ਹੀਰੋਸ਼ੀਮਾ, 21 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਪਾਨ ਦੇ ਹੀਰੋਸ਼ੀਮਾ ਸ਼ਹਿਰ ਵਿਚ ਹੋ ਰਹੇ ਜੀ-7 ਸਿਖ਼ਰ ਸੰਮੇਲਨ ਦੇ ਇਕ ਸੈਸ਼ਨ ਵਿਚ ਕਿਹਾ ਕਿ ਉਹ ਯੂਕਰੇਨ ਵਿਚ ਵਰਤਮਾਨ ਹਾਲਾਤ ਨੂੰ ਰਾਜਨੀਤੀ ਜਾਂ ਅਰਥਚਾਰੇ ਦਾ ਨਹੀਂ, ਬਲਕਿ ਮਨੁੱਖਤਾ ਜਾਂ ਮਨੁੱਖੀ ਕਦਰਾਂ-ਕੀਮਤਾਂ ਦਾ ਮੁੱਦਾ ਮੰਨਦੇ ਹਨ। ਉਨ੍ਹਾਂ ਸਾਰੇ ਦੇਸ਼ਾਂ ਨੂੰ ਕੌਮਾਂਤਰੀ ਕਾਨੂੰਨਾਂ, ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੇ ਸਤਿਕਾਰ ਦਾ ਸੱਦਾ ਦਿੱਤਾ। ਮੋਦੀ ਨੇ ਜੀ-7 ਬੈਠਕ ਦੇ ਇਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਥਿਤੀਆਂ ਨੂੰ ਬਦਲਣ ਦੇ ਇਕਪਾਸੜ ਯਤਨਾਂ ਖ਼ਿਲਾਫ਼ ਸਾਰਿਆਂ ਨੂੰ ਮਿਲ ਕੇ ਆਵਾਜ਼ ਉਠਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ਾਂ ਨੂੰ ਸੰਯੁਕਤ ਰਾਸ਼ਟਰ ਚਾਰਟਰ, ਕੌਮਾਂਤਰੀ ਕਾਨੂੰਨਾਂ ਤੇ ਇਕ-ਦੂਜੇ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਵਾਦ ਤੇ ਕੂਟਨੀਤੀ ਹੀ ਇਸ ਸੰਘਰਸ਼ ਦੇ ਹੱਲ ਦਾ ਇਕੋ-ਇਕ ਰਾਹ ਹੈ। ਪ੍ਰਧਾਨ ਮੰਤਰੀ ਦੀਆਂ ਇਹ ਟਿੱਪਣੀਆਂ ਯੂਕਰੇਨ ‘ਤੇ ਰੂਸ ਦੇ ਹਮਲੇ ਅਤੇ ਪੂਰਬੀ ਲੱਦਾਖ ਵਿਚ ਚੀਨ ਦੇ ਨਾਲ ਚੱਲ ਰਹੇ ਸਰਹੱਦੀ ਵਿਵਾਦ ਦੇ ਸੰਦਰਭ ਵਿਚ ਆਈਆਂ ਹਨ। ਮੋਦੀ ਨੇ ਆਪਣੇ ਸੰਬੋਧਨ ਵਿਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨਾਲ ਸ਼ਨਿਚਰਵਾਰ ਨੂੰ ਹੋਈ ਵਾਰਤਾ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਟਕਰਾਅ ਦੇ ਹੱਲ ਲਈ ਜੋ ਵੀ ਸੰਭਵ ਹੋਵੇਗਾ, ਭਾਰਤ ਕਰੇਗਾ। ਪ੍ਰਧਾਨ ਮੰਤਰੀ ਦੀ ਇਹ ਟਿੱਪਣੀ ਜ਼ੈਲੇਂਸਕੀ ਦੇ ਜੀ-7 ਸਮੂਹ ਦੀ ਬੈਠਕ ਨੂੰ ਸੰਬੋਧਨ ਕਰਨ ਤੋਂ ਬਾਅਦ ਆਈ ਹੈ। ਇਸ ਵਿਚ ਯੂਕਰੇਨ ਦੇ ਰਾਸ਼ਟਰਪਤੀ ਨੇ ਰੂਸੀ ਹਮਲੇ ਖ਼ਿਲਾਫ਼ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿਚ ਦੁਨੀਆ ਦੇ ਦੇਸ਼ਾਂ ਤੋਂ ਸਮਰਥਨ ਮੰਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਭਗਵਾਨ ਬੁੱਧ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਤੇ ਜਪਾਨ ਵਿਚ ਹਜ਼ਾਰਾਂ ਸਾਲਾਂ ਤੋਂ ਬੁੱਧ ਨੂੰ ਮੰਨਿਆ ਜਾਂਦਾ ਹੈ ਤੇ ਆਧੁਨਿਕ ਯੁੱਗ ਵਿਚ ਅਜਿਹੀ ਕੋਈ ਸਮੱਸਿਆ ਨਹੀਂ ਹੈ, ਜਿਸ ਦਾ ਹੱਲ ਅਸੀਂ ਬੁੱਧ ਦੀਆਂ ਸਿੱਖਿਆਵਾਂ ਵਿਚ ਨਾ ਖੋਜ ਸਕੀਏ। ਉਨ੍ਹਾਂ ਕਿਹਾ ਕਿ ਭਾਰਤ ਦਾ ਹਮੇਸ਼ਾ ਇਹੀ ਪੱਖ ਰਿਹਾ ਹੈ ਕਿ ਕਿਸੇ ਵੀ ਤਣਾਅ, ਵਿਵਾਦ ਦਾ ਹੱਲ ਸ਼ਾਂਤੀਪੂਰਨ ਤਰੀਕੇ ਨਾਲ, ਗੱਲਬਾਤ ਜ਼ਰੀਏ ਕੱਢਿਆ ਜਾਣਾ ਚਾਹੀਦਾ ਹੈ ਤੇ ਜੇਕਰ ਕਾਨੂੰਨ ਨਾਲ ਕੋਈ ਹੱਲ ਨਿਕਲਦਾ ਹੈ, ਤਾਂ ਉਸ ਨੂੰ ਮੰਨਿਆ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਭਾਵਨਾ ਨਾਲ ਭਾਰਤ ਨੇ ਬੰਗਲਾਦੇਸ਼ ਨਾਲ ਆਪਣੇ ਸਰਹੱਦੀ ਵਿਵਾਦ ਦਾ ਹੱਲ ਕੀਤਾ ਸੀ। -ਪੀਟੀਆਈ

ਮੋਦੀ ਤੇ ਸੂਨਕ ਦਰਮਿਆਨ ਮੁਕਤ ਵਪਾਰ ਸਮਝੌਤੇ ਬਾਰੇ ਵਿਚਾਰ-ਚਰਚਾ
ਲੰਡਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਰਿਸ਼ੀ ਸੂਨਕ ਨੇ ਅੱਜ ਮੁਕਤ ਵਪਾਰ ਸਮਝੌਤੇ (ਐਫਟੀਏ) ਬਾਰੇ ਗੱਲਬਾਤ ਕਰ ਕੇ ਇਸ ਦੀ ਸਮੀਖਿਆ ਕੀਤੀ। ਡਾਊਨਿੰਗ ਸਟ੍ਰੀਟ ਤੋਂ ਜਾਰੀ ਬਿਆਨ ਮੁਤਾਬਕ ਦੋਵੇਂ ਆਗੂ ਇਸ ਗੱਲ ਉਤੇ ਸਹਿਮਤ ਹੋਏ ਕਿ ਵਪਾਰ ਸਮਝੌਤੇ ਲਈ ਸੰਵਾਦ ਕਰ ਰਹੀਆਂ ਟੀਮਾਂ ਇਸੇ ਰਫ਼ਤਾਰ ਨਾਲ ਸੌਦੇ ਨੂੰ ਸਿਰੇ ਚੜ੍ਹਾਉਣ ਲਈ ਅੱਗੇ ਵਧਣਗੀਆਂ। ਮੋਦੀ ਤੇ ਸੂਨਕ ਅੱਜ ਜੀ-7 ਸੰਮੇਲਨ ਦੌਰਾਨ ਵੱਖਰੇ ਤੌਰ ਉਤੇ ਮਿਲੇ। ਰਿਸ਼ੀ ਸੂਨਕ ਵੱਲੋਂ ਇਸੇ ਸਾਲ ਭਾਰਤ ਵਿਚ ਹੋਣ ਵਾਲੇ ਜੀ20 ਸੰਮੇਲਨ ਵਿਚ ਹਿੱਸਾ ਲੈਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਐਫਟੀਏ ਲਈ ਬਰਤਾਨੀਆ ਵੱਲੋਂ ਮੁੱਖ ਤੌਰ ‘ਤੇ ਗੱਲਬਾਤ ਕਰ ਰਹੇ ਪ੍ਰਤੀਨਿਧੀ ਹਰਜਿੰਦਰ ਕੰਗ ਨੂੰ ਹਾਲ ਹੀ ਵਿਚ ਯੂਕੇ ਦਾ ਨਵਾਂ ਟਰੇਡ ਕਮਿਸ਼ਨਰ (ਦੱਖਣ ਏਸ਼ੀਆ) ਤੇ ਡਿਪਟੀ ਹਾਈ ਕਮਿਸ਼ਨਰ (ਪੱਛਮੀ ਭਾਰਤ, ਮੁੰਬਈ) ਨਿਯੁਕਤ ਕੀਤਾ ਗਿਆ ਹੈ। -ਪੀਟੀਆਈ
ਜੀ-7 ਮੁਲਕ ਚੀਨ ਉਤੇ ਨਿਰਭਰਤਾ ਘਟਾਉਣਗੇ
ਹੀਰੋਸ਼ੀਮਾ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਕਿਹਾ ਕਿ ਸੱਤਾਂ ਦੇਸ਼ਾਂ ਦੇ ਸਮੂਹ (ਜੀ-7) ਵਿਚਾਲੇ ਚੀਨ ਪ੍ਰਤੀ ਅਪਣਾਈ ਜਾਣ ਵਾਲੀ ਪਹੁੰਚ ਬਾਰੇ ਸਹਿਮਤੀ ਬਣ ਗਈ ਹੈ ਤੇ ਉਹ ਇਸ ਨਾਲ ਆਪਣੇ ਰਿਸ਼ਤਿਆਂ ਵਿਚ ਤਬਦੀਲੀਆਂ ਲਿਆਉਣ ਉਤੇ ਵਿਚਾਰ ਕਰ ਰਹੇ ਹਨ। ਹਾਲਾਂਕਿ ਬਾਇਡਨ ਨੇ ਕਿਹਾ ਕਿ ਇਨ੍ਹਾਂ ਤਬਦੀਲੀਆਂ ਵਿਚ ‘ਜੋਖ਼ਮ ਚੁੱਕਣ ਤੋਂ ਬਚਿਆ ਜਾਵੇਗਾ ਤੇ ਪਰ ਰਿਸ਼ਤਿਆਂ ਵਿਚ ਭਿੰਨਤਾ ਉਤੇ ਜ਼ੋਰ ਦਿੱਤਾ ਜਾਵੇਗਾ’ ਤਾਂ ਕਿ ਇਨ੍ਹਾਂ ਮੁਲਕਾਂ ਨੂੰ ਜ਼ਰੂਰੀ ਉਤਪਾਦਾਂ ਲਈ ਇਸ ਇਕੋ ਮੁਲਕ ਉਤੇ ਨਿਰਭਰ ਨਾ ਹੋਣਾ ਪਏ। ਹੀਰੋਸ਼ੀਮਾ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਾਇਡਨ ਨੇ ਕਿਹਾ, ‘ਚੀਨ ਪ੍ਰਤੀ ਅਪਣਾਈ ਜਾਣ ਵਾਲੀ ਪਹੁੰਚ ਬਾਰੇ ਸਾਡਾ ਨਜ਼ਰੀਆ ਸਾਂਝਾ ਹੈ। ਸ਼ਨਿਚਰਵਾਰ ਜਾਰੀ ਸਾਂਝੇ ਬਿਆਨ ਵਿਚ ਸਾਂਝੇ ਸਿਧਾਂਤਾਂ ਨੂੰ ਉਭਾਰਿਆ ਗਿਆ ਸੀ, ਜਿਨ੍ਹਾਂ ਉਤੇ ਜੀ-7 ਦੌਰਾਨ ਸਹਿਮਤੀ ਬਣੀ ਸੀ, ਇਨ੍ਹਾਂ ਵਿਚ ਚੀਨ ਨਾਲ ਨਜਿੱਠਿਆ ਜਾਣਾ ਵੀ ਸ਼ਾਮਲ ਸੀ।’ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਕਿ ਉਹ ਚੀਨ ਨਾਲੋਂ ਟੁੱਟਣ ਬਾਰੇ ਨਹੀਂ ਕਹਿ ਰਹੇ ਪਰ ਚੀਨ ਉਤੇ ਆਪਣੀ ਨਿਰਭਰਤਾ ਘਟਾਉਣ ਬਾਰੇ ਗੱਲ ਕਰ ਰਹੇ ਹਨ ਤਾਂ ਕਿ ਜੋਖ਼ਮ ਦੀ ਸੰਭਾਵਨਾ ਘਟੇ। ਉਨ੍ਹਾਂ ਕਿਹਾ ਕਿ ਇਸ ਤਹਿਤ ਜੀ-7 ਵੱਲੋਂ ਆਪਣੀ ਸਪਲਾਈ ਲੜੀ ਵਿਚ ਭਿੰਨਤਾ ਵੀ ਲਿਆਂਦੀ ਜਾਵੇਗੀ ਤਾਂ ਜੋ ਜ਼ਰੂਰੀ ਉਤਪਾਦਾਂ ਲਈ ਚੀਨ ‘ਤੇ ਨਿਰਭਰਤਾ ਘਟਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਵਿੱਤੀ ਮਜਬੂਰੀਆਂ ਦਾ ਰਲ ਕੇ ਸਾਹਮਣਾ ਕਰਨਾ ਤੇ ਉਨ੍ਹਾਂ ਨੁਕਸਾਨਦੇਹ ਪੱਖਾਂ ਦਾ ਮੁਕਾਬਲਾ ਕਰਨਾ ਹੈ ਜੋ ਸਾਡੇ ਵਰਕਰਾਂ ਦਾ ਨੁਕਸਾਨ ਕਰ ਰਹੀਆਂ ਹਨ। ਇਸ ਦਾ ਇਕ ਹੋਰ ਮਤਲਬ ਅਤਿ-ਆਧੁਨਿਕ ਤਕਨੀਕ ਦੇ ਸੀਮਤ ਸਰੋਤਾਂ ਦੀ ਰਾਖੀ ਕਰਨਾ ਵੀ ਹੈ ਜੋ ਕਿ ਸਾਡੀ ਸੁਰੱਖਿਆ ਲਈ ਮਹੱਤਵਪੂਰਨ ਹਨ। ਚੀਨ ਤੇ ਅਮਰੀਕਾ ਵਿਚਾਲੇ ਫ਼ੌਜੀ ਹੌਟਲਾਈਨ ਠੱਪ ਹੋਣ ਦੇ ਸਵਾਲ ‘ਤੇ ਬਾਇਡਨ ਨੇ ਕਿਹਾ ਕਿ ਬਾਲੀ ਕਾਨਫਰੰਸ ਵਿਚ ਇਸ ਬਾਰੇ ਗੱਲ ਕਰਨ ਲਈ ਸਹਿਮਤੀ ਬਣੀ ਸੀ ਪਰ ਮਗਰੋਂ ਚੀਨ ਦੇ ਜਾਸੂਸੀ ਗੁਬਾਰੇ ਕਾਰਨ ਸਭ ਕੁਝ ਮੁਲਤਵੀ ਹੋ ਗਿਆ। ਉਨ੍ਹਾਂ ਆਸ ਜਤਾਈ ਕਿ ਰਿਸ਼ਤਿਆਂ ਵਿਚ ਜਲਦੀ ਸੁਧਾਰ ਆਵੇਗਾ। ਇਸ ਮੌਕੇ ਬਾਇਡਨ ਨੇ ਮੁੜ ਯੂਕਰੇਨ ਨਾਲ ਇਕਜੁੱਟਤਾ ਜ਼ਾਹਿਰ ਕੀਤੀ। ਕੁਆਡ ਗੱਠਜੋੜ ਤਹਿਤ ਬਾਇਡਨ ਨੇ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਸੀ। -ਏਐੱੱਨਆਈ
