ਜੋਗਿੰਦਰ ਸਿੰਘ ਮਾਨ

ਮਾਨਸਾ, 21 ਦਸੰਬਰ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੂਬੇ ਦੀ ਸਰਗਰਮ ਸਿਆਸਤ ਤੋਂ ਦੂਰ ਹੋ ਕੇ ਵਿਦੇਸ਼ ਗਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇਰ ਰਾਤ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਘਰ ਪੁੱਜੇ। ਉਨ੍ਹਾਂ ਮੂਸੇ ਵਾਲੇ ਦੇ ਘਰ ਹੀ ਪਰਿਵਾਰ ਨਾਲ ਰਾਤ ਗੁਜ਼ਾਰੀ ਹੈ। ਉਹ ਸੋਮਵਾਰ ਨੂੰ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਮੁਲਾਕਾਤ ਤੋਂ ਬਾਅਦ ਮੰਗਲਵਾਰ ਨੂੰ ਰਾਜਸਥਾਨ ਵਿਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿਚ ਸ਼ਾਮਲ ਹੋਣ ਤੋਂ ਬਾਅਦ ਸਿੱਧੇ ਮੂਸਾ ਪਿੰਡ ਆਏ ਪਰ ਰਸਤੇ ਵਿਚ ਧੁੰਦ ਹੋਣ ਕਾਰਨ ਜ਼ਿਆਦਾ ਹੋਣ ਕਾਰਨ ਉਹ ਇਥੇ ਹੀ ਰੁਕ ਗਏ। ਉਨ੍ਹਾਂ ਨੇ ਅੱਜ ਆਪਣੀ ਪੰਜਾਬ ਦੀ ਫੇਰੀ ਮੂਸੇਵਾਲੇ ਦੇ ਘਰ ਤੋਂ ਆਰੰਭ ਕਰਨੀ ਹੈ। ਉਨ੍ਹਾਂ ਕੁਝ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਵਿਦੇਸ਼ ਫੇਰੀ ਤੋਂ ਬਾਅਦ ਇਥੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਹਨ ਪਰ ਮਾਨਸਾ ਪੁਲੀਸ ਉਨ੍ਹਾਂ ਨੂੰ ਇਥੇ ਆਉਣ ਤੋਂ ਰੋਕਣ ਲਈ ਲਈ ਬੀਤੀ ਦੇਰ ਸ਼ਾਮ ਤੋਂ ਹੀ ਫੋਨ ਰਾਹੀਂ ਸੁਨੇਹੇ ਦਿੰਦੀ ਰਹੀ ਕਿ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੋਇਆ ਹੈ, ਜਿਸ ਕਰਕੇ ਗਿ੍ਫ਼ਤਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੀ ਚਿਤਾਵਨੀ ਦੇ ਬਾਵਜੂਦ ਉਹ ਆਏ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਵਲੋਂ ਉਨ੍ਹਾਂ ਵਿਰੁੱਧ ਸਿੱਧੂ ਮੂਸੇਵਾਲਾ ਦੀ ਵਿਧਾਨ ਸਭਾ ਚੋਣ ਵੇਲੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਸ਼ਿਕਾਇਤ ਪਰਚਾ ਦਰਜ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੁਲੀਸ ਵਲੋਂ ਅੱਜ ਤੱਕ ਨਾ ਹੀ ਫੋਨ ਰਾਹੀਂ ਅਤੇ ਨਾ ਹੀ ਕਿਸੇ ਹੋਰ ਤਰੀਕੇ ਸੰਮਨ ਨੋਟ ਨਹੀਂ ਕਰਾਏ ਸਨ ਪਰ ਜਦੋਂ ਉਹ ਅੱਜ ਮੂਸੇਵਾਲੇ ਦੇ ਘਰ ਆ ਰਹੇ ਹਨ ਤਾਂ ਇਹ ਪੁਰਾਣਾ ਕੇਸ ਕੱਢ ਮਾਰਿਆ ਹੈ।

News Source link