ਵਾਸ਼ਿੰਗਟਨ, 26 ਮਾਰਚ

ਖਾਲਿਸਤਾਨ ਪੱਖੀਆਂ ਦੇ ਇਕ ਸਮੂਹ ਨੇ ਅੱਜ ਇੱਥੇ ਭਾਰਤੀ ਦੂਤਾਵਾਸ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਤੇ ਹਿੰਸਾ ਭੜਕਾਉਣ ਦਾ ਯਤਨ ਕੀਤਾ। ਉਨ੍ਹਾਂ ਭਾਰਤ ਦੇ ਰਾਜਦੂਤ ਨੂੰ ਵੀ ਧਮਕਾਇਆ ਪਰ ਸੁਰੱਖਿਆ ਏਜੰਸੀਆਂ ਤੇ ਪੁਲੀਸ ਵੱਲੋਂ ਸਮੇਂ ਸਿਰ ਦਿੱਤੇ ਦਖ਼ਲ ਨੇ ਉਨ੍ਹਾਂ ਨੂੰ ਭੰਨ੍ਹ-ਤੋੜ ਤੋਂ ਰੋਕ ਦਿੱਤਾ। ਮੁਜ਼ਾਹਰਾਕਾਰੀਆਂ ਨੇ ਇਸ ਘਟਨਾ ਨੂੰ ਕਵਰ ਕਰ ਰਹੇ ਖ਼ਬਰ ਏਜੰਸੀ ‘ਪੀਟੀਆਈ’ ਦੇ ਪੱਤਰਕਾਰ ਨੂੰ ਵੀ ਸ਼ਬਦੀ ਰੂਪ ‘ਚ ਧਮਕਾਇਆ ਤੇ ਸਰੀਰਕ ਤੌਰ ‘ਤੇ ਵੀ ਹਮਲਾ ਕੀਤਾ। ਭਾਰਤੀ ਦੂਤਾਵਾਸ ਨੇ ਰਿਪੋਰਟਰ ‘ਤੇ ਹਮਲੇ ਦੀ ਨਿਖੇਧੀ ਕੀਤੀ ਹੈ। ਦੂਤਾਵਾਸ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਅਖੌਤੀ ‘ਖਾਲਿਸਤਾਨੀ ਮੁਜ਼ਾਹਰਾਕਾਰੀਆਂ’ ਦੀ ਹਿੰਸਕ ਤੇ ਸਮਾਜ-ਵਿਰੋਧੀ ਬਿਰਤੀ ਨੂੰ ਹੀ ਦਰਸਾਉਂਦੀਆਂ ਹਨ, ਜੋ ਰੋਜ਼ਾਨਾ ਹਿੰਸਾ ਤੇ ਭੰਨ੍ਹ-ਤੋੜ ਵਿਚ ਸ਼ਾਮਲ ਹੁੰਦੇ ਹਨ।’ ਦੂਤਾਵਾਸ ਨੇੜੇ ਵੱਖਵਾਦੀ ਸਿੱਖਾਂ ਨੇ ਖੁੱਲ੍ਹ ਕੇ ਮਾੜੀ ਸ਼ਬਦਾਵਲੀ ਵਰਤੀ ਤੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਧਮਕੀਆਂ ਦਿੱਤੀਆਂ। ਹਾਲਾਂਕਿ ਸੰਧੂ ਮੁਜ਼ਾਹਰੇ ਵੇਲੇ ਦੂਤਾਵਾਸ ਵਿਚ ਨਹੀਂ ਸਨ। ਆਪਣੇ ਭਾਸ਼ਣਾਂ ਵਿਚ ਜ਼ਿਆਦਾਤਰ ਮੁਜ਼ਾਹਰਾਕਾਰੀਆਂ ਨੇ ਨਾ ਸਿਰਫ਼ ਭਾਰਤ, ਬਲਕਿ ਇੱਥੇ ਵੀ ਹਿੰਸਾ ਭੜਕਾਉਣ ਦਾ ਸੱਦਾ ਦਿੱਤਾ। ਇਸ ਘਟਨਾ ਨੂੰ ‘ਸੀਕ੍ਰੇਟ ਸਰਵਿਸ’ ਨੇੜਿਓਂ ਦੇਖ ਰਹੀ ਸੀ ਤੇ ਉਹ ਪਲਾਂ ਵਿਚ ਘਟਨਾ ਸਥਾਨ ‘ਤੇ ਪਹੁੰਚ ਗਏ। ਉਨ੍ਹਾਂ ਮੁਜ਼ਾਹਰਾਕਾਰੀਆਂ ਨੂੰ ਤੁਰੰਤ ਮਿੱਥੀ ਥਾਂ ਉਤੇ ਜਾਣ ਲਈ ਕਿਹਾ। -ਪੀਟੀਆਈ

