ਗਾਜ਼ਾ ਪੱਟੀ, 18 ਨਵੰਬਰ

ਗਾਜ਼ਾ ਪੱਟੀ ਵਿਚ ਇਮਾਰਤ ਦੀ ਸਿਖ਼ਰਲੀ ਮੰਜ਼ਿਲ ‘ਤੇ ਸਥਿਤ ਇਕ ਅਪਾਰਟਮੈਂਟ ਵਿਚ ਅੱਗ ਲੱਗਣ ਕਾਰਨ ਇਕੋ ਪਰਿਵਾਰ ਦੇ 21 ਮੈਂਬਰਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਅੱਗ ਜਨਮ ਦਿਨ ਦੀ ਪਾਰਟੀ ਦੌਰਾਨ ਲੱਗੀ। ਗਾਜ਼ਾ ‘ਤੇ ਸ਼ਾਸਨ ਕਰ ਰਹੇ ਹਮਾਸ ਦੇ ਅਧਿਕਾਰੀਆਂ ਨੇ ਕਿਹਾ ਕਿ ਵੀਰਵਾਰ ਰਾਤ ਇਕ ਤਿੰਨ ਮੰਜ਼ਿਲਾਂ ਰਿਹਾਇਸ਼ੀ ਇਮਾਰਤ ਵਿਚ ਅੱਗ ਲੱਗ ਗਈ ਜੋ ਕਿ ਜਬਾਲੀਆ ਸ਼ਰਨਾਰਥੀ ਕੈਂਪ ਵਿਚ ਹੈ।

ਅੱਗ ਉੱਥੇ ਪਏ ਪੈਟਰੋਲ ਕਾਰਨ ਲੱਗੀ ਦੱਸੀ ਜਾ ਰਹੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲ ਦੇ ਸਾਲਾਂ ਵਿਚ ਗਾਜ਼ਾ ਵਿਚ ਵਾਪਰੀ ਇਹ ਸਭ ਤੋਂ ਮਾੜੀ ਘਟਨਾ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ-ਫ਼ਲਸਤੀਨ ਦੇ ਟਕਰਾਅ ਦੌਰਾਨ ਆਮ ਤੌਰ ‘ਤੇ ਗਾਜ਼ਾ ਵਿਚ ਹਿੰਸਕ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਅਬੂ ਰਾਇਆ ਦੇ ਪਰਿਵਾਰ ਦਾ ਅਪਾਰਟਮੈਂਟ ਪੂਰੀ ਤਰ੍ਹਾਂ ਤਬਾਹ ਹੋ ਗਿਆ। ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ ਕਿ ਇਕ ਬੱਚੇ ਦਾ ਜਨਮ ਦਿਨ ਸੀ ਤੇ ਇਕ ਪਰਿਵਾਰਕ ਮੈਂਬਰ ਵਿਦੇਸ਼ ਤੋਂ ਪਰਤਿਆ ਸੀ। ਇਸ ਮੌਕੇ ਜਸ਼ਨ ਮਨਾਇਆ ਜਾ ਰਿਹਾ ਸੀ। ਪਰਿਵਾਰ ਦੀਆਂ ਅੰਤਿਮ ਰਸਮਾਂ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ। ਦੱਸਣਯੋਗ ਹੈ ਕਿ ਹਮਾਸ ਵੱਲੋਂ ਗਾਜ਼ਾ ਦਾ ਪ੍ਰਬੰਧ ਸੰਭਾਲਣ ਤੋਂ ਬਾਅਦ ਇਜ਼ਰਾਈਲ-ਮਿਸਰ ਦੀ ਸਰਹੱਦ ਬੰਦ ਹੈ। ਇਸ ਕਾਰਨ ਉੱਥੇ ਪੈਟਰੋਲ-ਡੀਜ਼ਲ ਦਾ ਸੰਕਟ ਹੈ ਤੇ ਲੋਕ ਆਮ ਤੌਰ ‘ਤੇ ਸਰਦੀਆਂ ਵਿਚ ਕੁਕਿੰਗ ਗੈਸ ਤੇ ਤੇਲ ਭੰਡਾਰ ਕਰ ਕੇ ਰੱਖਦੇ ਹਨ। -ਏਪੀ

News Source link