ਅਸ਼ੋਕ ਕੌੜਾ

ਫਗਵਾੜਾ, 26 ਮਈ

ਇਥੇ ਗੁਰਾਇਆ ਨੇੜੇ ਟਰੱਕ ਕਲੀਨਰ ਨੇ ਕਥਿਤ ਤੌਰ ‘ਤੇ ਆਪਣੇ ਡਰਾਈਵਰ ਦਾ ਕਤਲ ਕਰ ਦਿੱਤਾ। ਉਸ ਨੇ ਲਾਸ਼ ਨੂੰ ਅੱਗ ਲਗਾ ਦਿੱਤੀ ਅਤੇ ਅੱਧੀ ਸੜੀ ਲਾਸ਼ ਗੋਰਾਇਆ ਨੇੜਲੇ ਪਿੰਡ ਵਿਖੇ ਕੂੜੇ ਵਿੱਚ ਸੁੱਟ ਦਿੱਤੀ। ਘਟਨਾ ਸਥਾਨ ਦਾ ਦੌਰਾ ਕਰਨ ਆਏ ਐੱਸਪੀ (ਡੀ) ਮਨਪ੍ਰੀਤ ਢਿੱਲੋਂ ਨੇ ਦੱਸਿਆ ਕਿ ਕਲੀਨਰ ਵੱਲੋਂ ਟਰੱਕ ਡਰਾਈਵਰ ਦਾ ਕਤਲ ਕਰਕੇ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਟਰੱਕ ਡਰਾਈਵਰ ਸਤਨਾਮ ਸਿੰਘ ਵਾਸੀ ਤਰਨਤਾਰਨ ਗੈਸ ਸਿਲੰਡਰ ਕੰਪਨੀ ਵਿੱਚ ਕੰਮ ਕਰਦਾ ਸੀ। ਮ੍ਰਿਤਕ ਦੇ ਭਰਾ ਬਲਵਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਦੋ ਦਿਨ ਪਹਿਲਾਂ ਸਤਨਾਮ ਜਲੰਧਰ ਵਿੱਚ ਆਕਸੀਜਨ ਗੈਸ ਸਿਲੰਡਰ ਦੀ ਡਿਲੀਵਰੀ ਕਰਵਾਉਣ ਦਾ ਕਹਿ ਕੇ ਘਰੋਂ ਚਲਾ ਗਿਆ ਸੀ। ਮ੍ਰਿਤਕ ਦੇ ਨਾਲ ਗਿਆ ਕਲੀਨਰ ਪੰਕਜ ਲਾਪਤਾ ਹੋ ਗਿਆ ਹੈ। ਜਲੰਧਰ ‘ਚ ਗੈਸ ਸਿਲੰਡਰ ਪਹੁੰਚਾਉਣ ਤੋਂ ਬਾਅਦ ਇਕੱਠੇ ਹੋਏ ਡੇਢ ਲੱਖ ਰੁਪਏ ਵੀ ਗਾਇਬ ਹਨ। ਪੁਲੀਸ ਨੇ ਟਰੱਕ ਨੂੰ ਲੁਧਿਆਣਾ ‘ਚ ਲੱਭ ਲਿਆ, ਜਦਕਿ ਪੰਕਜ ਫ਼ਰਾਰ ਹੈ। ਗੁਰਾਇਆ ਦੇ ਐੱਸਐੱਚਓ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਪੰਕਜ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ ਅਤੇ ਪੋਸਟਮਾਰਟਮ ਮਗਰੋਂ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।

News Source link