ਇੰਦੌਰ, 19 ਜੂਨ

ਹਥਿਆਰਬੰਦ ਬਲਾਂ ਵਿੱਚ ਭਰਤੀ ਸਕੀਮ ‘ਅਗਨੀਪਥ’ ਖ਼ਿਲਾਫ਼ ਦੇਸ਼ ਵਿੱਚ ਹੋ ਰਹੇ ਪ੍ਰਦਰਸ਼ਨਾਂ ਦਰਮਿਆਨ ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਨੇ ਅੱਜ ਕਿਹਾ ਕਿ ਜੇ ਉਸ ਨੂੰ ਪਾਰਟੀ ਦਫ਼ਤਰ ਦੀ ਸੁਰੱਖਿਆ ਵਿਵਸਥਾ ਲਈ ਪੇਸ਼ੇਵਰ ਸੇਵਾਵਾਂ ਲੈਣ ਦੀ ਲੋੜ ਪਈ ਤਾਂ ਉਹ ਉਨ੍ਹਾਂ ਲੋਕਾਂ ਨੂੰ ਤਰਜੀਹ ਦੇਣਗੇ, ਜਿਨ੍ਹਾਂ ਨੇ ਫੌਜ ਵਿੱਚ ਅਗਨੀਵੀਰਾਂ ਵਜੋਂ ਸੇਵਾ ਨਿਭਾਈ ਹੋਵੇ। ‘ਅਗਨੀਵੀਰ’ ਸਕੀਮ ਦਾ ਵਿਰੋਧ ਕਰਨ ‘ਤੇ ਕਾਂਗਰਸ ਉੱਤੇ ਵਰ੍ਹਦਿਆਂ ਕਿਹਾ ਕਿ ਉਸ ਨੂੰ ਸਿਰਫ਼ ਆਪਣੀ ਸੱਤਾ ਵਿੱਚ ਆਉਣ ਦੀ ਚਿੰਤਾ ਹੈ ਤੇ ਉਸ ਨੂੰ ਦੇਸ਼ ਦਾ ਕੋਈ ਫ਼ਿਕਰ ਨਹੀਂ ਹੈ। ਇਸ ਦੇ ਨਾਲ ਹੀ ਭਾਜਪਾ ਆਗੂ ਵਿਜੈਵਰਗੀਆਂ ਵਿਰੋਧੀਆਂ ਦੇ ਨਾਲ ਨਾਲ ਆਪਣੀ ਪਾਰਟੀ ਦੇ ਸੰਸਦ ਮੈਂਬਰ ਵਰੁਣ ਗਾਂਧੀ ਦੇ ਨਿਸ਼ਾਨੇ ‘ਤੇ ਆ ਗਏ ਹਨ। ਉਨ੍ਹਾਂ ਕਿਹਾ ਕਿ ਵਿਜੈਵਰਗੀਆ ਸਪਸ਼ਟ ਤੌਰ ‘ਤੇ ਸੁਝਾਅ ਦੇ ਰਹੇ ਹਨ ਕਿ ਉਹ ਆਪਣੇ ਪਾਰਟੀ ਦਫ਼ਤਰ ਵਿੱਚ ਸੁਰੱਖਿਆ ਦੀ ਨੌਕਰੀ ਲਈ ‘ਅਗਨੀਵੀਰਾਂ’ ਨੂੰ ਤਰਜੀਹ ਦੇਣਗੇ। ਕਾਂਗਰਸ ਨੇ ਉਨ੍ਹਾਂ ‘ਤੇ ਜਵਾਨਾਂ ਦਾ ਅਪਮਾਨ ਕਰਨ ਦਾ ਦੋਸ਼ ਲਾਇਆ। ਵਿਜੈਵਰਗੀਆਂ ਨੇ ਕਿਹਾ ਕਿ ਕਥਿਤ ‘ਟੂਲਕਿੱਟ ਗੈਂਗ’ ਵੱਲੋਂ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਕਹਿਣ ਦਾ ਮਤਲਬ ਸੀ ਕਿ ਇਹ ਫੌਜੀ ਆਪਣਾ ਕਾਰਜਕਾਲ ਪੂਰਾ ਹੋਣ ਮਗਰੋਂ ਜਿਸ ਵੀ ਖੇਤਰ ਵਿੱਚ ਜਾਣਗੇ, ਉਨ੍ਹਾਂ ਦਾ ਤਜਰਬਾ ਕੰਮ ਆਵੇਗਾ। -ਪੀਟੀਆਈ

News Source link