ਪ੍ਰਵਾਨੇ, ਸਿੰਗਲੇ, ਸਿੱਖ ਚਿੰਤਕ ਅਤੇ ਭੰਬਲ਼ਭੂਸਾ ਖਾਲਿਸਤਾਨ ਦਿਵਸ ਦਾ..


ਹਰਚਰਨ ਸਿੰਘ ਪ੍ਰਹਾਰ Tel.: 403-681-8689 Email: hparharwriter@gmail.com


ਪੰਜਾਬ ਅੰਦਰ ਹਿੰਦੂ-ਸਿੱਖ ਤਣਾਅ ਦਾ ਇਤਿਹਾਸ ਕੋਈ ਨਵਾਂ ਨਹੀਂ ਹੈ, ਇਹ 1947 ਵਿੱਚ ਇੰਡੀਆ ਅਜ਼ਾਦ ਹੋਣ ਦੇ ਸਮੇਂ ਤੋਂ ਹੀ ਵੱਖ-ਵੱਖ ਢੰਗਾਂ ਨਾਲ਼ ਚੱਲਿਆ ਆ ਰਿਹਾ ਹੈ।ਇਹ ਵੱਖ-ਵੱਖ ਪੜਾਵਾਂ ‘ਚੋਂ ਲੰਘਦਾ ਹੀ ਇਥੇ ਤੱਕ ਪਹੁੰਚਾ ਹੈ, ਪੰਜਾਬੀਆਂ ਨੇ ਹੁਣ ਤੱਕ ਇਸਦੇ ਕਈ ਰੰਗ ਦੇਖੇ ਹਨ।ਪਰ ਇਹ ਤਣਾਅ ਅਜ਼ਾਦੀ ਤੋਂ ਜਲਦੀ ਬਾਅਦ ਪੰਜਾਬੀ ਸੂਬਾ ਨਾਹਰਾ ਮੋਰਚੇ ਦੇ ਸਮੇਂ ਹੀ ਸ਼ੁਰੂ ਹੋ ਗਿਆ ਸੀ।ਜਦੋਂ ਇੱਕ ਪਾਸੇ ਸਿੱਖ ‘ਪੰਜਾਬੀ ਸੂਬੇ’ ਦਾ ਨਾਹਰਾ ਮਾਰਦੇ ਸਨ ਤਾਂ ਹਿੰਦੂ ਵਿਰੋਧ ਵਿੱਚ ‘ਮਹਾਂ ਪੰਜਾਬ’ ਦਾ ਨਾਹਰਾ ਮਾਰਦੇ ਸਨ। ਪਿਛਲੇ 60-70 ਸਾਲਾਂ ਵਿੱਚ ਕਿਸੇ ਵੀ ਧਿਰ ਵਲੋਂ ਇਸ ਤਣਾਅ ਦੀਆਂ ਜੜ੍ਹਾਂ ਵਿੱਚ ਜਾ ਕੇ ਮਸਲਾ ਸਮਝਣ ਤੇ ਹੱਲ ਕਰਨ ਦੀ ਕਦੇ ਸੁਹਿਰਦ ਕੋਸ਼ਿਸ਼ ਨਹੀਂ ਕੀਤੀ।ਜਦੋਂ ਕੁਝ ਘਟਨਾਵਾਂ ਵਾਪਰਦੀਆਂ ਹਨ ਤਾਂ ਹਿੰਦੂ-ਸਿੱਖ ਭਾਈ-ਭਾਈ ਜਾਂ ਹਿੰਦੂਆਂ-ਸਿੱਖਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਆਦਿ ਦੇ ਵਕਤੀ ਜਜ਼ਬਾਤੀ ਨਾਹਰਿਆਂ ਹੇਠ ਮਸਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਨਤੀਜਾ ਇਹ ਹੈ ਕਿ ਪਿਛਲੀ ਸਦੀ ਦੇ ਆਖਰੀ ਦੋ ਦਹਾਕਿਆਂ ਵਿੱਚ ਅਨੇਕਾਂ ਵੱਡੀਆਂ ਤ੍ਰਾਸਦੀਆਂ ਵਾਪਰਨ ਤੋਂ ਬਾਅਦ ਵੀ ਲਗਦਾ ਹੈ ਕਿ ਮਸਲਾ ਜਿਉਂ ਦਾ ਤਿਉਂ ਖੜਾ ਹੈ? ਕਿਸੇ ਧਿਰ ਨੇ ਕੋਈ ਸਬਕ ਨਹੀਂ ਸਿੱਖਿਆ? ਸਭ ਧਿਰਾਂ ਸਾਰਾ ਦੋਸ਼ ਦੂਜਿਆਂ ਤੇ ਥੋਪ ਕੇ ਆਪਣੇ ਆਪ ਨੂੰ ਦੁੱਧ ਧੋਤੇ ਸਾਬਿਤ ਕਰਦੀਆਂ ਹਨ। ਕੁਝ ਸਮੇਂ ਦੇ ਰੌਲ਼ੇ-ਰੱਪੇ ਤੋਂ ਬਾਅਦ ਸ਼ਾਂਤੀ ਹੋਣ ਨਾਲ਼ ਸਮਝ ਲਿਆ ਜਾਂਦਾ ਹੈ ਕਿ ਸਭ ਕੁਝ ਠੀਕ ਹੋ ਗਿਆ ਹੈ।ਪਰ ਕੁਝ ਜਜ਼ਬਾਤੀ ਜਾਂ ਸ਼ਰਾਰਤੀ ਅਨਸਰਾਂ ਵਲੋਂ ਕੀਤੀ ਜਰਾ ਕੁ ਜਿੰਨੀ ਇੱਲਤ ਨਾਲ਼ ਸਥਿਤੀ ਵਿਸਫੋਟਕ ਹੋ ਜਾਂਦੀ ਹੈ।ਰਾਜਸੀ ਤੇ ਧਾਰਮਿਕ ਲੋਕ ਆਪਣੇ ਸੌੜੇ ਹਿੱਤਾਂ ਲਈ ਇਸ ਮਸਲੇ ਨੂੰ ਜਿਉਂ ਦਾ ਤਿਉਂ ਬਣਾਈ ਰੱਖਣਾ ਚਾਹੁੰਦੇ ਹਨ ਤਾਂ ਕਿ ਲੋੜ ਅਨੁਸਾਰ ਇਸਨੂੰ ਆਪਣੇ ਹਿੱਤਾਂ ਲਈ ਵਰਤਿਆ ਜਾ ਸਕੇ? ਆਮ ਹਾਲਾਤਾਂ ਵਿੱਚ ਲੋਕਾਂ ਦਾ ਆਪਸੀ ਭਾਈਚਾਰਾ ਬੜਾ ਮਜਬੂਤ ਲਗਦਾ ਹੈ, ਪਰ ਜਦੋਂ ਹੀ ਕੋਈ ਸ਼ਰਾਰਤੀ ਧਿਰ ਕੋਈ ਇੱਲਤ ਕਰਦੀ ਹੈ ਤਾਂ ਲੋਕ ਝੱਟ ਇੱਕ ਦੂਜੇ ਦੇ ਵਿਰੋਧ ਵਿੱਚ ਆ ਖੜਦੇ ਹਨ?
ਹਾਲੀਆ 29 ਅਪਰੈਲ, 2022 ਨੂੰ ਕਥਿਤ ‘ਖਾਲਿਸਤਾਨ ਦਿਵਸ’ ਦੇ ਮੌਕੇ ਇੱਕ ਪਾਸੇ ਅਮਰੀਕਾ ਸਥਿਤ ਭਾਰਤ ਵਿੱਚ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਦੇ ਆਗੂ ਗੁਰਪਤਵੰਤ ਸਿੰਘ ਪੰਨੂੰ ਵਲੋਂ ਐਲਾਨ ਕੀਤਾ ਗਿਆ ਸੀ ਕਿ ਡੀ. ਸੀ. ਦਫਤਰਾਂ ਤੇ ਖਾਲਿਸਤਾਨੀ ਝੰਡੇ ਲਹਿਰਾਉਣ ਵਾਲ਼ਿਆਂ ਨੂੰ 12 ਘੰਟਿਆਂ ਵਿੱਚ ਅਮਰੀਕਨ ਸਵਾ ਲੱਖ ਡਾਲਰ ਦਿੱਤਾ ਜਾਵੇਗਾ ਅਤੇ ਦੂਸਰੇ ਪਾਸੇ ਸ਼ਿਵ ਸੈਨਾ (ਬਾਲੇ ਠਾਕਰੇ) ਆਗੂ ਹਰੀਸ਼ ਸਿੰਗਲੇ ਤੇ ਕੁਝ ਹੋਰ ਹਿੰਦੂ ਜਥੇਬੰਦੀਆਂ ਵਲੋਂ ਇਸੇ ਦਿਨ ਪੰਨੂੰ ਦੀ ਕਾਲ ਦੇ ਵਿਰੋਧ ਵਿੱਚ ਖਾਲਿਸਤਾਨ ਵਿਰੋਧੀ ਰੋਸ ਮਾਰਚ ਕਰਨ ਦੇ ਸੱਦੇ ਨੂੰ ਲੈ ਕੇ ਪਟਿਆਲ਼ੇ ਵਿੱਚ ਜਿਸ ਕਿਸਮ ਦੀਆਂ ਹਿੰਸਕ ਘਟਨਾਵਾਂ ਵਾਪਰੀਆਂ, ਉਸਨੇ ਇੱਕ ਵਾਰ ਫਿਰ ਦੁਨੀਆਂ ਭਰ ਵਿੱਚ ਵਸਦੇ ਅਮਨ ਪਸੰਦ ਪੰਜਾਬ ਹਿਤੈਸ਼ੀਆਂ ਦੇ ਮਨਾਂ ਵਿਚ ਧੁੜਕੂ ਛੇੜ ਦਿੱਤਾ ਹੈ।ਜਿਸ ਤਰ੍ਹਾਂ ਕੁਝ ਸ਼ਰਾਰਤੀ ਲੋਕਾਂ ਨੇ ਗੁਰਦੁਆਰਾ ਦੂਖ ਨਿਵਾਰਨ ਵਿੱਚ ਬੈਠੇ ਸਿੱਖ ਨੌਜਵਾਨਾਂ ਨੂੰ ਇਹ ਅਫਵਾਹ ਫੈਲਾ ਕੇ ਉਕਸਾਇਆ ਕਿ ਕਾਲ਼ੀ ਮਾਤਾ ਮੰਦਰ ਕੋਲ਼ ਸ਼ਿਵ ਸੈਨਿਕਾਂ ਨੇ ਸਿੱਖ ਨੌਜਵਾਨਾਂ ਤੇ ਹਮਲਾ ਕਰ ਦਿੱਤਾ ਹੈ ਤਾਂ ਉਥੇ ਬੈਠੇ ਕੁਝ ਨੌਜਵਾਨ ਭੜਕ ਕੇ ਜਿਵੇਂ ਕਾਲ਼ੀ ਮਾਤਾ ਮੰਦਰ ਵੱਲ ਗਏ, ਉਥੇ ਦੋਨਾਂ ਗਰੁੱਪਾਂ ਵਿੱਚ ਤਲਵਾਰਾਂ, ਡੰਡਿਆਂ ਨਾਲ਼ ਝੜਪਾਂ ਹੋਈਆਂ, ਪੱਥਰਬਾਜੀ ਹੋਈ, ਦੁਕਾਨਾਂ ਦੀ ਤੋੜ-ਭੰਨ ਹੋਈ, ਇਹ ਸਭ ਬੜੀ ਚਿੰਤਾ ਦਾ ਵਿਸ਼ਾ ਹੈ।ਹਾਲ ਦੀ ਘੜੀ ਪ੍ਰਸ਼ਾਸਨ ਨੇ ਫੌਰੀ ਕਾਰਵਾਈ ਕਰਦਿਆਂ, ਸ਼ਰਾਰਤੀ ਅਨਸਰਾਂ ਤੇ ਕਾਬੂ ਪਾ ਤਾਂ ਲਿਆ ਹੈ, ਕੁਝ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ, ਪਰ ਇਨ੍ਹਾਂ ਘਟਨਾਵਾਂ ਨੂੰ ਵੇਖਦਿਆਂ ਮਨ ਵਿੱਚ ਸੱਠਵਿਆਂ ਦੇ ਦਹਾਕੇ ਵਿੱਚ ‘ਪੰਜਾਬੀ ਸੂਬਾ ਮੋਰਚੇ’ ਤੋਂ ਸ਼ੁਰੂ ਹੋਈਆਂ ਅਜਿਹੀਆਂ ਅਨੇਕਾਂ ਯਾਦਾਂ ਤਾਜ਼ਾ ਹੋ ਰਹੀਆਂ ਹਨ।
ਇਥੇ ਹੁਣ ਅਸੀਂ 50ਵਿਆਂ ਜਾਂ 60ਵਿਆਂ ਵਿੱਚ ਜੋ ਕੁਝ ਵਾਪਰਿਆ, ਉਸ ਦੀਆਂ ਰਾਮ ਕਹਾਣੀਆਂ ਨੂੰ ਛੱਡ ਕੇ 80ਵਿਆਂ ਤੋਂ ਗੱਲ ਸ਼ੁਰੂ ਕਰਦੇ ਹਾਂ। ਗੱਲ ਸਾਲ 1981 ਦੇ ਸ਼ੁਰੂ ਵਿੱਚ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਦਮਦਮੀ ਟਕਸਾਲ (ਚੌਕ ਮਹਿਤਾ) ਵਲੋਂ ਸ਼ੁਰੂ ਕੀਤੀ ਮੁਹਿੰਮ ਤੋਂ ਕਰਨੀ ਚਾਹਾਂਗਾ।ਜਦੋਂ ‘ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ’ ਦੇਣ ਦੀ ਮੰਗ ਕਾਰਨ ਅੰਮ੍ਰਿਤਸਰ ਵਿੱਚ ਹਿੰਦੂ-ਸਿੱਖ ਦੰਗਿਆਂ ਦੇ ਹਾਲਾਤ ਬਣ ਗਏ ਸਨ।ਇਸ ਸਬੰਧੀ ਸਾਬਕਾ ਸੀਨੀਅਰ ਪੁਲਿਸ ਅਧਿਕਾਰੀ ਗੁਰਬਚਨ ਜਗਤ, (ਜੋ ਉਸ ਸਮੇਂ ਅੰਮ੍ਰਿਤਸਰ ਵਿੱਚ ਐਸ ਐਸ ਪੀ ਵਜੋਂ ਤਾਇਨਾਤ ਸਨ) ਦੀ ‘ਇੰਗਲਿਸ਼ ਟ੍ਰਿਬਿਊਨ’ ਵਿੱਚ 8 ਨਵੰਬਰ, 2020 ਨੂੰ ਛਪੀ ਇੱਕ ਲਿਖਤ ‘ਲੈਸਨਜ਼ ਫਰੌਮ ਅੰਮ੍ਰਿਤਸਰ-1981’ (ਲ਼ੲਸਸੋਨਸ ਢਰੋਮ ਅਮਰਟਿਸੳਰ-1981) ਅਨੁਸਾਰ ਦਮਦਮੀ ਟਕਸਾਲ ਦੇ ਮੁੱਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੀ 13 ਅਪਰੈਲ, 1978 ਦੇ ਸਿੱਖ-ਨਿਰੰਕਾਰੀ ਕਾਂਡ ਤੋਂ ਬਾਅਦ ਚੜ੍ਹਤ ਹੋਣੀ ਸ਼ੁਰੂ ਹੋ ਗਈ ਸੀ।ਉਨ੍ਹਾਂ ਅਨੁਸਾਰ 1981 ਆਉਂਦਿਆਂ ਉਸਦੇ ਪੈਰੋਕਾਰਾਂ ਦੀ ਵੱਡੀ ਗਿਣਤੀ ਹੋ ਚੁੱਕੀ ਸੀ। ਸੰਤਾਂ ਤੇ ਉਸਦੇ ਸਾਥੀਆਂ ਨੂੰ ਤਕੜੇ ਕਰਨ, ਹਥਿਆਰਬੰਦ ਕਰਨ ਵਿੱਚ ਕਈ ਰਾਜਨੀਤਕ ਤਾਕਤਾਂ ਆਪਣੇ ਸੌੜੇ ਰਾਜਸੀ ਮੰਤਵਾਂ ਲਈ ਯੋਗਦਾਨ ਪਾ ਰਹੀਆਂ ਸਨ।ਉਸ ਸਮੇਂ ਦੌਰਾਨ ਸੰਤਾਂ ਨੇ ਐਲਾਨ ਕਰ ਦਿੱਤਾ ਕਿ ਉਹ ਅੰਮ੍ਰਿਤਸਰ ਵਿੱਚ 29 ਮਈ, 1981 ਨੂੰ ਆਪਣੇ ਹਥਿਆਰਬੰਦ ਸਾਥੀਆਂ ਤੇ ਫੈਡਰੇਸ਼ਨ ਦੇ ਸਹਿਯੋਗ ਨਾਲ਼ ਦਰਬਾਰ ਸਾਹਿਬ ਤੋਂ ਬਾਰਾਂਦਰੀ ਅੰਮ੍ਰਿਤਸਰ ਤੱਕ ਆਪਣੀ ਅਗਵਾਈ ਵਿੱਚ ਇੱਕ ਵਿਸ਼ਾਲ ਮਾਰਚ ਕੱਢਣਗੇ ਅਤੇ ਮੰਗ ਕਰਨਗੇ ਕਿ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ, ਜਿਸਦਾ ਭਾਵ ਸੀ ਕਿ ਅੰਮ੍ਰਿਤਸਰ ਸ਼ਹਿਰ ਵਿੱਚੋਂ ਸ਼ਰਾਬ, ਸਿਗਰਟਾਂ (ਜਾਂ ਤਮਾਖੂ), ਮੀਟ ਨਾਲ਼ ਸਬੰਧਤ ਸਭ ਦੁਕਾਨਾਂ ਤੋਂ ਇਸਦੀ ਵਿਕਰੀ ਅਤੇ ਕਿਸੇ ਵੀ ਵਿਅਕਤੀ ਦੇ ਇਨ੍ਹਾਂ ਨੂੰ ਸੇਵਨ ਕਰਨ ਤੇ ਪਾਬੰਦੀ ਲਗਾਈ ਜਾਵੇ। ਸੰਤਾਂ ਦੇ ਇਸ ਐਲਾਨ ਨਾਲ਼ ਸ਼ਹਿਰ ਵਿੱਚ ਤਨਾਅ ਦੀ ਸਥਿਤੀ ਬਣ ਗਈ।ਹਿੰਦੂ ਜਥੇਬੰਦੀਆਂ ਇਸਦਾ ਵਿਰੋਧ ਕਰਨ ਲੱਗੀਆਂ।ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਇਸ ਮਾਰਚ ਨੂੰ ਕਿਸੇ ਵੀ ਹਾਲਤ ਵਿੱਚ ਰੋਕਣਾ ਚਾਹੁੰਦੀ ਸੀ, ਇਸ ਲਈ ਸ੍ਰੀ ਗੁਰਬਚਨ ਜਗਤ ਦੀ ਡਿਊਟੀ ਸੰਤ ਭਿੰਡਰਾਂਵਾਲ਼ਿਆਂ ਨੂੰ ਮਨਾਉਣ ਲਈ ਲਗਾਈ ਗਈ ਕਿ ਉਹ ਇਸ ਜਲੂਸ ਨੂੰ ਰੱਦ ਕਰ ਦੇਣ।ਸ੍ਰੀ ਜਗਤ ਜਦੋਂ ਸੰਤਾਂ ਕੋਲ਼ ਗਏ ਤੇ ਇਸ ਸਬੰਧੀ ਗੱਲ ਕੀਤੀ ਤਾਂ ਸੰਤ ਜੀ ਪਹਿਲਾਂ ਤਾਂ ਇੱਕਦਮ ਭੜਕ ਪਏ ਤੇ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਸਨ।ਪਰ ਜਦੋਂ ਸ੍ਰੀ ਜਗਤ ਨੇ ਬੜੀ ਨਿਮਰਤਾ ਤੇ ਆਜਜ਼ੀ ਨਾਲ਼ ਸੰਤਾਂ ਅੱਗੇ ਅਰਜੋਈ ਕੀਤੀ ਕਿ ਉਹ ਸ਼ਹਿਰ ਵਿੱਚ ਭਾਈਚਾਰਕ ਸਾਂਝ ਨੂੰ ਮੁੱਖ ਰੱਖ ਕੇ ਇਸ ਮਸਲੇ ਤੇ ਗੰਭੀਰਤਾ ਨਾਲ਼ ਵਿਚਾਰ ਕਰਨ ਤਾਂ ਸੰਤ ਜੀ ਨੇ ਕਮਰੇ ਤੋਂ ਬਾਹਰ ਜਾ ਕੇ ਭਾਈ ਅਮਰੀਕ ਸਿੰਘ ਨਾਲ਼ ਕੁਝ ਸਮਾਂ ਗੱਲ ਕੀਤੀ। ਫਿਰ ਆ ਕੇ ਉਹ ਇਸ ਗੱਲ ਤੇ ਸਹਿਮਤ ਹੋ ਗਏ ਕਿ ਉਹ ਮਾਰਚ ਦੀ ਅਗਵਾਈ ਨਹੀਂ ਕਰਨਗੇ, ਮਾਰਚ ਸ਼ਾਂਤਮਈ ਤੇ ਹਥਿਆਰਾਂ ਤੋਂ ਵਗੈਰ ਹੋਵੇਗਾ ਅਤੇ ਕੋਤਵਾਲ਼ੀ ਕਿਸੇ ਉਚ ਅਧਿਕਾਰੀ ਨੂੰ ਮੈਮੋਰੰਡਮ ਦੇ ਕੇ ਵਾਪਿਸ ਆ ਜਾਵੇਗਾ।ਸ੍ਰੀ ਜਗਤ ਨੇ ਸੰਤ ਜੀ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਜਲਦੀ ਕਾਰਵਾਈ ਕਰੇਗੀ।ਸੰਤਾਂ ਦੇ ਇਸ ਮਾਰਚ ਦਾ ਵਿਰੋਧ ਕਰ ਰਹੀ ਧਿਰ ਨੂੰ ਇਸਦਾ ਕੋਈ ਇਲਮ ਨਹੀਂ ਸੀ ਕਿ ਸ੍ਰੀ ਜਗਤ ਨੇ ਸੰਤਾਂ ਨਾਲ਼ ਕੋਈ ਸਮਝੌਤਾ ਕਰ ਲਿਆ ਹੈ।ਸ੍ਰੀ ਜਗਤ ਨੂੰ ਅਜਿਹੀ ਗੱਲਬਾਤ ਦੀ ਤਕਨੀਕ ਦੂਸਰੇ ਖੇਮੇ ਵਿੱਚ ਜਾ ਕੇ ਵੀ ਕਰਨੀ ਚਾਹੀਦੀ ਸੀ, ਜੇ ਉਨ੍ਹਾਂ ਅਜਿਹੀ ਡਿਪਲੋਮੇਸੀ ਦੂਸਰੀ ਧਿਰ ਦੇ ਗੁਸੈਲ਼ ਭਾਜਪਾ ਆਗੂ ਹਰਬੰਸ ਲਾਲ ਖੰਨਾ ਦੀ ਰਿਹਾਇਸ਼ ਤੇ ਜਾ ਕੇ ਵੀ ਕੀਤੀ ਹੁੰਦੀ ਤਾਂ ਸ਼ਾਇਦ ਹਾਲਾਤ ਕੁਝ ਹੋਰ ਹੀ ਹੁੰਦੇ? ਸ੍ਰੀ ਜਗਤ ਅਨੁਸਾਰ ਇਸ ਮਾਰਚ ਤੋਂ ਇੱਕ ਦਿਨ ਪਹਿਲਾਂ 28 ਮਈ ਨੂੰ ਸਥਿਤੀ ਉਸ ਵਕਤ ਇਕਦਮ ਬਦਲ ਗਈ, ਜਦੋਂ ਕੁਝ ਹਿੰਦੂ ਨੌਜਵਾਨ ਹਰਬੰਸ ਲਾਲ ਖੰਨਾ ਦੀ ਅਗਵਾਈ ਵਿੱਚ ਬਜ਼ਾਰਾਂ ਵਿੱਚ ਸਿਗਰਟਾਂ ਪੀਂਦੇ ਤੇ ਡੰਡਿਆਂ ਤੇ ਸਿਗਰਟਾਂ ਲਹਿਰਾਉਂਦੇ ਭੜਕਾਊ ਨਾਹਰਿਆਂ ਨਾਲ਼ ਜਲੂਸ ਕੱਢਣ ਲੱਗੇ।ਜਿਸ ਨਾਲ਼ ਸੰਤਾਂ ਨੇ ਹੋਏ ਫੈਸਲੇ ਨੂੰ ਤੋੜ ਕੇ 29 ਮਈ ਨੂੰ ਆਪਣਾ ਜਲੂਸ ਪਹਿਲਾਂ ਉਲੀਕੇ ਪ੍ਰੋਗਰਾਮ ਅਨੁਸਾਰ ਆਪਣੀ ਅਗਵਾਈ ਵਿੱਚ ਆਪਣੇ ਹਥਿਆਰਬੰਦ ਸਾਥੀਆਂ ਨਾਲ਼ ਕੱਢਿਆ।ਜਿਸ ਨਾਲ਼ ਸ਼ਹਿਰ ਵਿੱਚ ਅਜਿਹਾ ਸਹਿਮ ਦਾ ਮਾਹੌਲ ਸੀ ਕਿ ਲੋਕ ਬਜ਼ਾਰ ਬੰਦ ਕਰਕੇ ਘਰਾਂ ਨੂੰ ਚਲੇ ਗਏ।ਜਲੂਸ ਆਪਣੇ ਪਹਿਲੇ ਰੂਟ ਮੁਤਾਬਿਕ ਬਾਰਾਂਦਰੀ ਸਮਾਪਤ ਹੋਇਆ, ਪਰ ਸ਼ਹਿਰ ਵਿੱਚ ਅਜਿਹੀਆਂ ਅਫਵਾਹਾਂ ਦਾ ਬਜ਼ਾਰ ਗਰਮ ਰਿਹਾ ਕਿ ਹਿੰਦੂ-ਸਿੱਖਾਂ ਵਿੱਚ ਦੰਗੇ ਹੋ ਗਏ ਹਨ, ਕੁਝ ਬੰਦੇ ਮਾਰੇ ਗਏ ਹਨ।ਪਰ ਅਜਿਹਾ ਕੁਝ ਨਹੀਂ ਹੋਇਆ ਸੀ? ਪਰ ਉਸ ਦਿਨ ਤੋਂ ਬਾਅਦ ਬਹੁਤ ਕੁਝ ਅਜਿਹਾ ਵਾਪਰਨਾ ਸ਼ੁਰੂ ਹੋ ਗਿਆ ਸੀ, ਜਿਸਨੇ ਅਗਲੇ ਦਹਾਕੇ ਵਿੱਚ ਹਜਾਰਾਂ ਜਾਨਾਂ ਲੈਣੀਆਂ ਸਨ।ਕੁਝ ਖਾਸ ਰਾਜਸੀ ਮੰਤਵਾਂ ਲਈ ਦੋਨਾਂ ਭਾਈਚਾਰਿਆਂ ਵਿਚਲੇ ਕੱਟੜਪੰਥੀ ਤੇ ਖਾੜਕੂ ਟੋਲਿਆਂ ਰਾਹੀਂ ਹਾਲਾਤ ਕਿਸੇ ਖਾਸ ਦਿਸ਼ਾ ਵਿੱਚ ਲਿਜਾਣ ਵੱਲ ਧੱਕੇ ਜਾ ਰਹੇ ਸਨ।ਇੱਕ ਅਜਿਹੀ ਸ਼ਤਰੰਜ ਵਿਛਾਈ ਜਾ ਰਹੀ ਸੀ, ਜਿਸ ਬਾਰੇ ਉਨ੍ਹਾਂ ਨੂੰ ਕੋਈ ਗਿਆਨ ਨਹੀਂ ਸੀ।
