ਨਵੀਂ ਦਿੱਲੀ, 23 ਜਨਵਰੀ

ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਭਾਰਤ ਅਤੇ ਵਿਦੇਸ਼ ‘ਚ ਚੋਣਾਂ ਵਿੱਚ ‘ਡੂੰਘੇ ਫਰਜ਼ੀ ਬਿਰਤਾਂਤ’ ਦੇ ਰੁਝਾਨ ‘ਤੇ ਚਿੰਤਾ ਜਤਾਈ ਅਤੇ ਕਿਹਾ ਕਿ ਇਸ ਰਾਹੀਂ ‘ਵੰਡਪਾਊ ਅਨਸਰ’ ਲੋਕਾਂ ਦੀ ਧਾਰਨਾ ਬਦਲਣ ਅਤੇ ਉਨ੍ਹਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਮੰਚਾਂ ਨੂੰ ਆਪਣੇ ਐਲਗੋਰਿਦਮ ਪਾਵਰ ਅਤੇ ਆਰਟੀਫੀਸ਼ਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਪੂਰੀ ਸਰਗਰਮੀ ਨਾਲ ਫਰਜ਼ੀ ਬਿਰਤਾਂਤਾਂ ਦਾ ਪਤਾ ਲਾਉਣਾ ਚਾਹੀਦਾ ਹੈ। ਮੁੱਖ ਚੋਣ ਕਮਿਸ਼ਨਰ ਨੇ ਇਥੇ ਚੋਣ ਕਮਿਸ਼ਨ ਵੱਲੋਂ ਤਕਨਾਲੋਜੀ ਦੀ ਵਰਤੋਂ ਅਤੇ ਚੁਣਾਵੀ ਇਮਾਨਦਾਰੀ’ ਵਿਸ਼ੇ ‘ਤੇ ਕਰਵਾਈ ਕੌਮਾਂਤਰੀ ਕਾਨਫਰੰਸ ਦੌਰਾਨ ਇਹ ਟਿੱਪਣੀ ਕੀਤੀ। ਉਨ੍ਹਾਂ ਸਪੱਸ਼ਟ ਅਤੇ ਪ੍ਰਣਾਲੀ ਦਾ ਪਤਾ ਲਾਉਣ ਯੋਗ ਫਰਜ਼ੀ ਸਮੱਗਰੀ ਦੀ ਪਛਾਣ ਕਰਨ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਅਪਲੋਡ ਅਤੇ ਪ੍ਰਸਾਰਿਤ ਹੋਣ ਤੋਂ ਰੋਕਣ ਜਿਹੇ ਸਵਾਲ ਵੀ ਉਠਾਏ। ਉਨ੍ਹਾਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨੂੰ ਬਦਨਾਮ ਕਰਨ ਦੇ ਰੁਝਾਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਈਵੀਐੱਮ ਹੈਕਿੰਗ ਬਾਰੇ ਸਾਬਕਾ ਮੁੱਖ ਚੋਣ ਕਮਿਸ਼ਨਰ ਟੀ ਐੱਸ ਕ੍ਰਿਸ਼ਨਾਮੂਰਤੀ ਦੇ ਹਵਾਲੇ ਨਾਲ ਇਕ ਫਰਜ਼ੀ ਖ਼ਬਰ ਹਰੇਕ ਚੋਣਾਂ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਨਸ਼ਰ ਹੁੰਦੀ ਰਹਿੰਦੀ ਹੈ। ਉਂਜ ਕ੍ਰਿਸ਼ਨਾਮੂਰਤੀ ਨੇ ਇਸ ਖ਼ਬਰ ਦਾ ਖੰਡਨ ਕੀਤਾ ਸੀ। ਕਾਨਫਰੰਸ ‘ਚ ਅੰਗੋਲਾ, ਅਰਜਨਟੀਨਾ, ਆਸਟਰੇਲੀਆ, ਚਿੱਲੀ, ਜੌਰਜੀਆ, ਇੰਡੋਨੇਸ਼ੀਆ, ਮੌਰੀਸ਼ਸ, ਨੇਪਾਲ, ਪੇਰੂ ਸਮੇਤ 17 ਮੁਲਕਾਂ ਦੇ ਕਰੀਬ 43 ਪ੍ਰਤੀਭਾਗੀ ਹਿੱਸਾ ਲੈ ਰਹੇ ਹਨ। -ਪੀਟੀਆਈ

News Source link