ਲੰਡਨ, 21 ਸਤੰਬਰ

ਇੰਗਲੈਂਡ ਦੇ ਸਮੈਥਵਿਕ ਸ਼ਹਿਰ ਵਿਚ ਇਕ ਭੀੜ ਨੇ ਮੰਗਲਵਾਰ ਦੁਰਗਾ ਭਵਨ ਮੰਦਰ ਦੇ ਬਾਹਰ ਹਿੰਸਕ ਰੋਸ ਮੁਜ਼ਾਹਰਾ ਕੀਤਾ ਹੈ। ਇਸ ਸਬੰਧੀ ਪੁਲੀਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਲੈਸਟਰ ਤੋਂ ਬਾਅਦ ਹੁਣ ਇੱਥੇ ਵੀ ਹਿੰਸਕ ਟਕਰਾਅ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹੋਏ ਭਾਰਤ-ਪਾਕਿਸਤਾਨ ਮੈਚ ਤੋਂ ਬਾਅਦ ਲਗਾਤਾਰ ਹਿੰਦੂ ਤੇ ਮੁਸਲਿਮ ਭਾਈਚਾਰੇ ਵਿਚਾਲੇ ਤਣਾਅ ਬਣਿਆ ਹੋਇਆ ਹੈ। ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਵੱਡੀ ਭੀੜ ਦੁਰਗਾ ਭਵਨ ਹਿੰਦੂ ਮੰਦਰ ਵੱਲ ਵੱਧ ਰਹੀ ਹੈ। ਉਨ੍ਹਾਂ ਵੱਲੋਂ ਧਾਰਮਿਕ ਨਾਅਰੇ ਵੀ ਲਾਏ ਜਾ ਰਹੇ ਹਨ। ਭੀੜ ਵਿਚੋਂ ਕਈ ਜਣੇ ਮੰਦਰ ਦੀਆਂ ਕੰਧਾਂ ਉਤੇ ਚੜ੍ਹਦੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਸੈਂਡਵੈੱਲ ਪੁਲੀਸ ਨੇ ਟਵੀਟ ਕੀਤਾ ਸੀ ਕਿ ਉਹ ਵੈਸਟ ਬਰੌਮਵਿਚ ‘ਚ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਤੋਂ ਜਾਣੂ ਹਨ। ਪੁਲੀਸ ਨੇ ਕਿਹਾ ਸੀ ਕਿ ਇਹ ਮਸਲਾ ਸਪੋਨ ਲੇਨ ਦੇ ਮੰਦਰ ਦੇ ਸਪੀਕਰ ਨਾਲ ਜੁੜਿਆ ਹੋਇਆ ਹੈ। ਪਰ ਬਾਅਦ ਵਿਚ ਪੁਲੀਸ ਨੇ ਕਿਹਾ ਸੀ ਕਿ ਇਹ ਰੋਸ ਪ੍ਰਦਰਸ਼ਨ ਰੱਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਲੈਸਟਰ ਸ਼ਹਿਰ ਵਿਚ ਮੰਦਰ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਇਸ ਸ਼ਹਿਰ ‘ਚ ਪਾਕਿਸਤਾਨੀ ਮੂਲ ਦਾ ਮੁਸਲਿਮ ਭਾਈਚਾਰਾ ਵੱਡੀ ਗਿਣਤੀ ‘ਚ ਰਹਿੰਦਾ ਹੈ। ਭਾਰਤੀ ਹਾਈ ਕਮਿਸ਼ਨ ਨੇ ਸੋਮਵਾਰ ਲੈਸਟਰ ‘ਚ ਹੋਈ ਹਿੰਸਾ ਦੀ ਨਿਖੇਧੀ ਕੀਤੀ ਸੀ ਤੇ ਸਬੰਧਤ ਅਥਾਰਿਟੀ ਨੂੰ ਤੁਰੰਤ ਕਦਮ ਚੁੱਕਣ ਲਈ ਕਿਹਾ ਸੀ। -ਏਐੱਨਆਈ

News Source link