29 ਮਈ, 1981 ਦੀਆਂ ਘਟਨਾਵਾਂ ਤੋਂ ਬਾਅਦ ਹਾਲਾਤ ਤੇਜੀ ਨਾਲ਼ ਬਦਲਣੇ ਸ਼ੁਰੂ ਹੋ ਗਏ ਸਨ।ਇਸ ਤੋਂ ਬਾਅਦ 17 ਮਾਰਚ, 1982 ਨੂੰ ਦਲ ਖਾਲਸਾ ਵਲੋਂ ਚੰਡੀਗੜ੍ਹ ਵਿੱਚ ਪੂਰੇ ਧੂਮ-ਧੜੱਕੇ ਨਾਲ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਪਹਿਲਾਂ ਦਲ ਖਾਲਸਾ ਦੇ ਪੰਚ ਜਸਵੰਤ ਸਿੰਘ ਠੇਕੇਦਾਰ ਤੇ ਫਿਰ 4 ਅਪਰੈਲ, 1982 ਨੂੰ ਦਲ ਖਾਲਸਾ ਦੇ ਇੱਕ ਹੋਰ ਪੰਚ ਮਨਮੋਹਨ ਸਿੰਘ ਨੇ, ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਕੀਤੀ।ਉਨ੍ਹਾਂ ਧਮਕੀ ਦਿੱਤੀ ਕਿ ਜੇ 13 ਅਪਰੈਲ, 1982 ਤੱਕ ਸ਼ਹਿਰ ਵਿੱਚੋਂ ਤੰਬਾਕੂ, ਸ਼ਰਾਬ ਤੇ ਮੀਟ ਦੀਆਂ ਦੁਕਾਨਾਂ ਨਾ ਹਟਾਈਆਂ ਗਈਆਂ ਤਾਂ ਸਿੱਧੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।ਇਸੇ ਸਮੇਂ ਦੌਰਾਨ ਸੰਤਾਂ ਨੇ ਆਪਣੇ ਹਥਿਆਰਬੰਦ ਪੈਰੋਕਾਰਾਂ ਨਾਲ਼ ਦਿੱਲੀ ਦੀ ਯਾਤਰਾ ਕੀਤੀ ਅਤੇ ਦਿੱਲੀ ਦੀਆਂ ਗਲ਼ੀਆਂ ਵਿੱਚ ਹਥਿਆਰਾਂ ਦੇ ਪ੍ਰਦਰਸ਼ਨ ਵਾਲ਼ੇ ਜਲੁਸ ਕੱਢੇ ਗਏ।ਦਲ ਖਾਲਸਾ ਵਲੋਂ ਆਪਣੀ ਧਮਕੀ ਨੂੰ ਅਮਲੀ ਰੂਪ ਦਿੰਦਿਆਂ 25-26 ਅਪਰੈਲ ਦੀ ਰਾਤ ਨੂੰ ਅੰਮ੍ਰਿਤਸਰ ਵਿੱਚ ਕਾਲ਼ੀ ਮਾਤਾ ਦੇ ਮੰਦਰਾਂ ਵਿੱਚ ਗਾਵਾਂ ਦੇ ਸਿਰ ਵੱਢ ਕੇ ਟੰਗ ਦਿੱਤੇ ਗਏ।ਜਿਸਦੀ ਜ਼ਿੰਮੇਵਾਰੀ ਦਲ ਖਾਲਸਾ ਦੇ ਪੰਚ ਜਸਵੰਤ ਸਿੰਘ ਠੇਕੇਦਾਰ ਨੇ ਲਈ।ਜਿਸ ਨਾਲ਼ ਅੰਮ੍ਰਿਤਸਰ ਵਿੱਚ ਇੱਕ-ਦਮ ਤਨਾਅ ਵਧ ਗਿਆ।ਇਸ ਘਟਨਾ ਨਾਲ਼ ਹਿੰਦੂ ਭਾਈਚਾਰਾ ਪੂਰੀ ਤਰ੍ਹਾਂ ਭੜਕ ਉਠਿਆ।ਇਹ ਸਿਲਸਿਲਾ ਹਰ ਪੜਾਅ ਤੇ ਬਦ ਤੋਂ ਬਦਤਰ ਹੁੰਦਾ ਗਿਆ।ਪੰਜਾਬ ਵਿੱਚ ਹਿੰਸਾ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ। ਜਿਸਦੇ ਫਲਸਰੂਪ ਜੂਨ, 84 ਦਾ ਮੰਦਭਾਗਾ ਭਾਣਾ ਤੇ ਫਿਰ ਨਵੰਬਰ 84 ਦਾ ਸਿੱਖ ਕਤਲੇਆਮ ਵਾਪਰਿਆ।ਉਸ ਤੋਂ ਬਾਅਦ ਚੱਲੀ ਖਾੜਕੂ ਲਹਿਰ ਦੌਰਾਨ ਲਗਾਤਾਰ ਇੱਕ ਦਹਾਕਾ ਪੰਜਾਬ ਕਤਲੋਗਾਰਤ ਦਾ ਮੈਦਾਨ ਬਣਿਆ ਰਿਹਾ।
ਮੌਜੂਦਾ ਘਟਨਾਵਾਂ ਦਾ ਸਬੰਧ ‘ਖਾਲਿਸਤਾਨ ਦਿਵਸ’ ਨਾਲ਼ ਹੋਣ ਕਰਕੇ, ਇੱਥੇ 29 ਅਪਰੈਲ, 1986 ਦੇ ‘ਖਾਲਿਸਤਾਨ ਐਲਾਨਨਾਮੇ’ ਬਾਰੇ ਜ਼ਿਕਰ ਪਾਠਕਾਂ ਦੀ ਜਾਣਕਾਰੀ ਲਈ ਲਾਹੇਵੰਦ ਰਹੇਗਾ। ਜੂਨ, 1984 ਤੇ ਫਿਰ ਨਵੰਬਰ, 1984 ਵਿੱਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਤੋਂ ਬਾਅਦ ਸਿੱਖਾਂ ਵਿੱਚ ਪਾਏ ਜਾ ਰਹੇ ਰੋਸ ਤੋਂ ਬਾਅਦ ਕੁਝ ਖਾੜਕੂ ਸੁਰ ਵਾਲ਼ੀਆਂ ਜਥੇਬੰਦੀਆਂ ਵਲੋਂ ਦਮਦਮੀ ਟਕਸਾਲ ਦੀ ਅਗਵਾਈ ਵਿੱਚ 26 ਜਨਵਰੀ, 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ‘ਸਰਬੱਤ ਖਾਲਸਾ ਸੰਮੇਲਨ’ ਦਾ ਸੱਦਾ ਦਿਤਾ ਗਿਆ।ਜਿਸ ਵਿੱਚ ਭਾਰੀ ਗਿਣਤੀ ਵਿੱਚ ਸਿੱਖ ਨੌਜਵਾਨ ਹਾਜ਼ਿਰ ਹੋਏ।ਇਸ ਸਰਬੱਤ ਖਾਲਸਾ ਵਿੱਚ ਸਿੱਖਾਂ ਦੇ ਰਾਜਸੀ ਮਸਲਿਆਂ ਬਾਰੇ ਦਮਦਮੀ ਟਕਸਾਲ ਨਾਲ਼ ਸਬੰਧਤ ਪੰਜ ਖਾੜਕੂਆਂ ਦੀ ਇੱਕ ‘ਪੰਥਕ ਕਮੇਟੀ’ ਬਣਾਈ ਗਈ, ਜੋ ਆਉਣ ਵਾਲ਼ੇ ਸਮੇਂ ਵਿੱਚ ਸ਼ੁਰੂ ਹੋਣ ਵਾਲ਼ੇ ਖਾੜਕੂ ਸੰਘਰਸ਼ ਦੀ ਅਗਵਾਈ ਕਰੇਗੀ।ਇਸੇ ‘ਸਰਬਤ ਖਾਲਸਾ’ ਵਿੱਚ ਸਾਰੇ ਤਖਤਾਂ ਦੇ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਜਥੇਦਾਰ ਹਟਾ ਦਿੱਤੇ ਗਏ, ਸ਼੍ਰੋਮਣੀ ਕਮੇਟੀ ਭੰਗ ਕਰ ਦਿੱਤੀ ਗਈ।ਭਾਰਤ ਸਰਕਾਰ ਵਲੋਂ ਨਿਹੰਗ ਸੰਤਾ ਸਿੰਘ ਦੀ ਅਗਵਾਈ ਵਿੱਚ ਜੂਨ, 84 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਨੁਕਸਾਨੀ ਗਈ ਇਮਾਰਤ ਦੀ ਕਾਰ ਸੇਵਾ ਰਾਹੀਂ ਕਰਵਾਈ ਮੁਰੰਮਤ ਰੱਦ ਕਰਕੇ ਨੌਜਵਾਨਾਂ ਨੇ ਮੌਕੇ ਤੇ ਇਮਾਰਤ ਢਾਹੁਣੀ ਸ਼ੁਰੂ ਕਰ ਦਿੱਤੀ ਸੀ।ਇਸ ਸੰਮੇਲਨ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾ ਕੇ ਸੰਤ ਭਿੰਡਰਾਂਵਾਲ਼ਿਆਂ ਦੇ ਭਤੀਜੇ ਭਾਈ ਜਸਵੀਰ ਸਿੰਘ ਰੋਡੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਇਆ ਗਿਆ।ਉਸ ਵਕਤ ਉਹ ਜ਼ੇਲ੍ਹ ਵਿੱਚ ਸਨ ਤਾਂ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਐਕਟਿੰਗ ਜਥੇਦਾਰ ਬਣਾਇਆ ਗਿਆ।ਇੱਥੇ ਵਰਨਣਯੋਗ ਹੈ ਕਿ ਇਸ ਸਰਬੱਤ ਖਾਲਸੇ ਤੋਂ ਪਹਿਲਾਂ ਹੀ ਖਾੜਕੂਆਂ ਵਿੱਚ ਦੋ ਧਿਰਾਂ ਖੜੀਆਂ ਹੋ ਚੁੱਕੀਆਂ ਸਨ, ਇੱਕ ਧਿਰ ਭਾਰਤੀ ਸੰਵਿਧਾਨ ਵਿੱਚ ਰਹਿ ਕੇ ਸ਼ਾਂਤਮਈ ਢੰਗ ਨਾਲ਼ ‘ਆਨੰਦਪੁਰ ਦੇ ਮਤੇ ਤੇ ਸਿੱਖ ਸਟੇਟ’ ਲਈ ਸੰਘਰਸ਼ ਕਰਨ ਦੇ ਹੱਕ ਵਿੱਚ ਸੀ ਅਤੇ ਦੂਜੀ ਧਿਰ ਭਾਰਤੀ ਸਟੇਟ ਨਾਲ਼ ਸਿੱਧੀ ਹਥਿਆਰਬੰਦ ਲੜਾਈ ਰਾਹੀਂ ਭਾਰਤ ਤੋਂ ਵੱਖਰਾ ਦੇਸ਼ ‘ਖਾਲਿਸਤਾਨ’ ਬਣਾਉਣਾ ਚਾਹੁੰਦੀ ਸੀ।