ਪਾਲ ਸਿੰਘ ਨੌਲੀ
ਜਲੰਧਰ, 12 ਮਈ

ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਆਦਮਪੁਰ ਦੇ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਦਾ ਹਾਲ-ਚਾਲ ਪੁੱਛਣ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹੁੰਚੇ। ਰਾਮਾਂਮੰਡੀ ਦੇ ਜੌਹਲ ਹਸਪਤਾਲ ਵਿੱਚ ਜ਼ੇਰੇ ਇਲਾਜ ਵਿਧਾਇਕ ਕੋਟਲੀ ਦੀ ਸੱਜੀ ਲੱਤ ਦਾ ਅਪਰੇਸ਼ਨ ਕੀਤਾ ਗਿਆ ਹੈ। ਸ੍ਰੀ ਵੜਿੰਗ ਨੇ ਕੋਟਲੀ ਦਾ ਹਾਲ-ਚਾਲ ਪੁੱਛਦਿਆਂ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਸਿਹਤਯਾਬ ਹੋ ਕੇ ਹਲਕੇ ਦੇ ਲੋਕਾਂ ਦੀ ਸੇਵਾ ਵਿਚ ਪਹਿਲਾਂ ਵਾਂਗ ਡਟ ਜਾਣਗੇ। ਉਨ੍ਹਾਂ ਦੇ ਨਾਲ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਤੇ ਸੁਸ਼ੀਲ ਰਿੰਕੂ ਸਮੇਤ ਹੋਰ ਕਾਂਗਰਸੀ ਆਗੂ ਵੀ ਹਾਜ਼ਰ ਸਨ। ਡਾ. ਬੀਐੱਸ ਜੌਹਲ ਨੇ ਦੱਸਿਆ ਕਿ ਵਿਧਾਇਕ ਕੋਟਲੀ ਦੀ ਲੱਤ ਦਾ ਅਪਰੇਸ਼ਨ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੀਆਂ ਟੁੱਟੀਆਂ ਪਸਲੀਆਂ ਨੂੰ ਵੀ ਬੰਨ੍ਹ ਦਿੱਤਾ ਗਿਆ ਹੈ। ਡਾ. ਜੌਹਲ ਨੇ ਉਮੀਦ ਪ੍ਰਗਟਾਈ ਹੈ ਕਿ ਤਿੰਨ-ਚਾਰ ਦਿਨਾਂ ਤੱਕ ਸੁਖਵਿੰਦਰ ਕੋਟਲੀ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਜਾਵੇਗਾ। ਵਿਧਾਇਕ ਕੋਟਲੀ ਦੇ ਪੀਏ ਦੀ ਟੁੱਟੀ ਬਾਂਹ ਦਾ ਵੀ ਅਪਰੇਸ਼ਨ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਲੰਘੀ 10 ਮਈ ਨੂੰ ਚੰਡੀਗੜ੍ਹ ਤੋਂ ਵਾਪਸੀ ਸਮੇਂ ਢਾਹਾਂ ਕਲੇਰਾਂ ਨੇੜੇ ਵਿਧਾਇਕ ਸੁਖਵਿੰਦਰ ਕੋਟਲੀ ਹਾਦਸੇ ਦਾ ਸ਼ਿਕਾਰ ਹੋ ਗਏ ਸਨ।

News Source link