ਜਗਮੋਹਨ ਸਿੰਘ

ਘਨੌਲੀ, 15 ਮਈ

ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਦਿੱਲੀ ਮਾਡਲ ਦਾ ਦਰਜਾ ਦੇ ਕੇ ਪ੍ਰਾਈਵੇਟ ਸਕੂਲਾਂ ਤੋਂ ਅੱਗੇ ਲਿਆਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਕਾਰਨ ਵਿਦਿਆਰਥੀਆਂ ਨੂੰ ਸਕੂਲ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਦੀ ਮਿਸਾਲ ਹੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਨੌਲੀ ਵਿੱਚ ਅਧਿਆਪਕ ਨਾ ਹੋਣ ਕਾਰਨ ਕਾਮਰਸ ਸਟ੍ਰੀਮ ਦੇ ਤਿੰਨ ਵਿਦਿਆਰਥੀਆਂ ਵੱਲੋਂ ਸਕੂਲ ਛੱਡੇ ਜਾਣ ਤੋਂ ਮਿਲਦੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਕੂਲ ਵਿੱਚ ਵੱਡੀ ਗਿਣਤੀ ਟੀਚਿੰਗ ਅਤੇ ਨਾਨ-ਟੀਚਿੰਗ ਆਸਾਮੀਆਂ ਲੰਬੇ ਸਮੇਂ ਤੋਂ ਖਾਲੀ ਪਈਆਂ ਹਨ, ਜਿਨ੍ਹਾਂ ਨੂੰ ਸਰਕਾਰ ਵੱਲੋਂ ਭਰਨ ਦਾ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਇਨ੍ਹਾਂ ਵਿੱਚੋਂ ਕਾਮਰਸ ਵਿਸ਼ੇ ਦੀਆਂ ਦੋ, ਫਿਜਿਕਸ਼ ਦੀ ਇਕ, ਡੀਪੀਈ ਦੀ ਇਕ, ਪੀਟੀਈ ਦੀ ਇਕ, ਡਰਾਇੰਗ ਅਧਿਆਪਕ ਦੀ 1, ਪੰਜਾਬੀ ਅਧਿਆਪਕ ਦੀਆਂ ਦੋ, ਪੰਜਾਬੀ ਚੋਣਵੇਂ ਵਿਸ਼ਾ ਦੀਆਂ ਦੋ, ਹਿੰਦੀ ਅਧਿਆਪਕ ਦੀਆਂ ਦੋ ਅਤੇ ਐੱਸਐੱਸਟੀ ਅਧਿਆਪਕ ਦੀ ਇਕ ਆਸਾਮੀ ਖਾਲੀ ਪਈ ਹੈ। ਸਕੂਲ ਵਿੱਚ ਸੇਵਾਦਾਰ, ਸਫਾਈ ਸੇਵਕ ਤੇ ਚੌਕੀਦਾਰ ਦੀਆਂ ਆਸਾਮੀਆਂ ਵੀ ਖਾਲੀ ਪਈਆਂ ਹਨ। ਪਿੰਡ ਦੀ ਸਰਪੰਚ ਕਮਲਜੀਤ ਕੌਰ ਨੇ ਦੱਸਿਆ ਕਿ ਸਕੂਲ ਵਿੱਚ ਕਾਮਰਸ ਸਮੇਤ ਕਈ ਵਿਸ਼ਿਆਂ ਦੀਆਂ ਲੰਬੇ ਸਮੇਂ ਤੋਂ ਆਸਾਮੀਆਂ ਖਾਲੀ ਹੋਣ ਕਾਰਨ ਵਿਦਿਆਰਥੀਆਂ ਨੂੰ ਮਜਬੂਰੀਵੱਸ ਸਕੂਲ ਛੱਡਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਾਮਰਸ ਵਿਸ਼ੇ ਦੇ ਤਿੰਨ zwnj;ਵਿਦਿਆਰਥੀ ਸਕੂਲ ‘ਚ ਕਾਮਰਸ ਦਾ ਕੋਈ ਅਧਿਆਪਕ ਨਾ ਹੋਣ ਕਾਰਨ ਸਕੂਲ ਛੱਡ ਕੇ ਹੋਰ ਸਕੂਲਾਂ ਵਿੱਚ ਚਲੇ ਗਏ ਹਨ ਅਤੇ ਜੇਕਰ ਇਹੀ ਹਾਲ ਰਿਹਾ ਤਾਂ ਕਈ ਹੋਰ ਵਿਦਿਆਰਥੀ ਸਕੂਲ ਛੱਡਣ ਲਈ ਮਜਬੂਰ ਹੋ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਸਕੂਲ ਵਿੱਚ ਖਾਲੀ ਪਈਆਂ ਆਸਾਮੀਆਂ ਨੂੰ ਜਲਦੀ ਤੋਂ ਜਲਦੀ ਭਰਿਆ ਜਾਵੇ।

ਕੀ ਕਹਿੰਦੇ ਨੇ ਅਧਿਕਾਰੀ

ਸਕੂਲ ਪ੍ਰਿੰਸੀਪਲ ਇੰਦੂ ਨੇ ਗੱਲ ਕਰਨ ‘ਤੇ ਤਿੰਨ ਬੱਚਿਆਂ ਦੇ ਸਕੂਲ ਛੱਡ ਕੇ ਜਾਣ ਦੀ ਪੁਸ਼ਟੀ ਕੀਤੀ। ਉੱਧਰ, ਜ਼ਿਲ੍ਹਾ ਸਿੱਖਿਆ ਅਫਸਰ ਪ੍ਰੇਮ ਕੁਮਾਰ ਮਿੱਤਲ ਨੇ ਕਿਹਾ ਕਿ ਕੁੱਝ ਦਿਨਾਂ ਵਿੱਚ ਅਧਿਆਪਕਾਂ ਦੀਆਂ ਬਦਲੀਆਂ ਦੀ ਨਵੀਂ ਸੂਚੀ ਆਉਣ ਵਾਲੀ ਹੈ ਤੇ ਇਸ ਸੂਚੀ ਵਿੱਚ ਘਨੌਲੀ ਸਕੂਲ ਦੀਆਂ ਖਾਲੀ ਆਸਾਮੀਆਂ ਵੀ ਭਰੀਆਂ ਜਾਣਗੀਆਂ।

News Source link