ਭਾਰਤ ਵਿੱਚ ਰਹਿ ਕੇ ਸੰਘਰਸ਼ ਕਰਨ ਵਾਲ਼ੀ ਧਿਰ ਦੀ ਅਗਵਾਈ ਸੰਤ ਭਿੰਡਰਾਂਵਾਲ਼ਿਆਂ ਦੇ ਟਕਸਾਲੀ ਬੁਲਾਰੇ ਤੇ ਸੀਨੀਅਰ ਪੱਤਰਕਾਰ ਭਾਅਜੀ ਦਲਬੀਰ ਸਿੰਘ ਕਰ ਰਹੇ ਸਨ ਅਤੇ ਭਾਰਤ ਤੋਂ ਵੱਖਰੇ ਦੇਸ਼ ਖਾਲਿਸਤਾਨ ਦੀ ਮੰਗ ਕਰਨ ਵਾਲ਼ੀ ਧਿਰ ਦੀ ਅਗਵਾਈ ਸਾਬਕਾ ਹੈਲਥ ਡਾਇਰੈਕਟਰ, ਡਾ. ਸੋਹਣ ਸਿੰਘ ਅਤੇ ਸੰਤਾਂ ਦੇ ਪਿਤਾ ਬਾਬਾ ਜੋਗਿੰਦਰ ਸਿੰਘ ਕਰ ਰਹੇ ਸਨ।ਪਰ ‘ਖਾਲਿਸਤਾਨ’ ਪੱਖੀ ਧਿਰ ਸਰਬੱਤ ਖਾਲਸੇ ਵਿੱਚ ਅਜਿਹਾ ਮਤਾ ਪਾਸ ਕਰਾਉਣ ਤੋਂ ਅਸਮਰਥ ਰਹਿਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਰਾਹੀਂ 13 ਅਪਰੈਲ, 1986 ਨੂੰ ਵੈਸਾਖੀ ਮੌਕਾ ਮਤਾ ਪਾਸ ਕਰਾਉਣਾ ਚਾਹੁੰਦੀ ਸੀ, ਪਰ ਉਥੇ ਵੀ ਜਥੇਦਾਰ ਕਾਉਂਕੇ ਵਲੋਂ ਇਨਕਾਰ ਕਰਨ ਤੇ ਉਨ੍ਹਾਂ ਨੇ 29 ਅਪਰੈਲ, 1986 ਨੂੰ ਪੰਥਕ ਕਮੇਟੀ ਰਾਹੀਂ ਅਚਾਨਕ ਬੜੀ ਕਾਹਲੀ ਵਿੱਚ ਸੱਦੀ ਗੁਪਤ ਪ੍ਰੈਸ ਕਾਨਫਰੰਸ ਵਿੱਚ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਇੱਕ ਕਮਰੇ ਵਿੱਚ ‘ਖਾਲਿਸਤਾਨ ਦਾ ਐਲਾਨ’ ਕਰਵਾ ਲਿਆ।
ਬੇਸ਼ਕ ਪਿਛਲੇ 36 ਸਾਲਾਂ ਵਿੱਚ ਪੰਜਾਬ ਵਿੱਚ ਇਸ ‘ਖਾਲਿਸਤਾਨ ਐਲਾਨਨਾਮੇ’ ਤੇ ਨਾ ਕਦੇ ਕੋਈ ਖਾਸ ਪ੍ਰੋਗਰਾਮ ਹੀ ਹੋਇਆ ਅਤੇ ਨਾ ਹੀ ਇਸ ਬਾਰੇ ਕਦੇ ਚਰਚਾ ਹੋਈ।ਪਰ 1994 ਤੋਂ ਵਿਦੇਸ਼ਾਂ ਵਿੱਚ ਕੁਝ ਥਾਵਾਂ ਤੇ ਇਹ ਦਿਨ ਕੁਝ ਖਾਲਿਸਤਾਨੀਆਂ ਵਲੋਂ ਜਰੂਰ ਮਨਾਇਆ ਜਾਂਦਾ ਰਿਹਾ ਹੈ। ਇਸ ਵਾਰ ਭਾਰਤ ਸਰਕਾਰ ਵਲੋਂ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਦੇ ਅਮਰੀਕਾ ਵਸਦੇ ਕਰਤਾ ਧਰਤਾ ਵਕੀਲ ਗੁਰਪਤਵੰਤ ਸਿੰਘ ਪੰਨੂੰ ਵਲੋਂ ਇੱਕ ਕਾਲ ਦਿੱਤੀ ਗਈ ਕਿ ਜਿਹੜੇ ਵਿਅਕਤੀ 29 ਅਪਰੈਲ ਨੂੰ ਡੀ ਸੀ ਦਫਤਰਾਂ ਤੇ ਖਾਲਿਸਤਾਨ ਦੇ ਝੰਡੇ ਝੁਲਾਉਣਗੇ, ਉਨ੍ਹਾਂ ਨੂੰ 12 ਘੰਟਿਆਂ ਵਿੱਚ ਸਵਾ ਲੱਖ ਅਮਰੀਕਨ ਡਾਲਰ ਵੰਡੇ ਜਾਣਗੇ।ਯਾਦ ਰਹੇ ਪੰਨੂੰ ਵਲੋਂ ਅਜਿਹੀ ਕਾਲ 26 ਜਨਵਰੀ, 2021 ਨੂੰ ਵੀ ਦਿੱਤੀ ਗਈ ਸੀ ਕਿ ਜਿਹੜਾ ਵਿਅਕਤੀ ਦਿੱਲੀ ਲਾਲ ਕਿਲ੍ਹੇ ਤੇ ਖਾਲਿਸਤਾਨ ਦਾ ਝੰਡਾ ਲਹਿਰਾਵੇਗਾ, ਉਸਨੂੰ ਢਾਈ ਲੱਖ ਅਮਰੀਕਨ ਡਾਲਰ ਦਿੱਤੇ ਜਾਣਗੇ, ਪੰਨੂੰ ਨੇ ਢਾਈ ਲੱਖ ਡਾਲਰ ਦਿੱਤੇ ਜਾਂ ਨਹੀਂ, ਬਾਰੇ ਤਾਂ ਪਤਾ ਨਹੀਂ, ਪਰ ਸੈਂਕੜੇ ਨੌਜਵਾਨਾਂ ਉਪਰ ਲਾਲ ਕਿਲ੍ਹੇ ਤੇ ਝੰਡੇ ਝੁਲਾਉਣ ਤੇ ਉਥੇ ਹੋਈ ਹਿੰਸਾ ਵਿੱਚ ਪੁਲਿਸ ਕੇਸ ਦਰਜ ਕੀਤੇ ਗਏ।ਕਈ ਨੌਜਵਾਨ ਜ਼ੇਲ੍ਹਾਂ ਵਿੱਚ ਵੀ ਬੰਦ ਹਨ।ਇਸੇ ਤਰ੍ਹਾਂ ਕੁਝ ਸਾਲ ਪਹਿਲਾਂ ਮੋਗੇ ਪੰਜਾਬ ਸਰਕਾਰ ਦੀ ਮਿੰਨੀ ਸਕੱਤਰੇਤ ਤੇ ਖਾਲਿਸਤਾਨ ਦਾ ਝੰਡਾ ਝੁਲਾਉਣ ਦੇ ਦੋਸ਼ ਵਿੱਚ ਨੌਜਵਾਨ ਜ਼ੇਲ੍ਹਾਂ ਵਿੱਚ ਹਨ।ਹੁਣ ਉਨ੍ਹਾਂ ਦੀ ਕੋਈ ਸਾਰ ਨਹੀਂ ਲੈ ਰਿਹਾ।ਪੰਨੂੰ ਦੇ 29 ਅਪਰੈਲ ਵਾਲ਼ੇ ਬਿਆਨ ਤੋਂ ਬਾਅਦ ਪੰਜਾਬ ਵਿਚਲੇ ‘ਸ਼ਿਵ ਸੈਨਾ’ ਦੇ ਇੱਕ ‘ਬਾਲ ਠਾਕਰੇ ਗਰੁੱਪ’ ਦੇ ਲੀਡਰ ਹਰੀਸ਼ ਸਿੰਗਲਾ ਨੇ ਐਲਾਨ ਕਰ ਦਿੱਤਾ ਸੀ ਕਿ ਜੇ ਕੋਈ ਉਸ ਦਿਨ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਹਰੇ ਲਗਾਵੇਗਾ ਤਾਂ ਅਸੀਂ ‘ਖਾਲਿਸਤਾਨ ਮੁਰਦਾਬਾਦ’ ਦੇ ਨਾਹਰੇ ਮਾਰਦੇ ਪਟਿਆਲ਼ੇ ਵਿੱਚ ਜਲੁਸ ਕੱਢਾਂਗੇ।ਜਿਸ ਤੋਂ ਬਾਅਦ ਖਾਲਿਸਤਾਨੀ ਧਿਰਾਂ ਵਲੋਂ ਦਮਦਮੀ ਟਕਸਾਲ ਨਾਲ਼ ਸਬੰਧਤ ਬਲਜਿੰਦਰ ਸਿੰਘ ਪ੍ਰਵਾਨਾ ਨੇ ਐਲਾਨ ਕਰ ਦਿੱਤਾ ਕਿ ਜੇ ਸ਼ਿਵ ਸੈਨਾ ਵਾਲ਼ੇ ‘ਖਾਲਿਸਤਾਨ ਮੁਰਦਾਬਾਦ’ ਜਲੂਸ ਕੱਢਣਗੇ ਤਾਂ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ ਅਤੇ ਉਸਨੇ ਨੌਜਵਾਨਾਂ ਨੂੰ ਕਿਰਪਾਨਾਂ, ਡੰਡਿਆਂ ਤੇ ਹਥਿਆਰਾਂ ਨਾਲ਼ ਲੈਸ ਹੋ ਕੇ ਗੁਰਦੁਆਰਾ ਦੂਖ ਨਿਵਾਰਨ ਪਹੁੰਚਣ ਦੀ ਕਾਲ ਵੀ ਦਿੱਤੀ? ਜਿਸ ਤੋਂ ਬਾਅਦ 29 ਅਪਰੈਲ ਵਾਲ਼ੇ ਦਿਨ ਪਟਿਆਲ਼ੇ ਮੰਦਭਾਗੀਆਂ ਘਟਨਾਵਾਂ ਵਾਪਰੀਆਂ।ਜ਼ਰਾ ਥੋੜਾ ਜਿਹਾ, ਧਿਆਨ ਨਾਲ਼ ਸੋਚੋ ਕਿ ਕੀ ਇਹ ਘਟਨਾਵਾਂ ਉਸੇ ਤਰ੍ਹਾਂ ਤੇ ਨਹੀਂ ਵਾਪਰ ਰਹੀਆਂ, ਜਿਸ ਤਰ੍ਹਾਂ ਦੀਆਂ ਘਟਨਾਵਾਂ ਬਾਰੇ ਉਪਰ ਜ਼ਿਕਰ ਕੀਤਾ ਗਿਆ ਹੈ? ਕੀ ਇਨ੍ਹਾਂ ਘਟਨਾਵਾਂ ਰਾਹੀਂ ਦੋ ਭਾਈਚਾਰਿਆਂ ਵਿੱਚ ਫਿਰਕੂ ਨਫਰਤ ਦਾ ਜ਼ਹਿਰ ਤੇ ਨਹੀਂ ਫੈਲਾਇਆ ਜਾ ਰਿਹਾ? ਕੀ ਇਸ ਤਰ੍ਹਾਂ ਦੇ ਮੁੱਦਿਆਂ ਰਾਹੀਂ ਦੋਨਾਂ ਭਾਈਚਾਰਿਆਂ ਦੇ ਜੋਸ਼ੀਲੇ ਨੌਜਵਾਨਾਂ ਨੂੰ ਵਰਤਿਆ ਤੇ ਨਹੀਂ ਜਾ ਰਿਹਾ ਤਾਂ ਕਿ ਪੰਜਾਬ ਦਾ ਮਾਹੌਲ ਖਰਾਬ ਕਰਕੇ ਭਵਿੱਖ ਲਈ ਕੋਈ ਰਾਜਸੀ ਮੰਤਵ ਹਾਸਿਲ ਕੀਤੇ ਜਾਣ? ਕੀ ਇਸਦਾ ਮਕਸਦ ਪੰਜਾਬ ਦੇ ਲੋਕਾਂ ਵਲੋਂ ਭਾਰੀ ਬਹੁਮਤ ਨਾਲ਼ ਚੁਣੀ ‘ਆਪ’ ਸਰਕਾਰ ਲਈ ਮੁਸੀਬਤਾਂ ਖੜੀਆਂ ਕਰਨਾ ਤੇ ਨਹੀਂ? ਇੱਥੇ ਗੱਲ ਕਿਸੇ ਇੱਕ ਧਿਰ ਨੂੰ ਦੋਸ਼ ਦੇਣ ਜਾਂ ਦੂਜੀ ਨੂੰ ਬਰੀ ਕਰਨ ਦੀ ਨਹੀਂ, ਸਗੋਂ ਇਹ ਸਮਝਣ ਦੀ ਹੈ ਕਿ ਉਹ ਕਿਹੜੀਆਂ ਸ਼ਕਤੀਆਂ ਹਨ, ਜੋ ਅਜਿਹੇ ਮੁੱਦੇ ਖੜੇ ਕਰਦੀਆਂ ਹਨ, ਫਿਰ ਦੋ ਫਿਰਕਿਆਂ ਦੇ ਕੁਝ ਵਿਅਕਤੀਆਂ ਨੂੰ ਉਕਸਾ ਕਿ ਇੱਕ ਦੂਜੇ ਦੇ ਸਾਹਮਣੇ ਲਿਆ ਖੜਾ ਕਰਦੀਆਂ ਹਨ? ਪਿਛਲੇ 10 ਕੁ ਸਾਲਾਂ ਤੋਂ ਸਿੱਖ ਭਾਈਚਾਰਾ ਬੇਅਦਬੀਆਂ ਦੇ ਮੁੱਦੇ ਨਾਲ਼ ਵੀ ਇਸੇ ਤਰ੍ਹਾਂ ਜੂਝ ਰਿਹਾ ਹੈ?
ਖਾਲਿਸਤਾਨ ਦਾ ਐਲਾਨਨਾਮਾ ਕਿਵੇਂ ਹੋਇਆ, ਉਸਦੇ ਸਿੱਕੇਬੰਦ ਅੰਦਰੂਨੀ ਵੇਰਵੇ ਪੱੱਤਰਕਾਰ ਜਸਪਾਲ ਸਿੰਘ ਸਿੱਧੂ ਦੀ ਕਿਤਾਬ ‘ਸੰਤ ਭਿੰਡਰਾਂਵਾਲ਼ੇ ਦੇ ਰੂ-ਬ-ਰੂ ਜੂਨ 84 ਦੀ ਪੱਤਰਕਾਰੀ’ ਵਿੱਚ ਪੰਨਾ 372-380 ਅਤੇ ਸੀਨੀਅਰ ਪੱਤਰਕਾਰ ਭਾਅਜੀ ਦਲਬੀਰ ਸਿੰਘ ਦੀ ਕਿਤਾਬ ‘ਨੇੜਿਉਂ ਡਿੱਠੇ ਸੰਤ ਭਿੰਡਰਾਂਵਾਲ਼ੇ, ਮੇਰੀ ਹੱਡਬੀਤੀ-ਜੱਗਬੀਤੀ’ ਵਿੱਚ ਪੰਨਾ 143-155 ਤੇ ਵਿਸਥਾਰ ਵਿੱਚ ਦਰਜ ਹਨ, ਜਿਨ੍ਹਾਂ ਨੂੰ ਪਾਠਕ ਆਪਣੀ ਜਾਣਕਾਰੀ ਲਈ ਪੜ੍ਹ ਸਕਦੇ ਹਨ।ਜੋ ਕਿ ਪਾਠਕਾਂ ਲਈ ਇਸ ਮਸਲੇ ਨੂੰ ਸਮਝਣ ਵਿੱਚ ਸਹਾਈ ਹੋਣਗੇ।ਇਨ੍ਹਾਂ ਵਿੱਚੋਂ ਕੁਝ ਅੰਸ਼ ਪੇਸ਼ ਕਰ ਰਹੇ ਹਾਂ।
‘ਜੂਨ 84 ਦੀ ਪਤੱਰਕਾਰੀ’ ਦੇ ਪੰਨਾ 372-396 ਵਿਚੋਂ ਕੁਝ ਨੁਕਤੇ ‘ਖਾਲਿਸਤਾਨ ਦੇ ਐਲਾਨਮਾਮੇ’ ਨੂੰ ਸਮਝਣ ਲਈ ਪੇਸ਼ ਕਰਦੇ ਹਾਂ;
‘ਡਾ. ਸੋਹਣ ਸਿੰਘ ਵਲੋਂ ਉਠਾਏ ‘ਖਾਲਿਸਤਾਨ’ ਦੇ ਮੁੱਦੇ ਤੋਂ ਦਲਬੀਰ ਸਿੰਘ ਚੋਕੰਨਾ ਹੋ ਗਿਆ।ਪਰ ਉਸਦਾ ਖਾੜਕੂ ਆਗੂਆਂ ਤੋਂ ਵਿਸ਼ਵਾਸ਼ ਅਜੇ ਤਿੜਕਿਆ ਨਹੀਂ ਸੀ।ਉਸਦਾ ਭਰੋਸਾ ਬਰਕਰਾਰ ਸੀ ਕਿ ‘ਸਿੱਖ ਸੰਘਰਸ਼’ ਲਈ ਉਸ ਵਲੋਂ ਘੜੇ ਜਾ ਰਹੇ ਸਿਆਸੀ ਦਾਅ ਪੇਚਾਂ ਨੂੰ ਅਪਨਾਉਣ ਤੇ ਲਾਗੂ ਕਰਨ ਵਿੱਚ ‘ਸਿੱਖ ਖਾੜਕੂ ਨੈਟਵਰਕ’ ਉਸਦਾ ਪੁਰਾ ਸਾਥ ਦਿੰਦਾ ਰਹੇਗਾ।ਫੈਡਰੇਸ਼ਨ ਦੇ ਲੀਡਰ ਜਨਤਕ ਸਿਆਸੀ ਕਾਰਵਾਈਆਂ ਨੂੰ ਨੇਪਰੇ ਚਾੜ੍ਹਨ ਵਿੱਚ ਠੀਕ ਮੁਹਾਰਤ ਹਾਸਿਲ ਕਰ ਲੈਣਗੇ।…..’ (ਪੰਨਾ-372)
‘…ਦਲਬੀਰ ਸਿੰਘ ਅੱਗੇ ਬੋਲਿਆ: ਜਨਤਕ ਰੂਪ ਵਿੱਚ ਮਜਬੂਤ ਹੋ ਰਹੇ ਸਿੱਖ ਸੰਘਰਸ਼ ਦਾ ਭਾਵੁਕ ਨਾਹਰਿਆਂ ਨਾਲ਼ ਲੀਹੋਂ-ਲਹਿ ਜਾਣ ਦਾ ਵੱਡਾ ਖਤਰਾ ਹੈ।ਕੱਚੀ-ਭਾਵੁਕ ਸੋਝੀ ਵਾਲ਼ੇ ਸਿੱਖ ਨੌਜਵਾਨਾਂ ਦੇ ਵਧੀਆ ਕੇਡਰ ਨੂੰ ਕਦੇ ਵੀ ਕੋਈ ਸਰਕਾਰੀ ਗੋਲ਼ੀਆਂ ਸਾਹਮਣੇ ਡਾਹ ਸਕਦੈ।ਮਰਨ-ਮਾਰਨ ਨੂੰ ਉਹ ਪਹਿਲਾਂ ਹੀ ਤਿਆਰ ਬੈਠੇ ਹਨ।ਸਵਾਲ ਤਾਂ ਇਹ ਹੈ ਕਿ ਹੀਰਿਆਂ ਵਰਗੇ ਸਿੱਖ ਗੱਭਰੂਆਂ ਨੂੰ ਐਵੇਂ ਹੀ ਬਲ਼ੀ ਨਾ ਚੜਾਅ ਦਿੱਤਾ ਜਾਵੇ, ਤੇ ਸਿੱਖ ਭਾਈਚਾਰੇ ਲਈ ਕੋਈ ਸਿਆਸੀ ਪ੍ਰਾਪਤੀ ਵੀ ਨਾ ਹੋਵੇ।ਸਿਆਸਤ ਹਠ-ਧਰਮੀ ਨਹੀਂ ਹੁੰਦੀ …ਨਿਰੋਲ ਬਦਲਾ ਲੈਣ ਦੀ ਪ੍ਰੀਕ੍ਰਿਆ ਵੀ ਨਹੀਂ ਹੁੰਦੀ….ਘੱਟ ਤੋਂ ਘੱਟ ਨੁਕਸਾਨ ਕਰਵਾ ਕੇ ਵੱਧ ਤੋਂ ਵੱਧ ਸਿਆਸੀ ਫਾਇਦਾ ਲੈਣ ਨੂੰ ਹੀ ‘ਸਟੇਟਸਮੈਨਸ਼ਿਪ’ ਕਿਹਾ ਜਾਂਦਾ ਹੈ…..’ (ਪੰਨਾ-373)
‘…ਡਾ. ਸੋਹਣ ਸਿੰਘ ਸਰਬੱਤ ਖਾਲਸਾ ਵਿੱਚ ਕਿਸੇ ਵੀ ਹਾਲਤ ਵਿੱਚ ਖਾਲਿਸਤਾਨ ਦੀ ਮੰਗ ਪਵਾਉਣਾ ਚਾਹੁੰਦਾ ਸੀ, ਜਿਸ ਬਾਰੇ ਸਰਬੱਤ ਖਾਲਸਾ ਤੋਂ ਇੱਕ ਰਾਤ ਪਹਿਲਾਂ ਹੋਈ ਮੀਟਿੰਗ ਵਿੱਚ ਉਸਨੇ ਖਾੜਕੂਆਂ ਸਾਹਮਣੇ ਆਪਣਾ ਵਿਚਾਰ ਰੱਖਿਆ: ‘ਸਰਬੱਤ ਖਾਲਸੇ ਦੇ ਖਰੜੇ ਵਿੱਚ ਖਾਲਿਸਤਾਨ ਦਾ ਮੁੱਦਾ ਹੋਣਾ ਚਾਹੀਦਾ ਹੈ?’ ਜਿਸਦੇ ਜਵਾਬ ਵਿੱਚ ਦਲਬੀਰ ਸਿੰਘ ਨੇ ਕਿਹਾ: ‘ਖਾਲਿਸਤਾਨ ਨੂੰ ਮੁੱਖ ਮੁੱਦਾ ਪੇਸ਼ ਕਰ ਲਓ, ਪਰ ਮੈਂ ਇਸਦਾ ਭਾਈਵਾਲ਼ ਨਹੀਂ ਬਣਦਾ।’ ਇਹ ਕਹਿ ਕੇ ਦਲਬੀਰ ਸਿੰਘ ਕਮਰੇ ਤੋਂ ਬਾਹਰ ਜਾਣ ਲੱਗਾ ਤਾਂ ਕੂਝ ਸਿੰਘਾਂ ਨੇ ਰੋਕ ਲਿਆ।’ (ਪੰਨ-374)
‘…ਸਰਬੱਤ ਖਾਲਸਾ ਵਲੋਂ ਪੇਸ਼ ਸਿਆਸੀ ਨਿਸ਼ਾਨਾ ਅਜੇ ਖਾਲਿਸਤਾਨ ਨਹੀਂ ਸੀ। ਅਜੇ, ਸਿੱਖਾਂ ਦਾ ਰਾਜਨੀਤਕ ਉਦੇਸ਼ ਆਨੰਦਪੁਰ ਸਾਹਿਬ ਵਾਲ਼ੇ ਮਤੇ ਵਾਲ਼ਾ ਹੀ ਸੀ।’ (ਪੰਨਾ-377)
‘…ਖਾੜਕੂ ਗੱਜਾ ਸਿੰਘ ਉਸ ਦਿਨ ਅਜੇ ਲਾਹੌਰ ਵਿੱਚ ਹੀ ਸੀ, ਜਿਸ ਦਿਨ ਦਰਬਾਰ ਸਾਹਿਬ ਵਿੱਚ ਖਾਲਿਸਤਾਨ ਦਾ ਐਲਾਨ ਕੀਤਾ ਗਿਆ।ਉਸਦੇ ਦੱਸਣ ਅਨੁਸਾਰ ਉਸਨੂੰ ਪਾਕਿਸਤਾਨੀ ਫੌਜ ਦੇ ਉਚ ਅਧਿਕਾਰੀਆਂ ਨੇ ਆਣ ਘੇਰਿਆ ਤੇ ਪੁੱਛਣ ਲੱਗੇ: ਕਿਸ ਦੇ ਇਸ਼ਾਰੇ ਤੇ ਇਹ ਐਲਾਨ ਕੀਤਾ? ਸਾਡੀ ਏਜੰਸੀ, ਫੌਜੀ ਅਧਿਕਾਰੀ ਜਾਂ ਕਿਸੇ ਸਿਆਸੀ ਆਗੂ ਨੇ ਅਜਿਹਾ ਕਰਨ ਨੂੰ ਨਹੀਂ ਕਿਹਾ ਸੀ? ਪਾਕਿਸਤਾਨੀ ਫੌਜੀ ਅਧਿਕਾਰੀ ਜਾਂਦੇ ਹੋਏ ਗੁੱਸੇ ਵਿੱਚ ਕਹਿ ਗਏ: ਸਿੱਖੋ, ਹੁਣ ਤੁਹਾਡਾ ਰੱਬ ਹੀ ਰਾਖਾ, ਛਿੱਤਰ ਖਾਣ ਦਾ ਤੁਸੀਂ ਖੁਦ ਹੀ ਪ੍ਰਬੰਧ ਕਰ ਲਿਆ?’ (ਪੰਨਾ-384) ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਉਹ ਕਿਹੜੀਆਂ ਸ਼ਕਤੀਆਂ ਸਨ, ਜੋ ਸਰਬੱਤ ਖਾਲਸਾ, ਪੰਥਕ ਕਮੇਟੀ ਜਾਂ ਅਕਾਲ ਤਖਤ ਤੋਂ ਖਾਲਿਸਤਾਨ ਦਾ ਐਲਾਨ ਕਰਵਾ ਕੇ ਪਹਿਲਾਂ ਸਾਰੀ ਖਾੜਕੂ ਮੂਵਮੈਂਟ ਨੂੰ ਉਪਰ ਲਿਜਾ ਕੇ ਪੌੜੀ ਖਿੱਚ ਦੇਣਾ ਚਾਹੁੰਦੀਆਂ ਸਨ, ਉਹ ਕਿਸ ਦੇ ਇਸ਼ਾਰੇ ਕੰਮ ਕਰਦੀਆਂ ਸਨ? ਕੀ ਖਾਲਿਸਤਾਨੀ ਵਿਚਾਰਧਾਰਾ ਦੇ ਵਾਰਿਸਾਂ ਨੇ ਉਨ੍ਹਾਂ ਸ਼ੱਕੀ ਧਿਰਾਂ ਦੀ ਖਾੜਕੂ ਮੂਵਮੈਂਟ ਕੁਚਲ ਹੋਣ ਤੋਂ 28 ਸਾਲ ਬਾਅਦ ਵੀ ਕਦੇ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕੀਤੀ ਹੈ? ਕੀ ਦੇਸ਼-ਵਿਦੇਸ਼ ਵਿੱਚ ‘ਖਾਲਿਸਤਾਨ ਦੇ ਐਲਾਨਨਾਮੇ’ ਦੀ ਸਿਆਸਤ ਕਰ ਰਹੀਆਂ ਧਿਰਾਂ ਹੀ ਉਨ੍ਹਾਂ ‘ਸ਼ੱਕੀ ਸ਼ਕਤੀਆਂ’ ਦੀਆਂ ਵਾਰਿਸ ਤੇ ਨਹੀਂ? ਜਿਨ੍ਹਾਂ ਦੀ ਬਦੌਲਤ 1992-95 ਤੱਕ ਖਾੜਕੂ ਮੂਵਮੈਂਟ ਸਰਕਾਰੀ ਤਾਕਤ ਨਾਲ਼ ਬੁਰ੍ਹੀ ਤਰ੍ਹਾਂ ਕੁਚਲ ਦਿੱਤੀ ਗਈ ਸੀ? ਇੱਥੇ ਵਰਨਣਯੋਗ ਹੈ ਕਿ ਬਾਅਦ ਵਿੱਚ ਉਨ੍ਹਾਂ ਹੀ ਸ਼ੱਕੀ ਸ਼ਕਤੀਆਂ ਨੇ ਗੱਜਾ ਸਿੰਘ ਨੂੰ ਵੀ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ? ਇਨ੍ਹਾਂ ਸ਼ੱਕੀ ਸ਼ਕਤੀਆਂ ਨੂੰ 1990 ਦੀਆਂ ਵਿਧਾਨ ਸਭਾ ਚੋਣਾਂ ਰੱਦ ਕਰਾਉਣ ਲਈ ਅਨੇਕਾਂ ਫੈਡਰੇਸ਼ਨ ਦੇ ਆਗੂ ਤੇ ਬੱਸਾਂ-ਟਰੇਨਾਂ ਵਿੱਚੋਂ ਲਾਹ ਕੇ ਬੇਗੁਨਾਹ ਲੋਕ ਮਾਰ ਦਿੱਤੇ ਸਨ? ਇਨ੍ਹਾਂ ਸ਼ਕਤੀਆਂ ਨੇ ਹੀ 1992 ਦੀਆਂ ਚੋਣਾਂ ਦਾ ਬਾਈਕਾਟ ਕਰਾ ਕੇ ਬੇਅੰਤ ਸਿੰਘ ਦੀ ਕਾਂਗਰਸ ਸਰਕਾਰ ਲਈ ਰਾਹ ਪੱਧਰਾ ਕੀਤਾ ਸੀ?
‘ਨੇੜਿਉਂ ਡਿੱਠੇ ਸੰਤ ਭਿੰਡਰਾਂਵਾਲ਼ੇ’ ਕਿਤਾਬ ਅਨੁਸਾਰ;
‘ਜੂਨ 84 ਤੇ ਨਵੰਬਰ 84 ਦੀਆਂ ਘਟਨਾਵਾਂ ਤੋਂ ਬਾਅਦ ਗੁੱਸੇ ਵਿੱਚ ‘ਖਾਲਿਸਤਾਨ ਦਾ ਨਾਹਰਾ’ ਇੱਕ ਕੁਦਰਤੀ ਜਿਹਾ ਪ੍ਰਤੀਕਰਮ ਤਾਂ ਦਿਸਦਾ ਸੀ, ਪਰ ਇਹ ਕੋਈ ਡੂੰਘੀ ਰਾਜਨੀਤਕ ਸੋਚ ਵਿੱਚੋਂ ਉਪਜਿਆ ਹੋਇਆ ਪੈਂਤੜਾ ਨਹੀਂ ਸੀ।’ (ਪੰਨਾ-205)
‘ਗੁਰਬਾਣੀ ‘ਚੋਂ ਉਪਜੇ ਦੋ ਨਿਸ਼ਾਨਿਆਂ ‘ਹਲੇਮੀ ਰਾਜ’ ਅਤੇ ‘ਬੇਗਮਪੁਰੇ’ ਦੀ ਸਿਰਜਣਾ ਨੂੰ ਅਧਾਰ ਬਣਾ ਕੇ ਜੋ ‘ਖਾਲਿਸਤਾਨ’ ਦਾ ਨਿਸ਼ਾਨਾ ਚਿਤਵਿਆ ਗਿਆ ਹੈ, ਉਸ ਰਾਜ ਦੀ ਪੂਰਤੀ ਲਈ ਸਿੱਖਾਂ ਵਿੱਚ ਅਜਿਹੇ ਲੋਕ ਜਾਂ ਅਜਿਹੀ ਕੋਈ ਸੰਸਥਾ ਕਿੱਧਰੇ ਨਜ਼ਰ ਨਹੀਂ ਆਉਂਦੀ, ਜੋ ਇਹੋ ਜਿਹਾ ਵਧੀਆ ਰਾਜ ਅਤੇ ਸਮਾਜ ਸਿਰਜਣ ਦੇ ਯੋਗ ਹੋਵੇ? ਬਾਕੀ ਗੁਰਬਾਣੀ ਦੇ ਪੈਂਤੜੇ ਤੋਂ ਇਸਦਾ ਕਲ਼ਾਵਾ ਸਮੁੱਚੀ ਦੁਨੀਆਂ ਬਣਦਾ ਹੈ।ਇਹ ਵੱਖਵਾਦੀ, ਨਸਲਵਾਦੀ ਅਤੇ ਭੂਗੋਲਿਕ ਨਹੀਂ।’ (ਪੰਨਾ-206)
‘ਸਰਬੱਤ ਖਾਲਸਾ ਦਾ ਇਹ ਮਹਾਨ ਇਤਿਹਾਸਕ ਇਕੱਠ ਇਹ ਫਿਰ ਦੁਹਰਾਉਂਦਾ ਹੈ ਕਿ ਸਿੱਖ ਸ੍ਰੀ ਆਨਮਦਪੁਰ ਸਾਹਿਬ ਦੇ ਮਤੇ ਅਤੇ ਕਾਂਗਰਸੀ ਆਗੂਆਂ ਵੱਲੋਂ ਸਿੱਖਾਂ ਨਾਲ਼ ਕੀਤੇ ਹੋਏ ਵਾਅਦਿਆਂ ਦੀ ਪ੍ਰਾਪਤੀ ਲਈ ਆਪਣਾ ਸੰਘਰਸ਼ ਜਾਰੀ ਰੱਖਣਗੇ।’ (ਪੰਨਾ-226)
’25 ਜਨਵਰੀ, 1986 ਤੱਕ ਅਜੇ ਸਿੰਘਾਂ ਵਿੱਚ ਕੋਈ ਬਹੁਤੀ ਫੁੱਟ ਨਹੀਂ ਸੀ, ਜੋ ਬਾਅਦ ਵਿੱਚ ਆਪਸੀ ਮਾਰ-ਮਰਾਈ ਤੱਕ ਪਹੁੰਚ ਗਈ।ਇਸ ਫੁੱਟ ਦੇ ਮੁੱਖ ਦੋਸ਼ੀ ਡਾ. ਸੋਹਣ ਸਿੰਘ ਅਤੇ ਬਾਬਾ ਜੋਗਿੰਦਰ ਸਿੰਘ ਸਨ, ਜਿਨ੍ਹਾਂ ਨੂੰ ਆਪਣੀ ਲੀਡਰੀ ਦਾ ਬਹੁਤ ਖਿਆਲ ਸੀ।’ (ਪੰਨਾ-145)
‘ਸਰਬਤ ਖਾਲਸਾ ਵਲੋਂ ਪਾਸ ਕੀਤੇ ਜਾਣ ਵਾਲ਼ੇ ਖਰੜੇ ਵਿੱਚ ਖਾਲਿਸਤਾਨ ਦੀ ਕੋਈ ਗੱਲ ਨਹੀਂ ਸੀ, ਸਾਰੇ ਸਿੰਘ ਸਾਰੀ ਤਿਆਰੀ ਕਰਕੇ 25 ਜਨਵਰੀ ਦੀ ਰਾਤ ਨੂੰ ਆਪਣੇ ਠਿਕਾਣਿਆਂ ਤੇ ਚਲੇ ਗਏ ਸਨ।ਫਿਰ ਰਾਤ ਨੂੰ ਦੋ ਵਜੇ ਮੈਸੇਜ ਆਇਆ ਕਿ ਦੁਬਾਰਾ ਮੀਟਿੰਗ ਕਰਨੀ ਹੈ, ਜਦੋਂ ਮੈਂ ਮਹਿਤੇ ਚੌਂਕ ਪਹੁੰਚਾ ਤਾਂ ਡਾ. ਸੋਹਣ ਸਿੰਘ ਪਹਿਲਾਂ ਹੀ ਉਥੇ ਬੈਠੇ ਸਨ।ਮੈਨੂੰ ਦੇਖ ਕੇ ਕਹਿਣ ਲੱਗੇ: ਦਲਬੀਰ ਸਿੰਘ ਜੀ, ਤੁਸੀਂ ਤਾਂ ਚਲੇ ਗਏ ਸੀ, ਫਿਰ ਆ ਗਏ।ਡਾਕਟਰ ਦਾ ਇਹ ਕਥਨ ਮੇਰੇ ਤੇ ਰੋਅਬ ਜਮਾਉਣ ਵਾਲ਼ਾ ਸੀ, ਮੈਂ ਇਸਨੂੰ ਭਾਂਪ ਕੇ ਇੱਕਦਮ ਗੁੱਸੇ ਵਿੱਚ ਜਵਾਬ ਦਿੱਤਾ: ‘ਡਾਕਟਰ ਤੇਰੇ ਵਰਗੇ ਮੈਂ ਬਹੁਤ ਖਾਧੇ-ਪੀਤੇ ਹਨ।’ ਇਸ ਤੋਂ ਮਗਰੋਂ ਕੁਝ ਤਲਖੀ ਬਾਅਦ ਮੀਟਿੰਗ ਫਿਰ ਸ਼ੁਰੂ ਹੋਈ ਤਾਂ ਸਾਰੀਆਂ ਮੰਗਾਂ ਦੁਬਾਰਾ ਪੜ੍ਹੀਆਂ ਗਈਆਂ ਤਾਂ ਡਾਕਟਰ ਸੋਹਣ ਸਿੰਘ ਕਹਿਣ ਲੱਗਾ ਕਿ ਖਾਲਸਾ ਮੰਗਾਂ ਨਹੀਂ ਕਰਦਾ, ਉਹ ਤਾਂ ਹੱਕ ਲੈਂਦਾ ਹੈ।ਮੈਂ ਝੱਟ ਸਾਰੀਆਂ ਮੰਗਾਂ ਤੇ ਲੀਕ ਫੇਰ ਦਿੱਤੀ।ਡਾਕਟਰ ਫਿਰ ਕਹਿਣ ਲੱਗਾ ਕਿ ਇਸ ਖਰੜੇ ਵਿੱਚ ‘ਖਾਲਿਸਤਾਨ’ ਦੀ ਮੰਗ ਹੋਣੀ ਚਾਹੀਦੀ ਹੈ।ਮੇਰਾ ਉਤਰ ਸੀ, ਤੁਸੀਂ ਜੀਅ ਸਦਕੇ ਇਹ ਮੰਗ ਪਾ ਲਉ, ਪਰ ਮੈਂ ਇਸਦਾ ਭਾਈਵਾਲ਼ ਨਹੀਂ ਬਣ ਸਕਦਾ।ਇਸ ਤੋਂ ਬਾਅਦ ਕੁਝ ਬਹਿਸ ਬਸੱਈਏ ਤੋਂ ਬਾਅਦ ਪਹਿਲਾਂ ਵਾਲ਼ਾ ਖਰੜਾ ਰੱੱਖਣ ਦਾ ਫੈਸਲਾ ਹੋਇਆ। ਸੰਤਾਂ ਦੇ ਪਿਤਾ ਬਾਬਾ ਜੋਗਿੰਦਰ ਸਿੰਘ, ਜੋ ਉਨੀਂ ਦਿਨੀਂ ਸੰਘਰਸ਼ ਦੀ ਮੁੱਖ ਧਾਰਾ ਦੇ ਆਗੂ ਹੋਣ ਦਾ ਭਰਮ ਪਾਲ਼ੀ ਬੈਠੇ ਸਨ, ਉਥੋਂ ਵਾਕ-ਆਊਟ ਕਰ ਗਏ।’ (ਪੰਨਾ-145)
