ਨਵੀਂ ਦਿੱਲੀ, 23 ਜਨਵਰੀ

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ 11 ਬੱਚਿਆਂ ਨੂੰ ਇੱਥੇ ਇਕ ਸਮਾਰੋਹ ਵਿਚ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਨ੍ਹਾਂ ਬੱਚਿਆਂ ਵਿੱਚ ਮਲਖੰਭ ਖਿਡਾਰੀ, ਹੱਡੀਆਂ ਦੇ ਵਿਗਾੜ ਤੋਂ ਪੀੜਤ ਅਤੇ ਯੂ-ਟਿਊਬਰ ਵੀ ਸ਼ਾਮਲ ਹਨ। ਰਾਸ਼ਟਰਪਤੀ ਨੇ ਕਿਹਾ ਕਿ ਬੱਚਿਆਂ ਨੂੰ ਦੇਸ਼ ਹਿੱਤ ਬਾਰੇ ਸੋਚਣਾ ਚਾਹੀਦਾ ਹੈ ਤੇ ਜਿੱਥੇ ਵੀ ਮੌਕਾ ਮਿਲੇ ਮੁਲਕ ਦੀ ਉਸਾਰੀ ਲਈ ਕੰਮ ਕਰਨਾ ਚਾਹੀਦਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਬੱਚੇ ਦੇਸ਼ ਦੀ ਅਨਮੋਲ ਸੰਪਤੀ ਹਨ। ਉਨ੍ਹਾਂ ਦਾ ਭਵਿੱਖ ਸੁਆਰਨ ਲਈ ਕੀਤਾ ਗਿਆ ਹਰ ਯਤਨ ਸਾਡੇ ਸਮਾਜ ਤੇ ਮੁਲਕ ਦਾ ਭਵਿੱਖ ਬਿਹਤਰ ਕਰੇਗਾ। ਮੁਰਮੂ ਨੇ ਕਿਹਾ ਕਿ ਬੱਚਿਆਂ ਦੇ ਸੁਰੱਖਿਅਤ ਤੇ ਖ਼ੁਸ਼ ਬਚਪਨ ਅਤੇ ਰੌਸ਼ਨ ਭਵਿੱਖ ਲਈ ਹਰ ਯਤਨ ਹੋਣਾ ਚਾਹੀਦਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਪੁਰਸਕਾਰ ਜੇਤੂਆਂ ਵਿਚੋਂ ਕੁਝ ਨੇ ਐਨੀ ਘੱਟ ਉਮਰ ਵਿਚ ਬੇਮਿਸਾਲ ਹੌਸਲੇ ਦਾ ਸਬੂਤ ਦਿੱਤਾ ਹੈ। ਇਨ੍ਹਾਂ ਬੱਚਿਆਂ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ। ਇਹ ਦੇਸ਼ ਦੇ ਬੱਚਿਆਂ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ। ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦੀ ਵੱਡੇ ਸੰਘਰਸ਼ ਤੋਂ ਬਾਅਦ ਮਿਲੀ ਹੈ ਤੇ ਨਵੀਂ ਪੀੜ੍ਹੀ ਨੂੰ ਇਸ ਦੀ ਕੀਮਤ ਸਮਝਣ ਦੀ ਲੋੜ ਹੈ। ਰਾਸ਼ਟਰਪਤੀ ਨੇ ਕਿਹਾ ਕਿ ਇਹ ਦੇਖ ਕੇ ਖ਼ੁਸ਼ੀ ਹੁੰਦੀ ਹੈ ਕਿ ਅੱਜ ਦੇ ਬੱਚੇ ਵਾਤਾਵਰਨ ਬਾਰੇ ਕਾਫ਼ੀ ਗੰਭੀਰ ਹਨ। ਉਨ੍ਹਾਂ ਬੱਚਿਆਂ ਨੂੰ ਊਰਜਾ ਬਚਾਉਣ ਦਾ ਸੱਦਾ ਵੀ ਦਿੱਤਾ। -ਪੀਟੀਆਈ

News Source link