ਭਾਰਤ ਵੱਲੋਂ ਕੈਨੇਡਾ ਦਾ ਰਾਜਦੂਤ ਤਲਬ

ਨਵੀਂ ਦਿੱਲੀ: ਭਾਰਤ ਨੇ ਕੈਨੇਡਾ ਦੇ ਰਾਜਦੂਤ ਨੂੰ ਤਲਬ ਕਰ ਕੇ ਖਾਲਿਸਤਾਨ ਪੱਖੀ ਵੱਖਵਾਦੀ ਤੱਤਾਂ ਵੱਲੋਂ ਕੂਟਨੀਤਕ ਮਿਸ਼ਨਾਂ ‘ਤੇ ਕੀਤੇ ਜਾ ਰਹੇ ਮੁਜ਼ਾਹਰਿਆਂ ਪ੍ਰਤੀ ਫ਼ਿਕਰ ਜ਼ਾਹਿਰ ਕੀਤਾ ਹੈ। ਕੈਮਰੌਨ ਮੈਕੇ ਨੂੰ ਅੱਜ ਵਿਦੇਸ਼ ਮੰਤਰਾਲੇ ਨੇ ਤਲਬ ਕੀਤਾ ਤੇ ਸਪੱਸ਼ਟੀਕਰਨ ਮੰਗਿਆ ਕਿ ਕਿਵੇਂ ‘ਵੱਖਵਾਦੀ ਤੇ ਕੱਟੜਵਾਦੀ’ ਤੱਤ ਕੂਟਨੀਤਕ ਮਿਸ਼ਨਾਂ ਤੇ ਕੌਂਸਲੇਟਾਂ ਦੀ ਸੁਰੱਖਿਆ ਤੋੜ ਰਹੇ ਹਨ, ਜਦਕਿ ਉੱਥੇ ਪੁਲੀਸ ਮੌਜੂਦ ਹੈ। ਕੈਨੇਡਾ ‘ਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੂੰ ਬ੍ਰਿਟਿਸ਼ ਕੋਲੰਬੀਆ ‘ਚ ਇਕ ਸਮਾਗਮ ਖਾਲਿਸਤਾਨ ਸਮਰਥਕਾਂ ਦੇ ਵਿਰੋਧ ਕਾਰਨ ਛੱਡਣਾ ਪਿਆ ਸੀ। -ਪੀਟੀਆਈ

ਖ਼ਬਰ ਏਜੰਸੀ ਦੇ ਪੱਤਰਕਾਰ ‘ਤੇ ਵੀ ਹਮਲਾ

ਰੋਸ ਮੁਜ਼ਾਹਰੇ ਦੌਰਾਨ ‘ਪ੍ਰੈੱਸ ਟਰੱਸਟ ਆਫ ਇੰਡੀਆ’ ਦੇ ਅਮਰੀਕਾ ‘ਚ ਰਿਪੋਰਟਰ ਲਲਿਤ ਕੇ ਝਾਅ ਨੇ ਵੱਖਵਾਦੀਆਂ ਨੂੰ ਦੂਤਾਵਾਸ ਅੱਗੇ ਬਣੇ ਇਕ ਪਾਰਕ ਵਿਚੋਂ ਲੱਕੜ ਦੇ ਡੰਡੇ ਲਿਆਉਂਦੇ ਦੇਖਿਆ। ਇਸ ਪਾਰਕ ਵਿਚ ਮਹਾਤਮਾ ਗਾਂਧੀ ਦਾ ਬੁੱਤ ਵੀ ਹੈ। ਇਹ ਡੰਡੇ ਉਸੇ ਤਰ੍ਹਾਂ ਦੇ ਸਨ, ਜਿਸ ਤਰ੍ਹਾਂ ਦੇ ਸਾਂ ਫਰਾਂਸਿਸਕੋ ਵਿਚ ਭਾਰਤੀ ਦੂਤਾਵਾਸ ‘ਤੇ ਹਮਲੇ ਮੌਕੇ ਵਰਤੇ ਗਏ ਸਨ। ਡੰਡਿਆਂ ਦਾ ਇਕ ਬੰਡਲ ਵੱਖਵਾਦੀ ਆਪਣਾ ਝੰਡਾ ਲਾਉਣ ਲਈ ਲਿਆਏ ਸਨ ਤੇ 20 ਡੰਡਿਆਂ ਦਾ ਇਕ ਬੰਡਲ ਵੱਖਰਾ ਰੱਖਿਆ ਹੋਇਆ ਸੀ। ਰੋਸ ਮੁਜ਼ਾਹਰੇ ਦੇ ਪ੍ਰਬੰਧਕਾਂ ਦਾ ਕਵਰੇਜ ਕਰ ਰਹੇ ਪੱਤਰਕਾਰ ਖ਼ਿਲਾਫ਼ ਰਵੱਈਆ ਕਾਫ਼ੀ ਸਖ਼ਤ ਸੀ। ਉਨ੍ਹਾਂ ਨਾ ਸਿਰਫ਼ ਉਸ ਨੂੰ ਕੈਮਰੇ ਸਾਹਮਣੇ ਆ ਕੇ ਕਵਰੇਜ ਤੋਂ ਰੋਕਿਆ ਬਲਕਿ ਇਸ ਦੇ ਸਾਹਮਣੇ ਖਾਲਿਸਤਾਨੀ ਝੰਡਾ ਵੀ ਲਿਆਂਦਾ। ਉਨ੍ਹਾਂ ਨਤੀਜੇ ਭੁਗਤਣ ਦੀ ਧਮਕੀ ਦੇ ਕੇ ਰਿਪੋਰਟਰ ਨੂੰ ਪਿੱਛੇ ਧੱਕਿਆ। ਏਜੰਸੀ ਦੇ ਪੱਤਰਕਾਰ ਨੇ ਇਸੇ ਦੌਰਾਨ 911 ‘ਤੇ ਫੋਨ ਕੀਤਾ ਅਤੇ ਪੁਲੀਸ ਮਦਦ ਲਈ ਸੜਕ ਦੇ ਦੂਜੇ ਪਾਸੇ ਚਲਾ ਗਿਆ। ਇਸ ਸਾਰੇ ਟਕਰਾਅ ਦੌਰਾਨ ਇਕ ਵੇਲੇ ਮੁਜ਼ਾਹਰਾਕਾਰੀ ਨੇ ਖਾਲਿਸਤਾਨੀ ਝੰਡਿਆਂ ਨੂੰ ਇਸ ਤਰ੍ਹਾਂ ਘੁਮਾਇਆ ਕਿ ਇਸ ਵਿਚਲੀ ਸੋਟੀਆਂ ਰਿਪੋਰਟਰ ਦੇ ਖੱਬੇ ਕੰਨ ਉਤੇ ਜ਼ੋਰ ਨਾਲ ਲੱਗੀਆਂ। ‘ਸੀਕ੍ਰੇਟ ਸਰਵਿਸ’ ਨੇ ਰਿਪੋਰਟਰ ਨੂੰ ਪੁੱਛਿਆ ਕਿ ਕੀ ਉਹ ਸ਼ਿਕਾਇਤ ਦੇਣਾ ਚਾਹੁੰਦਾ ਹੈ, ਤਾਂ ਰਿਪੋਰਟਰ ਨੇ ਇਨਕਾਰ ਕਰ ਦਿੱਤਾ। ਸੁਰੱਖਿਆ ਕਰਮੀਆਂ ਨੇ ਮੁਜ਼ਾਹਰਾਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੁਬਾਰਾ ਨਹੀਂ ਹੋਣਾ ਚਾਹੀਦਾ। -ਪੀਟੀਆਈ

News Source link