ਨਵੀਂ ਦਿੱਲੀ, 27 ਜੂਨ

ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਪਿਤਾ ਨੇ ਅੱਜ ਸੁਪਰੀਮ ਕੋਰਟ ਦਾ ਰੁਖ਼ ਕਰਦਿਆਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਦਿੱਲੀ ਕੋਰਟ ਵੱਲੋਂ ਪੰਜਾਬ ਪੁਲੀਸ ਨੂੰ ਦਿੱਤੇ ਟਰਾਂਜ਼ਿਟ ਰਿਮਾਂਡ ਸਣੇ ਹੋਰ ਕਈ ਫੈਸਲਿਆਂ ਨੂੰ ਚੁਣੌਤੀ ਦਿੱਤੀ ਹੈ। ਗੈਂਗਸਟਰ ਦੇ ਪਿਤਾ ਨੇ ਆਪਣੇ ਵਕੀਲ ਸੰਗਰਾਮ ਸਿੰਘ ਸਾਰੋਂ ਰਾਹੀਂ ਦਾਖ਼ਲ ਪਟੀਸ਼ਨ ਵਿੱਚ ਇਹ ਸ਼ਿਕਾਇਤ ਵੀ ਕੀਤੀ ਕਿ ਪੰਜਾਬ ਵਿੱਚ ਵਕੀਲਾਂ ਨੇ ਉਸ ਦੇ ਪੁੱਤਰ ਦਾ ਬਾਈਕਾਟ ਕੀਤਾ ਹੋਇਆ ਹੈ ਤੇ ਉਹ ਉਸ ਦੇ ਕੇਸ ਦੀ ਪੈਰਵੀ ਕਰਨ ਤੋਂ ਇਨਕਾਰੀ ਹਨ। ਐਡਵੋਕੇਟ ਸਾਰੋਂ ਨੇ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਜੇ.ਬੀ.ਪਰਦੀਵਾਲਾ ਦੇ ਵੈਕੇਸ਼ਨ ਬੈਂਚ ਨੂੰ ਦੱਸਿਆ ਕਿ ਉਨ੍ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਦਿੱਲੀ ਕੋਰਟ ਦੇ ਟਰਾਂਜ਼ਿਟ ਰਿਮਾਂਡ ਦੇਣ ਸਬੰਧੀ ਹੁਕਮਾਂ ਨੂੰ ਚੁਣੌਤੀ ਦਿੱਤੀ ਹੋਈ ਹੈ, ਪਰ ਕਿਉਂ ਜੋ ਪੰਜਾਬ ਦੀ ਮਾਨਸਾ ਕੋਰਟ ਵਿੱਚ ਕੋਈ ਵੀ ਵਕੀਲ ਬਿਸ਼ਨੋਈ ਦੇ ਕੇਸ ਦੀ ਪੈਰਵੀ ਕਰਨ ਲਈ ਤਿਆਰ ਨਹੀਂ ਹੈ, ਜਿਸ ਕਰਕੇ ਉਸ ਨੂੰ ਸੁਪਰੀਮ ਕੋਰਟ ਦਾ ਰੁਖ਼ ਕਰਨਾ ਪਿਆ ਹੈ। ਬੈਂਚ ਨੇ ਵਕੀਲਾਂ ਦੇ ਇਸ ਰਵੱਈੲੇ ਨੂੰ ‘ਪੂਰੀ ਤਰ੍ਹਾਂ ਗੈਰਵਾਜਬ’ ਕਰਾਰ ਦਿੰਦਿਆਂ ਕਿਹਾ ਕਿ ਪਟੀਸ਼ਨਰ ਬਿਸ਼ਨੋਈ ਲਈ ਕਾਨੂੰਨੀ ਸਹਾਇਤਾ ਹਾਸਲ ਕਰਨ ਵਾਸਤੇ ਹਾਈ ਕੋਰਟ ਦਾ ਰੁਖ਼ ਕਰ ਸਕਦਾ ਹੈ। ਪੀਟੀਆਈ

News Source link