬੋਲਾਂ ਰਾਹੀਂ ਜਾਂ ਲਿਖ ਕੇ ਸਾਂਝੇ ਕੀਤੇ, ਜਿਨ੍ਹਾਂ ਦੇ ਬਾਅਦ ਵਿੱਚ ਗ੍ਰੰਥ ਬਣੇ। ਉਨ੍ਹਾਂ ਨੇ ਆਪਣੇ ਨਿੱਜੀ ਅਨੁਭਵ ਸਿਰਫ ਇਸ਼ਾਰੇ ਮਾਤਰ ਸਾਂਝੇ ਕੀਤੇ ਤਾਂ ਕਿ ਦੂਜੇ ਲੋਕ ਵੀ ਉਨ੍ਹਾਂ ਇਸ਼ਾਰਿਆਂ ਨੂੰ ਸਮਝ ਕੇ ਆਪਣਾ ਅਨੁਭਵ ਕਰ ਸਕਣ। ਆਪਣੇ ਸਮਿਆਂ ਵਿੱਚ ਅਜਿਹੇ ਕ੍ਰਾਂਤੀਕਾਰੀ ਮਹਾਂਪੁਰਸ਼ ਲੋਕਾਂ ਨੂੰ ਆਪ ਵੀ ਨਿੱਜੀ ਦੇਖਰੇਖ ਹੇਠ ਅਨੁਭਵ ਕਰਾਉਂਦੇ ਹਨ, ਜਿਸ ਨਾਲ ਹੌਲੀਹੌਲੀ ਗੁਰੂ ਜਾਂ ਪੈਗੰਬਰ ਕੋਲ ਲੋਕ ਇਕੱਠੇ ਹੋ ਜਾਂਦੇ ਰਹੇ ਤੇ ਇੱਕ ਸੰਗਠਨ ਬਣਨਾ ਸ਼ੁਰੂ ਹੁੰਦਾ ਰਿਹਾ, ਅਜਿਹੇ ਮਹਾਂਪੁਰਸ਼ਾਂ ਦੇ ਸੰਸਾਰ ਤੋਂ ਵਿਦਾ ਹੋਣ ਬਾਅਦ, ਉਹ ਲੋਕ ਮੋਹਰੀ ਬਣ ਜਾਂਦੇ ਰਹੇ, ਜਿਨ੍ਹਾਂ ਕੋਲ ਧਰਮ ਦਾ ਆਪਣਾ ਨਿੱਜੀ ਅਨੁਭਵ ਨਹੀਂ ਹੁੰਦਾ ਤੇ ਉਹ ਇਨ੍ਹਾਂ ਗ੍ਰੰਥਾਂ ਦੇ ਬਚਨਾਂ ਦੀ ਪੂਜਾ ਪਾਠ ਕਰਾਉਂਦੇ, ਅੱਗੇ ਤੋਂ ਅੱਗੇ ਕਈ ਕੁੱਝ ਸ਼ੁਰੂ ਹੁੰਦਾ ਰਿਹਾ। ਅਜਿਹਾ ਹਰ ਧਾਰਮਿਕ ਫਿਰਕੇ ਵਿੱਚ ਵਾਪਰਿਆ ਹੈ। ਬਾਅਦ ਅਜਿਹਾ ਬਣਾ ਦਿੱਤਾ ਜਾਂਦਾ ਰਿਹਾ ਹੈ ਕਿ ਇਹ ਮਹਾਂਪੁਰਸ਼ ਦੁਨੀਆਂ ਨੂੰ ਸੁਧਾਰਨ ਲਈ ਆਏ ਸਨ ਤੇ ਉਨ੍ਹਾਂ ਦੇ ਬਚਨਾਂ ਦੀ ਪਾਲਣਾ ਕਰਨੀ, ਉਨ੍ਹਾਂ ਦਾ ਪੂਜਾਪਾਠ ਕਰਨਾ ਹੀ ਧਰਮ ਹੈ, ਸਮਾਂ ਪਾ ਕੇ ਇਨ੍ਹਾਂ ਫਿਰਕਿਆਂ ਤੇ ਰਾਜਨੀਤਕ ਲੋਕ ਕਾਬਿਜ਼ ਹੋ ਜਾਂਦੇ ਰਹੇ ਤੇ ਆਪਣੇ ਫਿਰਕੇ ਨੂੰ ਵਧਾਉਣ ਲਈ ਦੂਜਿਆਂ ਤੇ ਹਮਲੇ ਜਾਂ ਜ਼ਬਰੀ ਧਰਮ ਬਦਲੀ ਵਰਗੇ ਘਿਨਾਉਣੇ ਅਪਰਾਧ ਕਰਦੇ ਰਹੇ। ਇਸ ਤਰ੍ਹਾਂ ਹੌਲੀਹੌਲੀ ਨਵਾਂ ਧਾਰਮਿਕ ਫਿਰਕਾ ਬਣਦਾ ਰਿਹਾ। ਫਿਰ ਕੋਈ ਨਵਾਂ ਮਨੁੱਖ ਆਪਣੇ ਅਨੁਭਵ ਨਾਲ ਜਦੋਂ ਆਤਮਾ ਦੇ ਸੱਚ ਨੂੰ ਜਾਣਦਾ ਤੇ ਉਹ ਫਿਰ ਨਵੇਂ ਢੰਗ ਨਾਲ ਗੱਲ ਕਰਦਾ ਤੇ ਪੁਰਾਣੇ ਫਿਰਕਿਆਂ ਨੂੰ ਰੱਦ ਕਰਕੇ, ਆਪਣਾ ਅਨੁਭਵ ਕਰਨ ਦਾ ਹੋਕਾ ਦਿੰਦਾ, ਪਰ ਉਸਦੇ ਜਾਣ ਤੋਂ ਬਾਅਦ ਫਿਰ ਉਹੀ ਕਹਾਣੀ ਦੁਹਰਾਈ ਜਾਂਦੀ। ਇਹੀ ਦਸਤੂਰ ਪਿਛਲੇ ਤਕਰੀਬਨ 8-10 ਹਜਾਰ ਸਾਲ ਤੋਂ ਚੱਲ ਰਿਹਾ ਹੈ। ਹੁਣ ਜਥੇਬੰਧਕ ਧਰਮ ਇਤਨੇ ਸੰਗਠਤ ਹੋ ਚੁੱਕੇ ਹਨ ਤੇ ਉਨ੍ਹਾਂ ਨੇ ਆਪਣਾ ਪ੍ਰਚਾਰ ਸਿਸਟਮ, ਮਰਿਯਾਦਾ, ਪੂਜਾ ਪਾਠ ਅਜਿਹਾ ਬਣਾ ਲਿਆ ਹੈ ਕਿ ਉਹ ਬਚਪਨ ਤੋਂ ਬੱਚੇ ਅੰਦਰ ਅਜਿਹਾ ਪ੍ਰਚਾਰ ਭਰ ਦਿੰਦੇ ਹਨ ਕਿ ਉਸਨੂੰ ਸਾਰੀ ਉਮਰ ਇਹੀ ਲਗਦਾ ਰਹਿੰਦਾ ਹੈ ਕਿ ਜੋ ਕੁੱਝ ਪੂਜਾਪਾਠ, ਮਰਿਯਾਦਾ, ਚਿੰਨ੍ਹ, ਕਰਮਕਾਂਡ ਦੱਸੇ ਗਏ ਹਨ, ਉਹੀ ਧਰਮ ਹੈ। ਜਦਕਿ ਇਨ੍ਹਾਂ ਦਾ ਧਰਮ ਨਾਲ ਕੋਈ ਵੀ ਸਬੰਧ ਨਹੀਂ। ਧਰਮ ਸਿਰਫ ਤੇ ਸਿਰਫ ਤੁਹਾਡੀ ਆਪਣੀ ਅੰਤਰ ਯਾਤਰਾ ਹੈ, ਤੁਹਾਡਾ ਆਪਣਾ ਅਧਿਆਤਮਕ ਸਫਰ ਹੈ, ਜਿਸਨੂੰ ਤੁਸੀਂ ਆਪ ਹੀ ਅਨੁਭਵ ਕਰ ਸਕਦੇ ਹੋ। ਤੁਹਾਨੂੰ ਆਪਣਾ ਅਭਿਆਸ ਕਰਨ ਵਿੱਚ ਕੋਈ ਮੱਦਦ ਤੇ ਕਰ ਸਕਦਾ ਹੈ, ਅਭਿਆਸ ਕਰਨ ਲਈ ਤਰੀਕਾ ਤੇ ਦੱਸ ਸਕਦਾ ਹੈ। ਪਰ ਤੁਸੀਂ ਕਿਸੇ ਦੇ ਅਨੁਭਵ ਤੋਂ ਉਸ ਤਰ੍ਹਾਂ ਲਾਭ ਨਹੀਂ ਉਠਾ ਸਕਦੇ, ਜਿਸ ਤਰ੍ਹਾਂ ਕਿਸੇ ਸਾਇੰਸਦਾਨ ਦੀਆਂ ਖੋਜਾਂ ਦੇ ਲਾਭ ਕੋਈ ਵੀ ਉਠਾ ਸਕਦਾ ਹੈ। ਧਰਮ ਵਿੱਚ ਸਾਇੰਸ ਵਾਂਗ ਅਜਿਹਾ ਸੰਭਵ ਨਹੀਂ। ਧਰਮ ਤੁਹਾਡੇ ਨਿੱਜੀ ਅਭਿਆਸ ਅਧਾਰਿਤ, ਤੁਹਾਡਾ ਆਪਣਾ ਨਿੱਜੀ ਅਨੁਭਵ ਹੁੰਦਾ ਹੈ, ਇਸਦੀ ਕਿਸੇ ਹੋਰ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਹਰ ਇੱਕ ਯਾਤਰਾ ਆਪਣੀ ਹੁੰਦੀ ਹੈ, ਅਭਿਆਸ ਆਪਣਾ ਹੁੰਦਾ ਹੈ, ਇਸ ਲਈ ਨਤੀਜੇ ਵੀ ਵੱਖਰੇ ਹੋਣਗੇ। ਪਰ ਜਿਨ੍ਹਾਂ ਨੇ ਅੰਤਮ ਸੱਚ ਨੂੰ ਜਾਣਿਆ ਹੈ, ਉਨ੍ਹਾਂ ਸਭ ਦਾ ਇਕੋ ਤਰ੍ਹਾਂ ਦਾ ਅਨੁਭਵ ਹੈ। ਇਹ ਅਨੁਭਵ ਗੂੰਗੇ ਦੇ ਮਠਿਆਈ ਖਾਣ ਵਾਂਗ ਹਨ, ਜਿਸ ਤਰ੍ਹਾਂ ਗੂੰਗਾ ਮਠਿਆਈ ਖਾ ਕੇ ਉਸਦਾ ਸੁਆਦ ਨਹੀਂ ਦੱਸ ਸਕਦਾ, ਇਸੇ ਤਰ੍ਹਾਂ ਧਰਮ ਦੇ ਅਨੁਭਵ ਸਿਰਫ ਉਸ ਅਵਸਥਾ ਨੂੰ ਮਾਣ ਕੇ ਹੀ ਜਾਣੇ ਜਾ ਸਕਦੇ ਹਨ, ਕੋਈ ਤੁਹਾਨੂੰ ਦੱਸ ਨਹੀਂ ਸਕਦਾ, ਸਿਰਫ ਉਧਰ ਤੁਰਨ ਲਈ ਕਿਸੇ ਹੱਦ ਤੱਕ ਗਾਈਡ ਹੀ ਕਰ ਸਕਦਾ ਹੈ।

ਇਸ ਸਾਰੀ ਚਰਚਾ ਦਾ ਮਕਸਦ ਸਿਰਫ ਇਹੀ ਗੱਲ ਸਮਝਣਾ ਸੀ ਕਿ ਵੱਖਵੱਖ ਧਾਰਮਿਕ ਫਿਰਕੇ, ਧਰਮ ਦੇ ਨਾਮ ਤੇ ਬਣੇ ਸੰਗਠਨ ਤੇ ਜਰੂਰ ਹਨ, ਜਿਨ੍ਹਾਂ ਰਾਹੀਂ ਸਮਾਜ ਜਾਂ ਮਨੁੱਖ ਦਾ, ਸਮਾਜਿਕ ਜਾਂ ਰਾਜਨੀਤਕ ਤੌਰ ਤੇ ਕੋਈ ਭਲਾ ਵੀ ਹੋ ਰਿਹਾ ਹੋਵੇ? ਹੋ ਸਕਦਾ ਮਨੁੱਖ ਦੀਆਂ ਸਮਾਜਿਕ, ਰਾਜਨੀਤਕ, ਆਰਥਿਕ ਲੋੜਾਂ ਲਈ ਜਾਂ ਸਮੱਸਿਆਵਾਂ ਲਈ ਅਜਿਹੇ ਸੰਗਠਨਾਂ ਦੀ ਲੋੜ ਹੋਵੇ? ਜੇ ਧਰਮ ਦੇ ਵਿਸ਼ੇ ਨੂੰ ਛੱਡ ਕੇ ਅਜਿਹੇ ਸੰਗਠਨਾਂ ਦੀ ਕਿਸੇ ਹੋਰ ਕੰਮ ਲਈ ਲੋੜ ਹੋਵੇ ਤਾਂ ਜਥੇਬੰਦੀ, ਸੰਸਥਾ, ਸੰਗਠਨ ਬਣਾਉਣ ਵਿੱਚ ਕੋਈ ਹਰਜ ਨਹੀਂ। ਪਰ ਇਹ ਧਰਮ ਕਦਾਚਿਤ ਵੀ ਨਹੀਂ ਹਨ, ਨਾ ਹੀ ਇਨ੍ਹਾਂ ਦਾ ਧਰਮ ਨਾਲ ਕੋਈ ਸਬੰਧ ਹੈ। ਇਨ੍ਹਾਂ ਨੂੰ ਧਰਮ ਸਮਝਣਾ, ਸਾਡੀ ਵੱਡੀ ਭੁੱਲ ਹੈ। ਸਾਨੂੰ ਅਜਿਹੇ ਸੰਗਠਨਾਂ ਨਾਲੋਂ ਧਰਮ ਸ਼ਬਦ ਹਟਾਉਣ ਲਈ ਯਤਨ ਕਰਨੇ ਚਾਹੀਦੇ ਹਨ। ਬੇਸ਼ਕ ਇਨ੍ਹਾਂ ਸੰਗਠਨਾਂ ਦੀ ਦੁਕਾਨਦਾਰੀ ਧਰਮ ਦੇ ਨਾਮ ਤੇ ਹੀ ਚਲਦੀ ਹੈ। ਪਰ ਜੇ ਇਹ ਮਨੁੱਖ ਦੀਆਂ ਧਾਰਮਿਕ ਜਾਂ ਅਧਿਆਤਮਕ ਲੋੜਾਂ ਪੂਰੀਆਂ ਨਹੀਂ ਕਰਦੇ ਤਾਂ ਇਨ੍ਹਾਂ ਤੋਂ ਪਾਸੇ ਹਟ ਜਾਣਾ ਹੀ ਸਾਡੇ ਸਭ ਦੇ ਹਿੱਤ ਵਿੱਚ ਹੈ। ਇਸ ਪੱਖੋਂ ਨਾਸਤਿਕਾਂ ਜਾਂ ਤਰਕਸ਼ੀਲਾਂ ਨਾਲ ਸਹਿਮਤ ਹੋਇਆ ਜਾ ਸਕਦਾ ਹੈ ਕਿ ਜੇ ਇਹ ਸਾਨੂੰ ਸਿਰਫ ਅੰਧ ਵਿਸ਼ਵਾਸ਼ਾਂ ਜਾਂ ਕਰਮਕਾਂਡਾਂ ਵਿੱਚ ਪਾ ਕੇ ਲੁੱਟਣ ਦੀਆਂ ਦੁਕਾਨਾਂ ਹੀ ਹਨ ਤੇ ਜਰੂਰ ਹੀ ਇਹ ਬੰਦ ਹੋਣੀਆਂ ਚਾਹੀਦੀਆਂ ਹਨ, ਇਨ੍ਹਾਂ ਨਾਲੋਂ ਸਾਨੂੰ ਨਾਤਾ ਤੋੜ ਲੈਣਾ ਚਾਹੀਦਾ ਹੈ। ਜੇ ਇਹ ਸਾਨੂੰ ਸੱਚੇ ਧਰਮ ਦੀ ਖੋਜ ਦੇ ਰਾਹੇ ਨਹੀਂ ਪਾ ਸਕਦੇ, ਸਾਨੂੰ ਕੋਈ ਅਭਿਆਸ ਜਾਂ ਅਨੁਭਵ ਨਹੀਂ ਕਰਾ ਸਕਦੇ ਤਾਂ ਫਿਰ ਅਸੀਂ ਕਿਉਂ ਆਪਣਾ ਕੀਮਤੀ ਸਮਾਂ ਇਨ੍ਹਾਂ ਵਿੱਚ ਖਰਾਬ ਕਰੀਏ। ਹਾਂ ਇਸ ਗੱਲ ਵਿੱਚ ਕੁੱਝ ਸਚਾਈ ਜਰੂਰ ਹੈ ਕਿ ਇਨ੍ਹਾਂ ਧਾਰਮਿਕ ਫਿਰਕਿਆਂ ਕੋਲ ਸਾਂਭੇ ਹੋਏ, ਸੱਚੇ ਗੁਰੂਆਂ ਦੇ ਅਸਲੀ ਧਰਮ ਬਾਰੇ ਇਸ਼ਾਰੇ ਮਾਤਰ ਬਚਨ, ਸਾਡੇ ਕੰਮ ਜਰੂਰ ਸਕਦੇ ਹਨ, ਉਹ ਵੀ ਕਿਸੇ ਹੱਦ ਤੱਕ। ਪਰ ਇਨ੍ਹਾਂ ਨੂੰ ਸਿਰਫ ਪੜ੍ਹਨ, ਸਮਝਣ, ਅਰਥ ਕਰਨ ਜਾਂ ਇਨ੍ਹਾਂ ਦਾ ਪਾਠ ਕਰਨ ਦਾ ਧਰਮ ਨਾਲ ਕੋਈ ਸਬੰਧ ਨਹੀਂ, ਧਰਮ ਦੇ ਨਾਮ ਤੇ ਪ੍ਰਚਲਤ ਕਰਮਕਾਂਡਾਂ ਜਾਂ ਪੂਜਾ ਪਾਠ ਦਾ ਵੀ ਧਰਮ ਨਾਲ ਕੋਈ ਸਬੰਧ ਨਹੀਂ, ਧਰਮ ਸਿਰਫ ਤੇ ਸਿਰਫ ਤੁਹਾਡਾ ਆਪਣਾ ਅੰਤਰ ਆਤਮੇ ਦਾ ਨਿੱਜੀ ਅਨੁਭਵ ਹੁੰਦਾ ਹੈ। ਧਰਮ ਤੁਹਾਡੀ ਆਪਣੀ ਆਪੇ ਦੀ ਖੋਜ ਦਾ ਨਾਮ ਹੈ। ਤੁਹਾਡੀ ਆਪਣੀ ਅੰਤਰ ਯਾਤਰਾ ਦੇ ਅਨੁਭਵਾਂ ਦਾ ਨਾਮ ਹੀ ਧਰਮ ਹੈ। ਧਰਮ ਦੇ ਮਾਰਗ ਤੇ ਤੁਸੀਂ ਕਿਸੇ ਦੀਆਂ ਪਾਈਆਂ ਪੈੜਾਂ ਤੇ ਨਹੀਂ ਚੱਲ ਸਕਦੇ, ਤੁਹਾਨੂੰ ਪੰਛੀਆਂ ਵਾਂਗ ਆਪਣੀ ਉਡਾਨ ਆਪ ਭਰਨੀ ਪੈਂਦੀ ਹੈ। ਆਕਾਸ਼ ਵਿੱਚ ਉਡਦੇ ਪੰਛੀਆਂ ਦੇ ਜਿਸ ਤਰ੍ਹਾਂ ਪਿਛੇ ਕੋਈ ਨਿਸ਼ਾਨ ਜਾਂ ਪਦ ਚਿੰਨ੍ਹ ਨਹੀਂ ਬਚਦੇ, ਇਸੇ ਤਰ੍ਹਾਂ ਅਸਲੀ ਧਰਮੀਆਂ ਦੇ ਆਪਣੀ ਅੰਤਰ ਯਾਤਰਾ ਦੇ ਮਾਰਗ ਤੇ ਕੋਈ ਪਦ ਚਿੰਨ੍ਹ ਨਹੀਂ ਬਚਦੇ, ਜਿਨ੍ਹਾਂ ਨੂੰ ਦੇਖ ਕੇ ਅਸੀਂ ਮਗਰ ਚੱਲ ਸਕੀਏ। ਉਨ੍ਹਾਂ ਦੇ ਬਚਨ ਸਿਰਫ ਇਸ਼ਾਰੇ ਮਾਤਰ ਸਾਡੇ ਲਈ ਮਾਰਗ ਦਰਸ਼ਨ ਹਨ, ਪਰ ਇਹ ਕੋਈ ਸਿਧਾਂਤ ਨਹੀਂ ਤੇ ਨਾ ਹੀ ਦੋ ਜਮਾਂ ਦੋ ਦੇ ਹਿਸਾਬ ਵਾਂਗ ਚਾਰ ਹੁੰਦੇ ਹਨ। ਜਿਸ ਤਰ੍ਹਾਂ ਕਿ ਇਨ੍ਹਾਂ ਨਕਲੀ ਧਾਰਮਿਕ ਫਿਰਕਿਆਂ ਵਲੋਂ ਸਿਖਾਇਆ ਜਾਂਦਾ ਹੈ ਕਿ ਅਸੀਂ ਆਪਣੇ ਗੁਰੂਆਂ, ਪੀਰਾਂ, ਪੈਗੰਬਰਾਂ ਦੇ ਪਦ ਚਿੰਨ੍ਹਾਂ ਤੇ ਚੱਲੀਏ। ਅਜਿਹੇ ਇਨਕਲਾਬੀ ਰਹਿਬਰਾਂ ਦੇ ਕੋਈ ਪਦ ਚਿੰਨ੍ਹ ਨਹੀਂ ਹੁੰਦੇ, ਉਹ ਆਕਾਸ਼ ਤੇ ਉਡਦੇ ਪੰਛੀਆਂ ਜਾਂ ਜਹਾਜਾਂ ਵਾਂਗ ਹੁੰਦੇ ਹਨ, ਨਾ ਕਿ ਧਰਤੀ ਤੇ ਚਲਦੀਆਂ ਗੱਡੀਆਂ ਵਾਂਗ, ਜਿਨ੍ਹਾਂ ਦੇ ਨਿਸ਼ਾਨ ਅਸੀਂ ਸਾਂਭ ਸਕੀਏ। ਸਭ ਧਰਮ ਗੁਰੂਆਂ ਦਾ ਹਮੇਸ਼ਾਂ ਤੋਂ ਇਹੀ ਸੰਦੇਸ਼ ਰਿਹਾ ਹੈ ਕਿ ਜਿਸਨੇ ਵੀ ਧਰਮ ਦੇ ਮਾਰਗ ਤੇ ਤੁਰਨਾ ਹੈ, ਉਸਨੂੰ ਆਪਣਾ ਅਨੁਭਵ ਆਪ ਕਰਨਾ ਪਵੇਗਾ। ਕਿਸੇ ਦਾ ਅਨੁਭਵ ਨਾ ਕਦੇ ਕਿਸੇ ਦੇ ਕੰਮ ਆਇਆ ਹੈ ਤੇ ਨਾ ਹੀ ਕਦੇ ਸਕੇਗਾ। ਇਹ ਕੁਦਰਤ ਦਾ ਇੱਕ ਪੱਕਾ ਸਿਧਾਂਤ ਹੈ। ਕੋਈ ਧਰਮ ਗ੍ਰੰਥ ਸਾਡੇ ਕਿਸੇ ਕੰਮ ਨਹੀਂ ਸਕਦੇ, ਜਦੋਂ ਤੱਕ ਅਸੀਂ ਉਨ੍ਹਾਂ ਵਿਚਲੇ ਇਸ਼ਾਰਿਆਂ ਨੂੰ ਸਮਝ ਕੇ ਆਪ ਨਹੀਂ ਤੁਰ ਪੈਂਦੇ।