‘ਫਿਰ ਅਪਰੈਲ, 1986 ਵਿੱਚ ਇੱਕ ਨਵਾਂ ਸਰਬੱਤ ਖਾਲਸਾ ਸੱਦਿਆ ਗਿਆ।ਜਿਸ ਵਿੱਚ ਮੁੱਖ ਰੂਪ ਵਿੱਚ ਡਾ. ਸੋਹਣ ਸਿੰਘ, ਬਾਬਾ ਜੋਗਿੰਦਰ ਸਿੰਘ, ਹਰਚਰਨ ਸਿੰਘ ਰੋਡੇ, ਜਥੇਦਾਰ ਗੁਰਦੇਵ ਸਿੰਘ ਕਾਉਂਕੇ ਸ਼ਾਮਿਲ ਹੋਏ।ਜਿਸ ਵਿੱਚ ਨਾ ਕੋਈ ਨਵੀਂ ਸੇਧ ਦਿੱਤੀ ਗਈ ਤੇ ਨਾ ਹੀ ਕੋਈ ਨਵਾਂ ਪੈਂਤੜਾ ਉਲੀਕਿਆ ਗਿਆ।ਪਰ ਕੁਝ ਦਿਨਾਂ ਬਾਅਦ ਪੱਤਰਕਾਰਾਂ ਨੂੰ ਦਰਬਾਰ ਸਾਹਿਬ ਸੱਦ ਕੇ ਪੰਥਕ ਕਮੇਟੀ ਰਾਹੀਂ 29 ਅਪਰੈਲ, 1986 ਨੂੰ ਖਾਲਿਸਤਾਨ ਦਾ ਐਲਾਨ ਕਰਵਾ ਦਿੱਤਾ ਗਿਆ।ਇਸ ਤੋਂ ਪਹਿਲਾਂ (13 ਅਪਰੈਲ ਤੋਂ 28 ਅਪਰੈਲ ਵਿਚਕਾਰ) ਗੁਰੂ ਗ੍ਰੰਥ ਸਾਹਿਬ ਤੋਂ ਵਾਕ ਲੈ ਕੇ ਫੈਸਲਾ ਲੈਣ ਦੀ ਕੋਸ਼ਿਸ਼ ਕੀਤੀ ਗਈ, ਪਰ ਗੁਰੂ ਗ੍ਰੰਥ ਸਾਹਿਬ ਦਾ ਵਾਕ ‘ਖਾਲਿਸਤਾਨ’ ਦੇ ਵਿਰੁੱਧ ਆਇਆ।ਫਿਰ ਗੁਰੂ ਰਾਮਦਾਸ ਸਰੋਵਰ ਵਿੱਚ ਦੋ ਪਰਚੀਆਂ ਪਾਈਆਂ ਗਈਆਂ, ‘ਖਾਲਿਸਤਾਨ’ ਵਾਲ਼ੀ ਪਰਚੀ ਡੁੱਬ ਗਈ।ਪਰ ਫਿਰ ਵੀ ਗੁਰੂ ਵਰਤਾਰੇ ਨੂੰ ਠੁਕਰਾ ਕੇ ਡਾ. ਸੋਹਣ ਸਿੰਘ ਨੇ ‘ਖਾਲਿਸਤਾਨ’ ਦਾ ਐਲਾਨ ਕਰਵਾ ਦਿੱਤਾ।ਇਸ ਤੋਂ ਬਾਅਦ ਜੋ ਵਾਪਰਿਆ, ਹੁਣ ਇਤਿਹਾਸ ਦਾ ਹਿੱਸਾ ਹੈ। ‘ਖਾਲਿਸਤਾਨ ਦੀ ਪ੍ਰਾਪਤੀ ਦੇ ਸੰਘਰਸ਼ ਨੂੰ ਅੱਗੇ ਤੋਰ ਸਕਣਾ, ਸਰਕਾਰੀ ਮੋਟੀ ਪੈਨਸ਼ਨ ਪ੍ਰਾਪਤ ਕਰਕੇ ਵਿਹਲੇ ਹੋਏ ਸੋਹਣ ਸਿੰਘ ਲਈ ਤਾਂ ਇੱਕ ਰੁਝੇਵਾਂ ਹੋ ਸਕਦਾ ਸੀ, ਪਰ ਸਿੱਖ ਗੱਭਰੂਆਂ ਨੂੰ ਤਾਂ ਖੂਨ ਦੀ ਹੋਲੀ ਖੇਡਣੀ ਪਈ।ਸਮੁੱਚਾ ਸਿੱਖ ਸੰਘਰਸ਼ ਖੇਰੂੰ-ਖੇਰੂੰ ਹੋ ਗਿਆ, ਜਿਸਦਾ ਸਿਖਰ ਆਪਸੀ ਮਾਰ-ਮਰਾਈ ਤੱਕ ਜਾ ਪਹੁੰਚਾ ਸੀ।ਸਮਾਂ ਪਾ ਕੇ ਬਰਸਾਤੀ ਡੱਡੂਆਂ ਵਾਂਗ ਅਨੇਕਾਂ ਲੀਡਰ ਪੈਦਾ ਹੋਏ, ਜਿਨ੍ਹਾਂ ਸਰਕਾਰੀ ਚੋਗਾ ਵੀ ਖਾਧਾ ਅਤੇ ਲੁੱਟ-ਮਾਰ ਦੇ ਪੈਸੇ ਨਾਲ਼ ਕਾਰਾਂ, ਕੋਠੀਆਂ ਤੇ ਜਮੀਨਾਂ ਖਰੀਦੀਆਂ।ਪਾਠਕਾਂ ਨੂੰ ਇੱਥੇ ਦੱਸਣਾ ਵਾਜਿਬ ਰਹੇਗਾ ਕਿ ਡਾ. ਸੋਹਣ ਸਿੰਘ ਦੇ ਵਾਰ-ਵਾਰ ਕਹਿਣ ਤੇ ਵੀ ਸੰਤਾਂ ਨੇ ਕਦੇ ‘ਖਾਲਿਸਤਾਨ’ ਦੀ ਗੱਲ ਨਹੀਂ ਕਹੀ ਸੀ।ਪਰ 84 ਤੋਂ ਬਾਅਦ ਦੇ ਸੰਘਰਸ਼ ਵਿੱਚ ਡਾ. ਸੋਹਣ ਸਿੰਘ ਨੇ ਫੁੱਟ ਦੇ ਬੀਜ ਪਾ ਦਿੱਤੇ ਸਨ।ਡਾ. ਦੀ ਇਹ ਪਹੁੰਚ ਆਪਣੀ ਭਾਵੁਕਤਾ ਵਿੱਚੋਂ ਸੀ ਜਾਂ ਕਿਸੇ ‘ਚੁੱਕਣਾ’ ਵੱਸ ਸੀ, ਇਸਦੀ ਜਾਣਕਾਰੀ ਭਵਿੱਖ ਵਿੱਚ ਸਰਕਾਰੀ ਰਿਕਾਰਡ ਵਿੱਚੋਂ ਹੀ ਮਿਲ ਸਕੇਗੀ।ਇਹ ਵੀ ਦੱਸਣਾ ਵਾਜਿਬ ਰਹੇਗਾ ਕਿ ਡਾ. ਸੋਹਣ ਸਿੰਘ ਦੀ ਗ੍ਰਿਫਤਾਰੀ ਚੰਡੀਗੜ੍ਹ ਤੋਂ ਹੋਈ ਸੀ, ਪਰ ਬਾਅਦ ਵਿੱਚ ਦਿਖਾਈ ਨੇਪਾਲ ਬਾਰਡਰ ਤੋਂ ਸੀ।’ (ਪੰਨਾ-146)
‘ਖਾਲਿਸਤਾਨ ਦੀ ਮੰਗ ਪਹਿਲਾਂ ਡਾ. ਜਗਜੀਤ ਸਿੰਘ ਚੌਹਾਨ ਨੇ ਕੀਤੀ ਸੀ, ਜਿਸਨੇ ਕਾਂਗਰਸ ਨਾਲ਼ ਰਲ਼ ਕੇ ਸ. ਗੁਰਨਾਮ ਸਿੰਘ ਦੀ ਅਕਾਲੀ ਸਰਕਾਰ ਡੇਗ ਕੇ ਸ. ਲਛਮਣ ਸਿੰਘ ਨੂੰ ਮੁੱਖ ਮੰਤਰੀ ਬਣਵਾਇਆ ਸੀ ਤੇ ਆਪ ਖਜ਼ਾਨਾ ਮੰਤਰੀ ਬਣਿਆ ਸੀ।’ (ਪੰਾਨ-147)
ਇਹ ਸਾਰੀ ਜਾਣਕਾਰੀ ਦੇਣ ਤੋਂ ਭਾਵ ਇਹੀ ਹੈ ਕਿ ਬੇਸ਼ਕ ਖਾਲਿਸਤਾਨ ਦੇ ਨਾਹਰੇ ਤਾਂ ਲੰਬੇ ਸਮੇਂ ਤੋਂ ਮਾਰੇ ਜਾ ਰਹੇ ਹਨ, ਖਾਲਿਸਤਾਨ ਦੇ ਝੰਡੇ ਝੁਲਾਉਣ ਦੇ ਨਾਮ ਤੇ ਪੰਜਾਬ ਦਾ ਮਾਹੌਲ ਵੀ ਖਰਾਬ ਕਰਨ ਦੀ ਕੋਸ਼ਿਸ਼ ਵੀ ਹੋ ਰਹੀ ਹੈ? ਪਰ ਜਿਸ ਤਰ੍ਹਾਂ ਸਿੱਖ ਲੀਡਰਸ਼ਿਪ 1947 ਤੋਂ ਪਹਿਲਾਂ ਆਪਣੇ ਰਾਜਸੀ ਨਿਸ਼ਾਨਿਆਂ ਪ੍ਰਤੀ ਸਪੱਸ਼ਟ ਨਹੀਂ ਸੀ, ਉਸੇ ਤਰ੍ਹਾਂ 47 ਤੋਂ 84 ਤੱਕ ਸੰਤ ਭਿੰਡਰਾਂਵਾਲ਼ਿਆਂ ਸਮੇਤ ਸਪੱਸ਼ਟ ਨਹੀਂ ਸੀ, ਫਿਰ 84 ਤੋਂ ਬਾਅਦ ਉਭਰੀ ਨਵੀਂ ਖਾੜਕੂ ਲੀਡਰਸ਼ਿਪ ਵੀ ਆਪਣੇ ਨਿਸ਼ਾਨੇ ਪ੍ਰਤੀ ਸਪੱਸ਼ਟ ਨਹੀਂ ਸੀ, 1995 ਤੱਕ ਖਾੜਕੂ ਮੂਵਮੈਂਟ ਖਤਮ ਹੋਣ ਤੋਂ 27 ਸਾਲ ਬਾਅਦ ਵੀ ਮੌਜੂਦਾ ਪੰਥਕ ਲੀਡਰਸ਼ਿਪ ਸਪੱਸ਼ਟ ਨਹੀਂ ਹੈ ਕਿ ਉਹ ਅਸਲ ਵਿੱਚ ਕਰਨਾ ਕੀ ਚਾਹੁੰਦੇ ਹਨ? ਕਿਸਾਨ ਮੋਰਚੇ ਦੌਰਾਨ ਉਭਰੇ ਮਰਹੂਮ ਪੰਥਕ ਲੀਡਰ ਦੀਪ ਸਿੱਧੂ ਵਲੋਂ ਵੀ ਸਾਲ ਕੁ ਵਿੱਚ ਆਨੰਦਪੁਰ ਦਾ ਮਤਾ, ਰਾਜਾਂ ਨੂੰ ਵੱਧ ਅਧਿਕਾਰ, ਸਿੱਖ ਸਟੇਟ, ਖਾਲਸਾ ਰਾਜ, ਗੱਲ ਫਸਲਾਂ ਦੀ ਨਹੀਂ ਨਸਲਾਂ ਦੀ ਆਦਿ ਵਰਗੇ ਕਈ ਬਿਰਤਾਂਤ ਸਿਰਜੇ ਗਏ? ਪਰ ਸਿੱਧੇ ਤੌਰ ਤੇ ਖਾਲਿਸਤਾਨ ਬਾਰੇ ਉਸਨੇ ਵੀ ਕਦੇ ਸਪੱਸ਼ਟ ਗੱਲ ਨਹੀਂ ਕੀਤੀ ਸੀ? ਅਜਿਹੇ ਹਾਲਾਤਾਂ ਵਿੱਚ ਸਿੱਖ ਲੀਡਰਸ਼ਿਪ ਵਲੋਂ ਬਿਨਾਂ ਸਪੱਸ਼ਟ ਨਿਸ਼ਾਨੇ ਅਤੇ ਵਿਉਂਤਬੰਦੀ ਦੇ ਕੌਮ ਨੂੰ ਬਲਦੀ ਦੇ ਬੂਥੇ ਦੇਈ ਰੱਖਣਾ ਕਿਤਨੀ ਕੁ ਸਿਆਣਪ ਹੈ? ਜੇ ਆਮ ਸਿੱਖਾਂ ਦੀ ਖਾਲਿਸਤਾਨ ਵਿੱਚ ਕੋਈ ਦਿਲਚਸਪੀ ਨਹੀਂ ਤਾਂ ਫਿਰ ਕਮਿਉਨਿਟੀ ਦੇ ਇੱਕ ਛੋਟੇ ਜਿਹੇ ਸੈਕਸ਼ਨ ਵਲੋਂ ਆਪਣੀਆਂ ਜਜਬਾਤੀ ਅਕਾਂਖਿਆਵਾਂ ਤੇ ਨਿੱਜੀ ਗਰਜਾਂ ਕਾਰਨ ਸਾਰੇ ਪੰਜਾਬ ਦੇ ਲੋਕ ਸੰਤਾਪ ਕਿਉਂ ਹੰਢਾ ਰਹੇ ਹਨ? ਇਸ ਬਾਰੇ ਸਭ ਨੂੰ ਸਪੱੱਸ਼ਟ ਹੋਣ ਦੀ ਲੋੜ ਹੈ? ਇਨ੍ਹਾਂ ਧਿਰਾਂ ਤੋਂ ਲੋਕਾਂ ਨੂੰ ਸਵਾਲ ਕਰਨੇ ਬਣਦੇ ਹਨ?
ਇਸ ਸਾਰੀ ਵਾਰਤਾਲਾਪ ਦਾ ਸਾਰ ਤੱਤ ਇਹੀ ਹੈ ਕਿ ਜਿੱਥੇ ਖਾਲਿਸਤਾਨ ਦਾ ਨਾਹਰਾ ਕੁਝ ਜਜ਼ਬਾਤੀ ਤੇ ਜੋਸ਼ੀਲੇ ਲੋਕ ਅਗਿਆਨਤਾ ਵਿੱਚ ਮਾਰ ਰਹੇ ਹਨ, ਉਥੇ ਅਨੇਕਾਂ ਕਿਤਾਬਾਂ ਵਿੱਚ ਮਿਲਦੇ ਹਵਾਲਿਆਂ ਅਨੁਸਾਰ ਸਰਕਾਰੀ ਏਜੰਸੀਆਂ ਵਲੋਂ ਸਿੱਖਾਂ ਨੂੰ ਅੱਤਵਾਦੀ ਤੇ ਵੱਖਵਾਦੀ ਸਾਬਿਤ ਕਰਨ ਲਈ ਵੀ ਅਜਿਹੇ ਨਾਅਰੇ ਮਰਾਏ ਜਾਂਦੇ ਰਹੇ ਹਨ ਤੇ ਮੁੱਦੇ ਖੜੇ ਕੀਤੇ ਜਾਂਦੇ ਰਹੇ ਹਨ।ਆਮ ਦੇਖਣ ਵਿੱਚ ਆਉਂਦਾ ਹੈ ਕਿ ਸਿੱਖਾਂ ਦੀ ਬਹੁ-ਗਿਣਤੀ ਅਜਿਹੇ ਨਾਹਰਿਆਂ ਜਾਂ ਨਿਸ਼ਾਨਿਆਂ ਤੋਂ ਕਦੇ ਬਹੁਤਾ ਪ੍ਰਭਾਵਤ ਨਹੀਂ ਹੋਈ, ਪਰ ਇੱਕ ਛੋਟੇ ਜਿਹੇ ਸੈਕਸ਼ਨ ਖਿਲਾਫ ਕੋਈ ਸਪੱਸ਼ਟ ਸਟੈਂਡ ਨਾ ਲੈਣ ਕਾਰਨ, ਇਹ ਨਾਹਰਾ ਸਿੱਖਾਂ ਦਾ ਖਹਿੜਾ ਨਹੀਂ ਛੱਡ ਰਿਹਾ।ਕਿਸਾਨੀ ਸੰਘਰਸ਼ ਦੌਰਾਨ ਵੀ ਇਸ ਛੋਟੇ ਜਿਹੇ ਸੈਕਸ਼ਨ ਦੀਆਂ ਹਰਕਤਾਂ ਕਾਰਨ ਸਾਰੇ ਸੰਘਰਸ਼ ਨੂੰ ਖਾਲਿਸਤਾਨ ਨਾਲ਼ ਜੋੜ ਕੇ ਬਦਨਾਮ ਕਰਨ ਦੀ ਸਰਕਾਰ ਵਲੋਂ ਚਾਲ ਚੱਲੀ ਗਈ ਸੀ, ਜਿਸਨੂੰ ਕਿਸਾਨ ਲੀਡਰਾਂ ਸਫਲ ਨਹੀ ਹੋਣ ਦਿੱਤਾ ਸੀ।
ਸਿੱਖ ਵਿਦਵਾਨ ਵੀ ਇਸ ਸਬੰਧੀ ਬੜੀ ਦੁਬਿਧਾ ਦਾ ਸ਼ਿਕਾਰ ਹਨ, ਕੋਈ ਕੁਝ ਕਹਿ ਰਿਹਾ ਹੈ ਤੇ ਕੋਈ ਕੁਝ ਕਹਿ ਰਿਹਾ ਹੈ।ਪਟਿਆਲ਼ੇ ਦੀਆਂ ਘਟਨਾਵਾਂ ਦੇ ਸਬੰਧ ਵਿਚ ਸਿੱਖ ਵਿਦਵਾਨ ਸ. ਗੁਰਤੇਜ ਸਿੰਘ, ਜਿੱਥੇ ਆਪਣੀ ‘ਤਖਤ ਪੰਜਾਬ’ ਯੂ ਟਿਊਬ ਚੈਨਲ ਤੇ ਦਿੱਤੀ ਤਾਜਾ ਇੰਟਰਵਿਊ ਵਿੱਚ ਖਾਲਿਸਤਾਨ ਨੂੰ ਸਿੱਖਾਂ ਸਿਰ ਸਿਰ ਭਾਰਤ ਦੀ ਹਿੰਦੂ ਸਟੇਟ ਵਲੋਂ ਕੁੱਟਣ ਲਈ ਮੜ੍ਹਿਆ ਨਾਹਰਾ ਦੱਸਦੇ ਹਨ, ਉਥੇ ਉਹ ਇੱਕ ਹੋਰ ਅਜੀਬ ਜਿਹਾ ਤਰਕ ਵੀ ਦਿੰਦੇ ਹਨ ਕਿ ਮੁਸਲਮਾਨ ਵੀ ਪਾਕਿਸਤਾਨ ਬਣਾਉਣ ਦੇ ਹੱਕ ਵਿੱਚ ਨਹੀਂ ਸਨ, ਪਰ ਹਿੰਦੂਆਂ ਨੇ ਹੀ ਉਨ੍ਹਾਂ ਸਿਰ ਵੀ ਪਾਕਿਸਤਾਨ ਮੜਿਆ ਸੀ ਤਾਂ ਕਿ ਮੁਸਲਮਾਨਾਂ ਨੂੰ ਭਾਰਤ ਵਿੱਚੋਂ ਬਾਹਰ ਕੱਢਿਆ ਜਾ ਸਕੇ ਤੇ ਭਾਰਤ ਸਿਰਫ ਹਿੰਦੂਆਂ ਦਾ ਦੇਸ਼ ਰਹਿ ਜਾਵੇ।ਪਰ ਸਾਡੇ ਇਹ ਸੂਝਵਾਨ ਵਿਦਵਾਨ ਹਿੰਦੂ ਲੀਡਰਾਂ ਪੰਡਤ ਨਹਿਰੂ ਜਾਂ ਮਹਾਤਮਾ ਗਾਂਧੀ ਵਰਗੇ ਕੌਮੀ ਨੇਤਾਵਾਂ ਦੀ ਨੀਚਤਾ ਸਾਬਿਤ ਕਰਨ ਲਈ ਇਤਿਹਾਸਕ ਤੱਥਾਂ ਦੀ ਜਹੀ ਤਹੀ ਫੇਰਨ ਦੇ ਜ਼ੋਸ਼ ਵਿੱਚ ਸਾਰੇ ਇਤਿਹਾਸਕ ਤੱਥਾਂ ਨੂੰ ਵਿਸਾਰ ਦਿੰਦੇ ਹਨ।ਉਨ੍ਹਾਂ ਨੂੰ ਇਹ ਵੀ ਯਾਦ ਨਹੀਂ ਰਹਿੰਦਾ ਕਿ 18ਵੀਂ ਸਦੀ ਵਿੱਚ ਮੁਗਲ ਸਾਮਰਾਜ ਦੇ ਢਹਿ ਢੇਰੀ ਹੋਣ ਮਗਰੋਂ ਸ਼ਾਹ ਵਲੀ ਉਲ੍ਹਾ ਦਹੇਲਵੀ ਵਰਗੇ ਇਸਲਾਮਕਿ ਸਕੌਲਰ ਤੇ ਸੁਧਾਰਕ ਕਿਵੇਂ ਸਾਰੇ ਹਿੰਦੁਸਤਾਨ ਵਿੱਚ ਹੈਦਰੀ ਝੰਡਾ ਝੁਲਾਉਣ ਲਈ ਅਹਿਮਦ ਸ਼ਾਹ ਅਬਦਾਲੀ ਅੱਗੇ ਹਾੜ੍ਹੇ ਕੱਢਣ ਜਾਂਦੇ ਸਨ ਕਿ ਉਨ੍ਹਾਂ ਦੀ ਮੱਦਦ ਕੀਤੀ ਜਾਵੇ ਤਾਂ ਕਿ ਭਾਰਤ ਵਿੱਚ ਇੱਕ ਵਾਰ ਫਿਰ ਇਸਲਾਮ ਦਾ ਰਾਜ ਹੋ ਸਕੇ।ਡਾ. ਮੁਬਾਰਕ ਅਲੀ ਦੀ ਕਿਤਾਬ ‘ਅਲਮੀਆਹ-ਏ-ਤਾਰੀਖ’ ਅਨੁਸਾਰ ਸ਼ਾਹ ਵਲੀ ਉਲ੍ਹਾ ਕਿਵੇਂ 18ਵੀਂ ਸਦੀ ਵਿੱਚ ਮਰਾਠਿਆਂ ਦੇ ਵਧਦੇ ਪ੍ਰਭਾਵ ਤੋਂ ