ਸੰਜੀਵ ਕੁਮਾਰ ਬੱਬੀ

ਚਮਕੌਰ ਸਾਹਿਬ, 23 ਨਵੰਬਰ

ਕਸਬਾ ਬੇਲਾ ਵਿੱਚ ਨਿਹੰਗ ਸਿੰਘਾਂ ਵੱਲੋਂ ਇੱਕ ਦੁਕਾਨਦਾਰ ਦੀ ਕੁੱਟਮਾਰ ਅਤੇ ਉਸ ਦੇ ਬਚਾਅ ਵਿਚ ਆਏ ਵਿਅਕਤੀਆਂ ਨੂੰ ਜ਼ਖ਼ਮੀ ਕਰਨ ਦੇ ਰੋਸ ਵਜੋਂ ਇੱਥੋਂ ਦੇ ਸਮੂਹ ਦੁਕਾਨਦਾਰਾਂ ਨੇ ਅੱਜ ਸਵੇਰੇ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਮੇਨ ਚੌਕ ਵਿਚ ਘੰਟਾ ਭਰ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ। ਇਸ ਦੌਰਾਨ ਧਰਨੇ ਵਾਲੀ ਥਾਂ ‘ਤੇ ਥਾਣਾ ਮੁਖੀ ਰੁਪਿੰਦਰ ਸਿੰਘ ਪੁੱਜੇ ਤੇ ਦੁਕਾਨਦਾਰਾਂ ਨੂੰ ਮੁਲਜ਼ਮਾਂ ਵਿਰੁੱਧ ਦੁਪਹਿਰ ਤੱਕ ਕਰਵਾਈ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਦੁਕਾਨਦਾਰਾਂ ਨੇ ਧਰਨਾ ਖਤਮ ਕੀਤਾ। ਪੁਲੀਸ ਚੌਕੀ ਬੇਲਾ ਦੇ ਇੰਚਾਰਜ ਜਗੀਰ ਸਿੰਘ ਨੇ ਦੱਸਿਆ ਕਿ ਬੇਲਾ ਬਾਜ਼ਾਰ ਦੇ ਦੁਕਾਨਦਾਰ ਰਮਨ ਕੁਮਾਰ ਨੇ ਬਿਆਨਾਂ ਵਿਚ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੀ ਵਿਚ ਬੈਠਾ ਸੀ ਤਾਂ ਉਸ ਦੇ ਨਾਲ ਦੁਕਾਨ ਕਰਦਾ ਡਾ. ਸ਼ਾਮ ਸਿੰਘ ਕੁੰਡਲਸ, ਉਸ ਦੀ ਪਤਨੀ, ਪੁੱਤਰ ਪਰਭਨੂਰ ਸਿੰਘ ਤੇ ਉਸ ਦਾ ਦੋਸਤ ਅਮਨਦੀਪ ਸਿੰਘ ਬੇਲਾ ਜਿਨ੍ਹਾਂ ਕੋਲ ਲੋਹੇ ਦੀ ਰਾਡ, ਪਾਈਪ ਅਤੇ ਡਾਗਾਂ ਸਨ, ਨੇ ਆਉਂਦਿਆਂ ਹੀ ਉਸ ‘ਤੇ ਇਹ ਕਹਿ ਕੇ ਹਮਲਾ ਕਰ ਦਿੱਤਾ ਕਿ ਉਹ ਉਨ੍ਹਾਂ ਦੀ ਸ਼ਾਨ ਖਿਲਾਫ ਗਲਤ ਸ਼ਬਦਾਵਲੀ ਵਰਤ ਰਿਹਾ ਹੈ। ਜਦੋਂ ਉਹ ਡਰਦਾ ਹੋਇਆ ਦੁਕਾਨ ਤੋਂ ਬਾਹਰ ਨਿਕਲਿਆ ਤਾਂ ਅਸ਼ੋਕ ਕੁਮਾਰ ਕਾਲਾ, ਉਸ ਦੀ ਪਤਨੀ ਪਰਮਜੀਤ ਕੌਰ ਪਿੰਕੀ ਅਤੇ ਮਨਿੰਦਰ ਸਿੰਘ ਸਮੇਤ ਉਨ੍ਹਾਂ ਨਾਲ ਪੰਜ ਛੇ ਨਿਹੰਗ ਸਿੰਘਾਂ ਦੇ ਬਾਣੇ ਵਿਚ ਆਏ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕੀਤੀ, ਜਦੋਂ ਉਸ ਨੂੰ ਛੁਡਾਉਣ ਲਈ ਸੁਨਿਆਰ ਅਸ਼ੋਕ ਕੁਮਾਰ ਵਰਮਾ ਆਇਆਂ ਤਾਂ ਉਕਤ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕਰਦਿਆਂ ਉਸ ਦੀ ਦੁਕਾਨ ਦੀ ਵੀ ਭੰਨਤੋੜ ਕੀਤੀ। ਉਕਤ ਦੋਵੇਂ ਜ਼ਖਮੀ ਹੋਏ ਵਿਅਕਤੀ ਇੱਥੋਂ ਦੇ ਸਰਕਾਰੀ ਹਸਪਤਾਲ ਵਿਚ ਜ਼ੋਰੇ ਇਲਾਜ ਹਨ। ਚੌਕੀ ਇੰਚਾਰਜ ਜਗੀਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਉਕਤ ਵਿਅਕਤੀਆਂ ਸਮੇਤ ਪੰਜ ਛੇ ਅਣਪਛਾਤੇ ਨਿਹੰਗ ਸਿੰਘਾਂ ਵਿਰੁੱਧ ਧਾਰਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

News Source link