ਮੇਰਾ ਮੰਨਣਾ ਹੈ ਕਿ ਜਦੋਂ ਤੱਕ ਪੁਜਾਰੀਆਂ ਅਧਾਰਿਤ ਧਾਰਮਿਕ ਫਿਰਕਿਆਂ ਦੀ ਹੋਂਦ ਕਾਇਮ ਹੈ, ਸੱਚੇ ਧਰਮ ਦਾ ਸੂਰਜ ਕਦੇ ਨਹੀਂ ਚੜ੍ਹ ਸਕਦਾ।ਬੇਸ਼ਕ ਇਨ੍ਹਾਂ ਦੀ ਹੋਂਦ ਮਿਟਾਉਣਾ ਵੀ ਅਸੰਭਵ ਹੈ ਕਿਉਂਕਿ ਇਹ ਡਰ ਤੇ ਲਾਲਚ ਦੇ ਅਧਾਰ ਤੇ ਚੱਲਦੇ ਹਨ।ਜਦੋਂ ਤੱਕ ਮਨੁੱਖ ਅੰਦਰ ਡਰ ਤੇ ਲਾਲਚ ਹੈ, ਇਹ ਚੱਲਦੇ ਰਹਿਣਗੇ।ਪਰ ਜਿਸ ਤਰ੍ਹਾਂ ਲੋਕ ਗਿਆਨਵਾਨ ਹੋ ਕੇ, ਡਰ ਤੇ ਲਾਲਚ ਤੋਂ ਮੁਕਤ ਹੁੰਦੇ ਜਾਣਗੇ, ਇਨ੍ਹਾਂ ਦੇ ਭਰਮੀ ਜ਼ਾਲ਼ ਵਿੱਚੋਂ ਨਿਕਲਦੇ ਜਾਣਗੇ।ਜਦੋਂ ਤੱਕ ਅਸੀਂ ਧਰਮ ਨੂੰ ਜਮਾਤੀ ਦੀ ਥਾਂ ਜਾਤੀ ਨਹੀਂ ਬਣਾਉਂਦੇ, ਇਹ ਫਿਰਕੇ ਲੋਕਾਂ ਦਾ ਧਰਮ ਤੇ ਰੱਬ ਦੇ ਨਾਮ ਤੇ ਸੋਸ਼ਣ ਕਰਦੇ ਰਹਿਣਗੇ।ਬੜੇ ਬੜੇ ਇਨਲਾਬੀ ਪੈਗੰਬਰ ਵੀ ਪੁਜਾਰੀਆਂ ਦਾ ਕੁਝ ਵਿਗਾੜ ਨਹੀਂ ਸਕੇ।ਸਿਰਫ ਕੁਝ ਲੋਕ ਹੀ ਉਨ੍ਹਾਂ ਦੀ ਸੰਗਤ ਜਾਂ ਸਿੱਖਿਆ ਨਾਲ ਧਾਰਮਿਕ ਫਿਰਕਿਆਂ ਤੋਂ ਮੁਕਤ ਹੋ ਸਕੇ।ਆਓ! ਹੋਰਨਾਂ ਨੂੰ ਬਾਅਦ ਵਿੱਚ ਪਹਿਲਾਂ ਆਪ ਇਨ੍ਹਾਂ ਤੋਂ ਆਜ਼ਾਦ ਹੋਈਏ? ਦੁਨਿਆਵੀ ਤੇ ਵਿਗਿਆਨਕ ਗਿਆਨ ਨਾਲ ਵਹਿਮਾਂ-ਭਰਮਾਂ, ਪਾਖੰਡਾਂ, ਕਰਮਕਾਂਡਾਂ, ਫੋਕਟ ਮਰਿਯਾਦਾਵਾਂ ਤੋਂ ਮੁਕਤ ਹੋ ਕੇ ਮਨ ਦੀ ਸਾਧਨਾ ਦੇ ਰਸਤੇ ਵੀ ਚੱਲੀਏ ਤਾਂ ਕਿ ਸੱਚੇ ਧਰਮ ਦੇ ਦਰਸ਼ਨ ਹੋ ਸਕਣ ਤੇ ਅਸੀਂ ਮਨੁੱਖਤਾ ਦੀ ਸੇਵਾ ਕਰ ਸਕੀਏ।