ਇੰਫਾਲ, 23 ਮਈ

ਮਨੀਪੁਰ ‘ਚ ਇੱਕ ਦਿਨ ਪਹਿਲਾਂ ਫਿਰ ਹਿੰਸਾ ਭੜਕਣ ਮਗਰੋਂ ਅੱਜ ਸਥਿਤੀ ਤਣਾਅ ਭਰੀ ਰਹੀ ਪਰ ਹਾਲਾਤ ਅਜੇ ਵੀ ਕਾਬੂ ਹੇਠ ਹਨ। ਸੂਬੇ ‘ਚ ਤਿੰਨ ਮਈ ਤੋਂ ਬਾਅਦ ਜਾਤ ਆਧਾਰਿਤ ਹਿੰਸਾ ਚ ਘੱਟ ਤੋਂ ਘੱਟ 70 ਜਣਿਆਂ ਦੀ ਮੌਤ ਹੋਈ ਹੈ। ਇੰਫਾਲ ਪੂਰਬ ਜ਼ਿਲ੍ਹੇ ਦੇ ਨਿਊ ਚੈਕੋਨ ਇਲਾਕੇ ‘ਚ ਕਾਰੋਬਾਰੀ ਸੰਸਥਾਵਾਂ ਅੱਜ ਸਵੇਰੇ ਬੰਦ ਰਹੀਆਂ ਤੇ ਸੁਰੱਖਿਆ ਕਰਮੀਆਂ ਨੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ। ਇਸ ਜ਼ਿਲ੍ਹੇ ਇੱਕ ਸਾਬਕਾ ਵਿਧਾਇਕ ਸਮੇਤ ਚਾਰ ਹਥਿਆਰਬੰਦ ਲੋਕਾਂ ਨੇ ਬੀਤੇ ਦਿਨ ਲੋਕਾਂ ਨੂੰ ਦੁਕਾਨਾਂ ਬੰਦ ਕਰਨ ਲਈ ਮਜਬੂਰ ਕੀਤਾ ਜਿਸ ਮਗਰੋਂ ਇੱਕ ਵਾਰ ਫਿਰ ਹਿੰਸਾ ਭੜਕ ਪਈ ਸੀ। ਪੁਲੀਸ ਨੇ ਦੱਸਿਆ ਇੰਫਾਲ ਪੂਰਬ ਜ਼ਿਲ੍ਹੇ ‘ਚ ਪੁਖਾਓ ਤੇ ਲੇਈਤਾਨਪੋਕਪੀ ਸਮੇਤ ਕੁਝ ਥਾਵਾਂ ‘ਤੇ ਸਥਾਨਕ ਲੋਕਾਂ ਨੇ ਆਰਜ਼ੀ ਬੰਕਰ ਬਣਾ ਰੱਖੇ ਸਨ। ਇੰਫਾਲ ਪੱਛਮ ਦੇ ਸਿਨਮ ਖੈਤੌਂਗ ਪਿੰਡ ‘ਚ ਸੁਰੱਖਿਆ ਬਲਾਂ ਨੇ ਅਜਿਹੇ ਪੰਜ ਬੰਕਰ ਤੋੜ ਦਿੱਤੇ। ਇੱਥੋਂ ਦੇ ਜ਼ਿਲ੍ਹਿਆਂ ‘ਚ ਲੋਕਾਂ ਵੱਲੋਂ ਪ੍ਰਦਰਸ਼ਨ ਕੀਤੇ ਗਏ। -ਪੀਟੀਆਈ

ਸਿਆਸਤ ਨੂੰ ਪ੍ਰਭਾਵਿਤ ਕਰਦਾ ਹੈ ਫਿਰਕਾਪ੍ਰਸਤੀ ਦਾ ਵਾਇਰਸ: ਸਿੱਬਲ

ਨਵੀਂ ਦਿੱਲੀ: ਮਨੀਪੁਰ ‘ਚ ਬੀਤੇ ਦਿਨ ਹੋਈ ਹਿੰਸਾ ਮਗਰੋਂ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਅੱਜ ਟਵੀਟ ਕਰਦਿਆਂ ਕਿਹਾ, ‘ਮਨੀਪੁਰ ਫਿਰ ਸੜ ਰਿਹਾ ਹੈ। ਪਹਿਲਾਂ ਦੀਆਂ ਝੜਪਾਂ ‘ਚ 70 ਲੋਕ ਮਾਰੇ ਗਏ ਅਤੇ 200 ਜ਼ਖ਼ਮੀ ਹੋਏ ਸਨ। ਕਰੋਨਾ ਵਾਇਰਸ ਸਿਰਫ਼ ਮਨੁੱਖ ਦੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ ਪਰ ਫਿਰਕਾਪ੍ਰਸਤੀ ਦਾ ਵਾਇਰਸ ਸਿਆਸਤ ਨੂੰ ਪ੍ਰਭਾਵਿਤ ਕਰਦਾ ਹੈ।’ ਉਨ੍ਹਾਂ ਕਿਹਾ, ‘ਜੇਕਰ ਫਿਰਕਾਪ੍ਰਸਤੀ ਦਾ ਵਾਇਰਸ ਫੈਲਦਾ ਹੈ ਤਾਂ ਇਸ ਦੇ ਨਤੀਜਿਆਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਦੇ ਸਿਆਸੀ ਲਾਭ ਆਰਜ਼ੀ ਹੁੰਦੇ ਹਨ ਪਰ ਦਾਗ ਹਮੇਸ਼ ਬਣੇ ਰਹਿੰਦੇ ਹਨ।’ -ਪੀਟੀਆਈ

News Source link