ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਬਾਹਰ ਪ੍ਰਦਰਸ਼ਨ ਕੀਤਾ ਗਿਆ। ਸਿੱਖ ਲੜਕੀ ਤੇ ਮੁਸਲਿਮ ਲੜਕੇ ਦੇ ਵਿਆਹ ਸਬੰਧੀ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਇਹ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਲੜਕੀ ਲਾਹੌਰ ਦੇ ਸੁਰੱਖਿਅਤ ਘਰ ਵਿੱਚ ਹੈ ਤੇ ਪੁਲਿਸ ਨੇ ਜ਼ਬਰੀ ਧਰਮ ਪਰਿਵਰਤਨ ਦੇ ਦੋਸ਼ ਵਿੱਚ ਲੜਕੇ ਤੇ ਉਸ ਦੇ ਪਰਿਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਲਹੌਰ:ਵੱਡੀ ਗਿਣਤੀ ‘ਚ ਨਾਰਾਜ਼ ਮੁਸਲਮਾਨਾਂ ਨੇ ਸ਼ੁੱਕਰਵਾਰ ਨੂੰ ਗੁਰਦੁਆਰਾ ਨਨਕਾਣਾ ਸਾਹਿਬ ‘ਤੇ ਪਥਰਾਅ ਕੀਤਾ। ਭੀੜ ਦੀ ਅਗਵਾਈ ਮੁਹੰਮਦ ਹਸਨ ਦੇ ਪਰਿਵਾਰ ਦੁਆਰਾ ਕੀਤੀ ਜਾ ਰਹੀ ਹੈ, ਜਿਸਨੇ ਕਥਿਤ ਤੌਰ ‘ਤੇ ਸਿੱਖ ਲੜਕੀ ਜਗਜੀਤ ਕੌਰ ਨੂੰ ਅਗਵਾ ਕਰ ਉਸਦਾ ਧਰਮ ਪ੍ਰੀਵਰਤਨ ਕੀਤਾ ਸੀ।ਲੜਕੀ ਗੁਰੂਦੁਆਰੇ ਦੇ ਪਾਠੀ ਦੀ ਧੀ ਹੈ।

ਸ਼ੁੱਕਰਵਾਰ ਸ਼ਾਮ 7 ਵਜੇ, ਪਾਕਿਸਤਾਨ ਤੋਂ ਸੂਤਰਾਂ ਮੁਤਾਬਿਕ ਕਿਹਾ ਗਿਆ ਕਿ ਭੀੜ ਨੇ ਗੁਰਦੁਆਰੇ ਦਾ ਘਿਰਾਓ ਕੀਤਾ ਅਤੇ ਇਸ ਨੂੰ ਨਸ਼ਟ ਕਰਨ ਦੀ ਧਮਕੀ ਦੇ ਰਹੇ ਸਨ।

ਲੜਕੀ ਆਪਣੇ ਪਿਤਾ ਦੇ ਘਰ ਨਹੀਂ ਪਰਤ ਰਹੀ। ਪੁਲਿਸ ‘ਤੇ ਇਲਜਾਮ ਲਾਇਆ ਜਾ ਰਿਹਾ ਹੈ ਕਿ ਉਹ ਸਿੱਖ ਲੜਕੀ ਨੂੰ ਤਲਾਕ ਦੇਣ ਲਈ ਲੜਕੇ ‘ਤੇ ਤਸ਼ੱਦਦ ਕਰ ਰਹੀ ਸੀ।

ਵਿਰੋਧ ਪ੍ਰਦਰਸ਼ਨ ਵਾਲੀ ਜਗ੍ਹਾ ‘ਤੇ ਰਿਕਾਰਡ ਕੀਤੇ ਇੱਕ ਵੀਡੀਓ ਵਿੱਚ ਪ੍ਰਦਰਸ਼ਨਕਾਰੀ ਇਹ ਕਹਿੰਦੇ ਹੋਏ ਦਿਖਾਈ ਦਿੱਤੇ ਕਿ ਉਹ ਉਥੇ ਗੁਰਦੁਆਰੇ ਦੀ ਮੌਜੂਦਗੀ ਦੇ ਵਿਰੁੱਧ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਇਸ ਸਥਾਨ ਦਾ ਨਾਮ ਨਨਕਾਣਾ ਸਾਹਿਬ ਤੋਂ ਬਦਲ ਕੇ ਗੁਲਾਮਨ-ਏ-ਮੁਸਤਫਾ ਕਰ ਦੇਣਗੇ।

ਪ੍ਰਦਰਸ਼ਨਕਾਰੀਆਂ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਗਿਆ ਕਿ, “ਕੋਈ ਵੀ ਸਿੱਖ ਨਨਕਾਣਾ ਵਿੱਚ ਨਹੀਂ ਰਹੇਗਾ।”

ਸੂਤਰਾਂ ਅਨੁਸਾਰ ਸਥਾਨਕ ਪੁਲਿਸ ਅਤੇ ਪਾਕਿਸਤਾਨੀ ਰੇਂਜਰਾਂ ਨੇ ਸਥਿਤੀ ਨੂੰ ਠੱਲ ਪਾਉਣ ਲਈ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲੇ ਵੀ ਕਈ ਸਿੱਖ ਸ਼ਰਧਾਲੂ ਗੁਰਦੁਆਰੇ ਦੇ ਅੰਦਰ ਫਸੇ ਹੋਏ ਹਨ।

ਸਿੱਖ ਲੜਕੀ ਦੇ ਧਰਮ ਪਰਿਵਰਤਨ ਦਾ ਮਾਮਲਾ
ਗੁਰਦੁਆਰੇ ਵਿਚ ਨਾਰਾਜ਼ ਭੀੜ ਦੀ ਅਗਵਾਈ ਮੁਹੰਮਦ ਹਸਨ ਦੇ ਭਰਾ ਕਰ ਰਹੇ ਹਨ, ਜਿਹਨਾਂ ਨੇ ਦਾਅਵਾ ਕੀਤਾ ਹੈ ਕਿ ਹਸਨ ਨੂੰ ਕਾਨੂੰਨੀ ਅਤੇ ਲੜਕੀ ਦੀ ਸਹਿਮਤੀ ਨਾਲ ਵਿਆਹ ਕਰਾਉਣ ਦੇ ਬਾਵਜੂਦ ਅਧਿਕਾਰੀਆਂ ਦੁਆਰਾ ਬੇਰਹਿਮੀ ਨਾਲ ਕੁੱਟਿਆ ਗਿਆ ਸੀ। ਪਰਿਵਾਰ ਦਾ ਦਾਅਵਾ ਹੈ ਕਿ ਸਿੱਖ ਲੜਕੀ, ਜਿਸ ਨੂੰ ਹੁਣ ਆਇਸ਼ਾ ਕਿਹਾ ਜਾਂਦਾ ਹੈ, ਨੇ ਦਬਾਅ ਦੇ ਬਾਵਜੂਦ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ। “ਮੰਤਰੀਆਂ ਅਤੇ ਅਧਿਕਾਰੀਆਂ ਦੇ ਕਹਿਣ ‘ਤੇ ਕੁੱਟਮਾਰ ਦੇ ਬਾਵਜੂਦ ਅਸੀਂ ਸਿਰਫ ਅਦਾਲਤ ਦੇ ਆਦੇਸ਼ਾਂ ਅਤੇ ਆਇਸ਼ਾ ਦੀ ਇੱਛਾ ਦੀ ਪਾਲਣਾ ਕਰਾਂਗੇ। ਉਹ ਕਹਿੰਦੀ ਹੈ ਕਿ ਉਹ ਦੁਬਾਰਾ ਧਰਮ ਪਰਿਵਰਤਨ ਨਹੀਂ ਕਰਨਾ ਚਾਹੁੰਦੀ,” ਹਸਨ ਦੇ ਭਰਾ ਨੇ ਆਪਣੇ ਭਰਾ ਵਲੋਂ ਵਿਰੋਧ ਪ੍ਰਦਰਸ਼ਨ ‘ਚ ਕਿਹਾ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਨੂੰ ਇਸ ਮਾਮਲੇ ‘ਚ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਗੁਰਦੁਆਰਾ ਨਨਕਾਣਾ ਸਾਹਿਬ ਵਿੱਚ ਫਸੇ ਸ਼ਰਧਾਲੂਆਂ ਨੂੰ ਸੁਰਖਿਅਤ ਬਾਹਰ ਕੱਢਿਆ ਜਾ ਸਕੇ ਅਤੇ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਨਾਰਾਜ਼ ਭੀੜ ਤੋਂ ਬਚਾਇਆ ਜਾ ਸਕੇ।