ਕੀਵ, 23 ਮਈ

ਰੂਸੀ ਸੈਨਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਯੂਕਰੇਨ ਵੱਲੋਂ ਸਰਹੱਦ ਪਾਰੋਂ ਹੋਏ ਇਕ ਹੱਲੇ ਨੂੰ ਨਾਕਾਮ ਕਰਦਿਆਂ 70 ਤੋਂ ਵੱਧ ਜਣਿਆਂ ਨੂੰ ਹਲਾਕ ਕਰ ਦਿੱਤਾ ਹੈ। ਮਾਸਕੋ ਨਾਲ ਸਬੰਧਤ ਇਕ ਅਧਿਕਾਰੀ ਨੇ ਦੱਸਿਆ ਕਿ ਲੜਾਈ ਲਗਭਗ 24 ਘੰਟੇ ਤੱਕ ਚੱਲੀ ਹੈ। ਹਾਲਾਂਕਿ ਆਜ਼ਾਦਾਨਾ ਤੌਰ ‘ਤੇ ਰੂਸ ਦੇ ਦਾਅਵੇ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਮਲਾਵਰ ਕੌਣ ਸਨ ਤੇ ਉਨ੍ਹਾਂ ਦਾ ਇਰਾਦਾ ਕੀ ਸੀ। ਦੱਸਣਯੋਗ ਹੈ ਕਿ 15 ਮਹੀਨਿਆਂ ਤੋਂ ਚੱਲ ਰਹੀ ਜੰਗ ਦੌਰਾਨ ਕਈ ਵਾਰ ਅਫ਼ਵਾਹਾਂ ਫੈਲਾਈਆਂ ਗਈਆਂ ਹਨ। ਮਾਸਕੋ ਨੇ ਕਥਿਤ ਸਰਹੱਦ ਪਾਰੋਂ ਹੋਏ ਹਮਲੇ ਲਈ ਯੂਕਰੇਨੀ ਫ਼ੌਜ ਨਾਲ ਜੁੜੇ ਤੱਤਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜਦਕਿ ਕੀਵ ਦਾ ਕਹਿਣਾ ਹੈ ਕਿ ਇਹ ਘਟਨਾ ਮਾਸਕੋ ਖ਼ਿਲਾਫ਼ ਰੂਸੀ ਧਿਰਾਂ ਦੀ ਹੀ ਬਗਾਵਤ ਦਾ ਨਤੀਜਾ ਹੈ। ਯੂਕਰੇਨ ਨੇ ਕਿਹਾ ਕਿ ਇਸ ਹਮਲੇ ਨੂੰ ਰੂਸੀ ਵਾਲੰਟੀਅਰ ਕੋਰ ਨੇ ਹੀ ਅੰਜਾਮ ਦਿੱਤਾ ਹੈ ਜਿਸ ਵਿਚ ਰੂਸੀ ਨਾਗਰਿਕ ਸ਼ਾਮਲ ਹਨ। ਬਗਾਵਤ ਕਰਨ ਵਾਲੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀਆਂ ਨੀਤੀਆਂ ਤੋਂ ਬਾਗੀ ਹੋਏ ਹਨ। ਇਹ ਜੰਗ ਖਾਰਕੀਵ ਤੋਂ 80 ਕਿਲੋਮੀਟਰ ਦੂਰ ਬੈਲਗੋਰੋਡ ਖੇਤਰ ਵਿਚ ਹੋਈ ਹੈ। ਰੂਸ ਦੇ ਰੱਖਿਆ ਬੁਲਾਰੇ ਨੇ ਦਾਅਵਾ ਕੀਤਾ ਕਿ ਹਥਿਆਰਬੰਦ ਹਮਲਾਵਰਾਂ ਨੂੰ ਸਥਾਨਕ ਫ਼ੌਜੀ ਯੂਨਿਟ ਨੇ ਭੇਜਿਆ ਸੀ ਤੇ ਉਨ੍ਹਾਂ ਨੂੰ ਜ਼ੋਰਦਾਰ ਜਵਾਬੀ ਹਮਲੇ ਰਾਹੀਂ ਪਿੱਛੇ ਧੱਕ ਕੇ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹਥਿਆਰਾਂ ਨਾਲ ਲੈਸ ਚਾਰ ਵਾਹਨਾਂ ਤੇ ਪੰਜ ਪਿਕਅਪ ਟਰੱਕਾਂ ਨੂੰ ਤਬਾਹ ਕਰ ਦਿੱਤਾ ਗਿਆ। ਘਟਨਾ ਵਿਚ 12 ਨਾਗਰਿਕਾਂ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਹੈ। -ਏਪੀ

News Source link