ਕੇ.ਪੀ. ਸਿੰਘ
ਗੁਰਦਾਸਪੁਰ, 23 ਜਨਵਰੀ

ਅੰਮ੍ਰਿਤਸਰ ਵਿਜੀਲੈਂਸ ਰੇਂਜ ਦੇ ਅਧਿਕਾਰੀਆਂ ਨੇ ਅੱਜ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਰਿਵਾਰ ਦੀਆਂ ਦੋ ਪ੍ਰਮੁੱਖ ਜਾਇਦਾਦਾਂ ਦਾ ‘ਤਕਨੀਕੀ ਮੁਲਾਂਕਣ’ ਕੀਤਾ। ਵਿਧਾਇਕ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਪਿਛਲੇ ਕੁਝ ਹਫ਼ਤਿਆਂ ਤੋਂ ਵਿਜੀਲੈਂਸ ਜਾਂਚ ਦੇ ਘੇਰੇ ਵਿੱਚ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਅੱਜ ਵਿਧਾਇਕ ਦੀ ਰਿਹਾਇਸ਼ ਅਤੇ ਇੱਕ ਸ਼ਾਪਿੰਗ ਮਾਲ ਦਾ ਦੌਰਾ ਕੀਤਾ, ਜਿਸ ਵਿੱਚ ਉਨ੍ਹਾਂ ਦੇ ਪਰਿਵਾਰ ਦੀ ਵਿੱਤੀ ਹਿੱਸੇਦਾਰੀ ਦੱਸੀ ਜਾਂਦੀ ਹੈ। ਟੀਮ ਵਿੱਚ ਗੁਰਦਾਸਪੁਰ ਦੇ ਡੀਐੱਸਪੀ (ਵਿਜੀਲੈਂਸ), ਜੋਗੇਸ਼ਵਰ ਸਿੰਘ ਗੁਰਾਇਆ ਤੇ ਇੰਸਪੈਕਟਰ ਇੰਦਰਜੀਤ ਸਿੰਘ ਸ਼ਾਮਲ ਸਨ। ਸੂਤਰਾਂ ਅਨੁਸਾਰ ਪਾਹੜਾ ਦੇ ਪਿਤਾ ਗੁਰਮੀਤ ਸਿੰਘ ਅਤੇ ਭਰਾ ਬਲਜੀਤ ਸਿੰਘ ਪਾਹੜਾ ਤੋਂ ਪੁੱਛ ਪੜਤਾਲ ਕੀਤੀ ਗਈ। ਬਲਜੀਤ ਸਿੰਘ ਪਾਹੜਾ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਵੀ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਮੁਲਾਂਕਣ ਪੂਰਾ ਹੋਣ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਤੋਂ ਫੰਡਾਂ ਦੇ ਸਰੋਤ ਬਾਰੇ ਪੁੱਛਿਆ ਜਾਵੇਗਾ, ਜਿਸ ਨਾਲ ਸ਼ਾਪਿੰਗ ਮਾਲ ਤੇ ਰਿਹਾਇਸ਼ ਦਾ ਨਿਰਮਾਣ ਕੀਤਾ ਗਿਆ।

News Source link