ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 5 ਜੂਨ

‘ਆਪ’ ਸਰਕਾਰ ਵੱਲੋਂ ਛੇਤੀ ਹੀ ਪਹਿਲਾ ਕੈਬਨਿਟ ਵਿਸਥਾਰ ਕੀਤੇ ਜਾਣ ਦੀ ਸੰਭਾਵਨਾ ਹੈ। ਵਿਜੈ ਸਿੰਗਲਾ ਨੂੰ ਕੈਬਨਿਟ ‘ਚੋਂ ਬਰਖ਼ਾਸਤ ਕੀਤੇ ਜਾਣ ਮਗਰੋਂ ਵਜ਼ੀਰਾਂ ਦੀ ਗਿਣਤੀ ਨੌਂ ਰਹਿ ਗਈ ਹੈ। ਨਿਯਮਾਂ ਅਨੁਸਾਰ ਮੁੱਖ ਮੰਤਰੀ ਤੋਂ ਇਲਾਵਾ 17 ਕੈਬਨਿਟ ਮੰਤਰੀ ਬਣਾਏ ਜਾ ਸਕਦੇ ਹਨ। ਸੂਤਰਾਂ ਅਨੁਸਾਰ ਕੈਬਨਿਟ ਵਿਸਥਾਰ ਵਿਚ ਚਾਰ ਜਾਂ ਪੰਜ ਹੋਰ ਨਵੇਂ ਮੰਤਰੀ ਬਣਾਏ ਜਾ ਸਕਦੇ ਹਨ। ਆਮ ਆਦਮੀ ਪਾਰਟੀ ਦੇ ਦੂਜੀ ਵਾਰ ਬਣੇ ਵਿਧਾਇਕਾਂ ਨੂੰ ਵਜ਼ੀਰੀ ਮਿਲਣ ਦੀ ਆਸ ਹੈ ਪ੍ਰੰਤੂ ਕਿਸੇ ਨੂੰ ਕੋਈ ਭਿਣਕ ਨਹੀਂ ਪੈ ਰਹੀ ਹੈ।

ਸੂਤਰਾਂ ਨੇ ਕਿਹਾ ਕਿ ਸਰਕਾਰ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕੈਬਨਿਟ ਵਿਸਥਾਰ ਕਰਨ ਦੇ ਰੌਂਅ ‘ਚ ਹੈ। ਜਿਨ੍ਹਾਂ ਜ਼ਿਲ੍ਹਿਆਂ ਨੂੰ ਅਜੇ ਕੈਬਨਿਟ ਵਿਚ ਨੁਮਾਇੰਦਗੀ ਨਹੀਂ ਮਿਲੀ ਹੈ, ਉਨ੍ਹਾਂ ‘ਚੋਂ ਵੀ ਨਵੇਂ ਮੰਤਰੀ ਲਏ ਜਾ ਸਕਦੇ ਹਨ। ਵਿਜੈ ਸਿੰਗਲਾ ਨੂੰ ਕੈਬਨਿਟ ‘ਚੋਂ ਕੱਢਣ ਮਗਰੋਂ ਸਿਹਤ ਵਿਭਾਗ ਵੀ ਮੁੱਖ ਮੰਤਰੀ ਕੋਲ ਹੀ ਹੈ। ਜਾਣਕਾਰੀ ਮੁਤਾਬਕ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੈਬਨਿਟ ਵਿਸਥਾਰ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਰੀ ਝੰਡੀ ਦੇ ਦਿੱਤੀ ਹੈ।

ਸੂਬਾ ਸਰਕਾਰ ਬਜਟ ਸੈਸ਼ਨ ਦੀ ਸ਼ੁਰੂਆਤ ਵੀ 17 ਜੂਨ ਤੋਂ ਕਰਨ ਬਾਰੇ ਵਿਚਾਰਾਂ ਕਰ ਰਹੀ ਹੈ ਅਤੇ ਇਸ ਬਾਰੇ ਆਖ਼ਰੀ ਫ਼ੈਸਲਾ 7 ਜੂਨ ਨੂੰ ਹੋ ਰਹੀ ਕੈਬਨਿਟ ਮੀਟਿੰਗ ਵਿਚ ਲਿਆ ਜਾ ਸਕਦਾ ਹੈ। ਪਹਿਲੀ ਜੁਲਾਈ ਤੋਂ ਪਹਿਲਾਂ ਬਜਟ ਪਾਸ ਕੀਤਾ ਜਾਣਾ ਲਾਜ਼ਮੀ ਹੈ। ਇਸ ਦੌਰਾਨ ਸੰਗਰੂਰ ਦੀ ਜ਼ਿਮਨੀ ਚੋਣ ਵੀ ਆ ਗਈ ਹੈ।

ਜਾਣਕਾਰੀ ਅਨੁਸਾਰ ਜ਼ਿਮਨੀ ਚੋਣ ਤੋਂ ਪਹਿਲਾਂ ਬਜਟ ਸੈਸ਼ਨ ਸ਼ੁਰੂ ਹੋ ਸਕਦਾ ਹੈ ਅਤੇ 23 ਜੂਨ ਮਗਰੋਂ ਬਜਟ ਪੇਸ਼ ਹੋ ਸਕਦਾ ਹੈ। ਦਿੱਕਤ ਇਹ ਹੈ ਕਿ 23 ਜੂਨ ਤੋਂ ਪਹਿਲਾਂ ਬਜਟ ਪੇਸ਼ ਕੀਤੇ ਜਾਣ ਦੀ ਸੂਰਤ ਵਿਚ ਸਰਕਾਰ ਕੋਈ ਲੋਕ ਲੁਭਾਊ ਐਲਾਨ ਨਹੀਂ ਕਰ ਸਕੇਗੀ। ਪਹਿਲਾਂ ਬਜਟ ਸੈਸ਼ਨ 10 ਜੂਨ ਤੋਂ ਸ਼ੁਰੂ ਕਰਨ ਬਾਰੇ ਵਿਚਾਰਾਂ ਹੋਈਆਂ ਸਨ।

News Source link