ਕੰਨਿਆਕੁਮਾਰੀ (ਤਾਮਿਲਨਾਡੂ), 6 ਸਤੰਬਰ

ਕਾਂਗਰਸ ਵੱਖ ਵੱਖ ਮੁੱਦਿਆਂ ‘ਤੇ ਜਨਤਾ ਨਾਲ ਸਿੱਧਾ ਸੰਵਾਦ ਰਚਾਉਣ ਅਤੇ ਆਰਥਿਕ ਪਾੜੇ, ਸਮਾਜਿਕ ਧਰੁਵੀਕਰਨ ਤੇ ਸਿਆਸਤ ਦੇ ਕੇਂਦਰੀਕਰਨ ਖ਼ਿਲਾਫ਼ ਮੁਹਿੰਮ ਛੇੜਨ ਦੇ ਮਕਸਦ ਨਾਲ 7 ਸਤੰਬਰ ਨੂੰ ਇੱਥੇ ਆਪਣੀ 3570 ਕਿਲੋਮੀਟਰ ਲੰਮੀ ‘ਭਾਰਤ ਜੋੜੋ ਯਾਤਰਾ’ ਸ਼ੁਰੂ ਕਰੇਗੀ। ਪਾਰਟੀ ਦੀ ਇਸ ਯਾਤਰਾ ਦਾ ਮਕਸਦ ਵਿਚਾਰਾਂ ਦੀ ਲੜਾਈ ‘ਚ ਖੁਦ ਨੂੰ ਮਜ਼ਬੂਤ ਬਣਾਉਣਾ ਵੀ ਹੈ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਭਲਕੇ ਸ੍ਰੀਪੇਰੁਮਬੁਦੂਰ ‘ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਸਮਾਰਕ ‘ਤੇ ਪ੍ਰਾਰਥਨਾ ਸਭਾ ‘ਚ ਸ਼ਾਮਲ ਹੋਣ ਮਗਰੋਂ ਯਾਤਰਾ ਦੀ ਸ਼ੁਰੂਆਤ ਕਰਨਗੇ। ਉਹ ਇੱਥੇ ਸਮਾਗਮ ‘ਚ ਵੀ ਹਿੱਸਾ ਲੈਣਗੇ ਜਿੱਥੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਵੀ ਸ਼ਾਮਲ ਹੋਣਗੇ ਤੇ ਰਾਹੁਲ ਗਾਂਧੀ ਨੂੰ ਖਾਦੀ ਦਾ ਬਣਿਆ ਕੌਮੀ ਝੰਡਾ ਸੌਂਪਣਗੇ। ਇਸ ਮਗਰੋਂ ਮਹਾਤਮਾ ਗਾਂਧੀ ਮੰਡਪਮ ‘ਚ ਇੱਕ ਸਮਾਗਮ ਦੌਰਾਨ ਰਾਹੁਲ ਗਾਂਧੀ ਤੇ ਹੋਰ ਕਾਂਗਰਸ ਆਗੂ ਯਾਤਰਾ ਦੀ ਰਸਮੀ ਸ਼ੁਰੂਆਤ ਕਰਨਗੇ। ਇਸ ਮੌਕੇ ਐੱਮਕੇ ਸਟਾਲਿਨ ਵੀ ਹਾਜ਼ਰ ਰਹਿਣਗੇ।

ਇੱਕ ਵੀਡੀਓ ਸੁਨੇਹੇ ਰਾਹੀਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਲੋਕਾਂ ਨੂੰ ਜਿੱਥੇ ਵੀ ਸੰਭਵ ਹੋਵੇ ਯਾਤਰਾ ਨਾਲ ਜੁੜਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਯਾਤਰਾ ਇਸ ਲਈ ਜ਼ਰੂਰੀ ਹੈ ਕਿਉਂਕਿ ਦੇਸ਼ ‘ਚ ਨਾਕਾਰਾਤਮਕ ਸਿਆਸਤ ਕੀਤੀ ਜਾ ਰਹੀ ਹੈ ਤੇ ਜਨਤਾ ਨਾਲ ਸਬੰਧਤ ਅਸਲੀ ਮੁੱਦਿਆਂ ‘ਤੇ ਚਰਚਾ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਮਕਸਦ ਮਹਿੰਗਾਈ ਤੇ ਬੇਰੁਜ਼ਗਾਰੀ ਜਿਹੇ ਲੋਕ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕਰਨਾ ਹੈ। ਕਾਂਗਰਸ ਦੀ ਕੰਨਿਆਕੁਮਾਰੀ ਤੋਂ ਸ੍ਰੀਨਗਰ ਤੱਕ ਦੀ 3570 ਕਿਲੋਮੀਟਰ ਲੰਮੀ ਯਾਤਰਾ 12 ਰਾਜਾਂ ਤੇ 5 ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚੋਂ ਲੰਘੇਗੀ ਤੇ ਤਕਰੀਬਨ ਪੰਜ ਮਹੀਨਿਆਂ ਅੰਦਰ ਪੂਰੀ ਹੋਵੇਗੀ। ਇਸ ਯਾਤਰਾ ਭਾਵੇਂ ਭਲਕੇ ਰਸਮੀ ਤੌਰ ‘ਤੇ ਸ਼ੁਰੂ ਕੀਤੀ ਜਾ ਰਹੀ ਹੈ ਪਰ ਸਹੀ ਢੰਗ ਨਾਲ ਇਹ ਯਾਤਰਾ 8 ਸਤੰਬਰ ਨੂੰ ਸਵੇਰੇ 7 ਵਜੇ ਸ਼ੁਰੂ ਹੋਵੇਗੀ ਜਦੋਂ ਰਾਹੁਲ ਗਾਂਧੀ ਤੇ ਕਾਂਗਰਸ ਦੇ ਹੋਰ ਆਗੂ ਮਾਰਚ ਸ਼ੁਰੂ ਕਰਨਗੇ। -ਪੀਟੀਆਈ

‘ਭਾਰਤ ਜੋੜੋ’ ਤੇ ‘ਕਾਂਗਰਸ ਜੋੜੋ’ ਦੋਵੇਂ ਟੀਚੇ ਹੋ ਸਕਦੇ ਨੇ ਹਾਸਲ: ਥਰੂਰ

ਤਿਰੂਵਨੰਤਪੁਰਮ: ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਅੱਜ ਕਿਹਾ ਕਿ ‘ਭਾਰਤ ਜੋੜੋ’ ਯਾਤਰਾ ਦੇਸ਼ ਭਰ ‘ਚ ਕਾਂਗਰਸ ਨਾਲ ਜੁੜੇ ਲੋਕਾਂ ਨੂੰ ਪਾਰਟੀ ਦੀਆਂ ਕਦਰਾਂ-ਕੀਮਤਾਂ ਤੇ ਆਦਰਸ਼ਾਂ ਦੁਆਲੇ ਇਕਜੁੱਟ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਯਾਤਰਾ ਨਾਲ ‘ਭਾਰਤ ਜੋੜੋ’ ਤੇ ‘ਕਾਂਗਰਸ ਜੋੜੋ’ ਦੋਵੇਂ ਹੀ ਟੀਚੇ ਹਾਸਲ ਕੀਤੇ ਜਾ ਸਕਦੇ ਹਨ। ਥਰੂਰ ਨੇ ਕਿਹਾ ਕਿ ਇਸ ਯਾਤਰਾ ਦਾ ਮਕਸਦ ਇਹ ਸੁਨੇਹਾ ਦੇਣਾ ਵੀ ਹੈ ਕਿ ਕਾਂਗਰਸ ਹੀ ਉਹ ਪਾਰਟੀ ਹੈ ਜੋ ਭਾਰਤ ਨੂੰ ਜੋੜ ਕੇ ਰੱਖ ਸਕਦੀ ਹੈ ਅਤੇ ਜੇਕਰ ਜਨਤਾ ਤੱਕ ਇਹ ਸੁਨੇਹਾ ਸਹੀ ਢੰਗ ਨਾਲ ਪਹੁੰਚ ਗਿਆ ਤਾਂ ਇਸ ਨਾਲ ਪਾਰਟੀ ‘ਚ ਮੁੜ ਜਾਨ ਆ ਜਾਵੇਗੀ। ਥਰੂਰ ਦੇ ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਚੋਣ ਲੜਨ ਦੇ ਕਿਆਸ ਲਾਏ ਜਾ ਰਹੇ ਹਨ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਕਈ ਨੇਤਾ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਲੜਨਗੇ ਜਿਸ ਨਾਲ ਚੋਣਕਾਰਾਂ ਨੂੰ ਜ਼ਿਆਦਾ ਬਦਲ ਮਿਲਣਗੇ। ਉਨ੍ਹਾਂ ਖੁਦ ਦੇ ਚੋਣ ਲੜਨ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ। ਕਾਂਗਰਸ ਦੇ ਸਾਬਕਾ ਆਗੂ ਗੁਲਾਮ ਨਬੀ ਆਜ਼ਾਦ ਤੇ ਹੋਰ ਆਲੋਚਕਾਂ ਦੇ ਬਿਆਨਾਂ ਬਾਰੇ ਥਰੂਰ ਨੇ ਕਿਹਾ, ‘ਗੁਲਾਮ ਨਬੀ ਸਾਹਿਬ ਸਨਮਾਨਤ ਤੇ ਸੀਨੀਅਰ ਨੇਤਾ ਹਨ ਤੇ ਮੈਂ ਉਨ੍ਹਾਂ ਦੀਆਂ ਗੱਲਾਂ ‘ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ।’ ਉਨ੍ਹਾਂ ਕਿਹਾ, ‘ਪਰ ਮੈਂ ਇਹ ਕਹਾਂਗਾ ਕਿ ਜਨਤਾ ਨਾਲ ਜੁੜੇ ਮੁੱਦੇ ਚੁੱਕ ਕੇ ਅਤੇ ਇਹ ਦਿਖਾ ਕੇ ਕਿ ਅਸੀਂ ਉਨ੍ਹਾਂ ਲਈ ਲੜ ਰਹੇ ਹਾਂ, ਭਾਰਤ ਜੋੜੋ ਯਾਤਰਾ ਦੇਸ਼ ਭਰ ‘ਚ ਕਾਂਗਰਸ ਨਾਲ ਜੁੜੇ ਲੋਕਾਂ ਨੂੰ ਸਾਡੀਆਂ ਕਦਰਾਂ-ਕੀਮਤਾਂ ਤੇ ਆਦਰਸ਼ਾਂ ਦੇ ਆਲੇ-ਦੁਆਲੇ ਇਕਜੁੱਟ ਕਰ ਸਕਦੀ ਹੈ।’

News Source link