ਚੀਨ ਵੱਲੋਂ ਜੀ-7 ਦੇ ਸਾਂਝੇ ਬਿਆਨ ਦਾ ਜ਼ੋਰਦਾਰ ਵਿਰੋਧ
ਪੇਈਚਿੰਗ: ਹੀਰੋਸ਼ੀਮਾ ਵਿਚ ਜਾਰੀ ਹੋਏ ਸਾਂਝੇ ਬਿਆਨ ‘ਤੇ ਚੀਨ ਨੇ ਜੀ-7 ਮੁਲਕਾਂ ਕੋਲ ਕੂਟਨੀਤਕ ਪੱਧਰ ‘ਤੇ ਰੋਸ ਜ਼ਾਹਿਰ ਕੀਤਾ ਹੈ। ਜ਼ਿਕਰਯੋਗ ਹੈ ਕਿ ਸਾਂਝੇ ਬਿਆਨ ਵਿਚ ਜੀ-7 ਮੁਲਕਾਂ ਨੇ ਤਾਇਵਾਨ, ਪੂਰਬੀ ਦੇ ਦੱਖਣੀ ਚੀਨ ਸਾਗਰਾਂ ‘ਚ ਚੀਨ ਦੀ ਹਮਲਾਵਰ ਪਹੁੰਚ ਬਾਰੇ ਚਿੰਤਾ ਜ਼ਾਹਿਰ ਕੀਤੀ ਸੀ। ਚੀਨ ਨੇ ਇਸ ਨੂੰ ਆਪਣੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਕਰਾਰ ਦਿੱਤਾ ਹੈ। ਜੀ-7 ਮੁਲਕਾਂ ਦੀ ਜਪਾਨ ਵਿਚ ਹੋਈ ਮੀਟਿੰਗ ‘ਚ ਚੀਨ ਨੂੰ ਪ੍ਰਮੁੱਖ ਤੌਰ ‘ਤੇ ਵਿਚਾਰਿਆ ਗਿਆ ਹੈ। ਸਾਂਝੇ ਬਿਆਨ ਵਿਚ ਕਿਹਾ ਗਿਆ ਸੀ ਕਿ ਗਰੁੱਪ-7 ਚੀਨ ਨਾਲ ਉਸਾਰੂ ਤੇ ਸਥਿਰ ਰਿਸ਼ਤੇ ਚਾਹੁੰਦਾ ਹੈ ਪਰ ਉਨ੍ਹਾਂ ਨਾਲ ਹੀ ਚੀਨ ਦੀ ਹਮਲਾਵਰ ਪਹੁੰਚ ਬਾਰੇ ਫ਼ਿਕਰ ਵੀ ਜ਼ਾਹਿਰ ਕੀਤਾ ਸੀ। ਉਨ੍ਹਾਂ ਨਾਲ ਹੀ ਇਸ ਗੱਲ ਉਤੇ ਵੀ ਜ਼ੋਰ ਦਿੱਤਾ ਸੀ ਕਿ ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਆਰਥਿਕਤਾ ਨਾਲ ਤਾਲਮੇਲ ਦੀ ਲੋੜ ਹੈ ਪਰ ਹਮਲਾਵਰ ਪਹੁੰਚ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜੀ-7 ਆਗੂਆਂ ਨੇ ਚੀਨ ਵਿਚ ਮਨੁੱਖੀ ਹੱਕਾਂ ਦੇ ਘਾਣ ਪ੍ਰਤੀ ਵੀ ਚਿੰਤਾ ਜਤਾਈ ਸੀ। ਚੀਨ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਉਹ ਸਾਂਝੇ ਬਿਆਨ ਦਾ ਜ਼ੋਰਦਾਰ ਵਿਰੋਧ ਕਰਦਾ ਹੈ ਤੇ ਸੰਮੇਲਨ ਦੇ ਮੇਜ਼ਬਾਨ ਜਪਾਨ ਕੋਲ ਵੀ ਉਸ ਨੇ ਰੋਸ ਦਰਜ ਕਰਵਾਇਆ ਹੈ। ਜੀ-7 ਮੁਲਕਾਂ ਨੇ ਚੀਨ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਕਰੀਬੀ ਸਾਥੀ ਰੂਸ ਉਤੇ ਯੂਕਰੇਨ ਜੰਗ ਨੂੰ ਖ਼ਤਮ ਕਰਨ ਲਈ ਦਬਾਅ ਬਣਾਏ। ਸਿਖ਼ਰ ਸੰਮੇਲਨ ਵਿਚ ਉੱਠੇ ਤਾਇਵਾਨ ਦੇ ਮੁੱਦੇ ‘ਤੇ ਚੀਨ ਨੇ ਕਿਹਾ ਕਿ ਇਸ ਨੂੰ ਉਹ ਖ਼ੁਦ ਹੀ ਸੁਲਝਾਏਗਾ। ਚੀਨ ਨੇ ਨਾਲ ਹੀ ਕਿਹਾ ਕਿ ਜੀ-7 ਨੂੰ ਮਨੁੱਖੀ ਹੱਕਾਂ ਦੇ ਮੁੱਦੇ ਉਤੇ ਉਸ ਵੱਲ ਉੱਗਲ ਚੁੱਕਣੀ ਬੰਦ ਕਰਨੀ ਚਾਹੀਦੀ ਹੈ। ਚੀਨ ਨੇ ਕਿਹਾ ਕਿ ਉਹ ਸਮੁੰਦਰੀ ਖੇਤਰ ‘ਚ ਕੌਮਾਂਤਰੀ ਕਾਨੂੰਨਾਂ ਦੇ ਪਾਲਣ ਪ੍ਰਤੀ ਵਚਨਬੱਧ ਹੈ। ਪਰਮਾਣੂ ਹਥਿਆਰਾਂ ਦੇ ਮੁੱਦੇ ਉਤੇ ਚੀਨ ਨੇ ਕਿਹਾ ਕਿ ਉਹ ਰੱਖਿਆਤਮਕ ਪਰਮਾਣੂ ਨੀਤੀ ਦੇ ਪੱਖ ਵਿਚ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਦੇ ਆਗੂਆਂ ਨੇ ਚੀਨ ਤੇ ਉੱਤਰ ਕੋਰੀਆ ਨੂੰ ਪਰਮਾਣੂ ਹਥਿਆਰ ਜਮ੍ਹਾਂ ਕਰਨ ਵਿਰੁੱਧ ਚਿਤਾਵਨੀ ਦਿੱਤੀ ਹੈ। ਸੰਯੁਕਤ ਰਾਸ਼ਟਰ ਕੇਂਦਰਿਤ ਕੌਮਾਂਤਰੀ ਢਾਂਚੇ ਦੀ ਪਾਲਣਾ ਦੇ ਮੁੱਦੇ ਉਤੇ ਚੀਨ ਨੇ ਕਿਹਾ, ‘ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਉਹ ਦਿਨ ਗਏ ਜਦ ਮੁੱਠੀ ਭਰ ਪੱਛਮੀ ਮੁਲਕ ਮਰਜ਼ੀ ਨਾਲ ਦੂਜੇ ਮੁਲਕਾਂ ਦੇ ਅੰਦੂਰਨੀ ਮਾਮਲਿਆਂ ਵਿਚ ਦਖ਼ਲ ਦਿੰਦੇ ਸਨ ਤੇ ਆਲਮੀ ਮਸਲਿਆਂ ਨਾਲ ਛੇੜਛਾੜ ਕਰਦੇ ਸਨ। ਅਸੀਂ ਜੀ-7 ਮੈਂਬਰਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਮੇਂ ਮੁਤਾਬਕ ਚੱਲਣ। ਪਹਿਲਾਂ ਆਪਣੇ ਦੇਸ਼ਾਂ ਦੇ ਅੰਦਰੂਨੀ ਮਸਲਿਆਂ ਉਤੇ ਧਿਆਨ ਦੇਣ, ਦੂਜਿਆਂ ਦੇ ਮਾਮਲਿਆਂ ‘ਚ ਦਖ਼ਲ ਨਾ ਦੇਣ।’ -ਪੀਟੀਆਈ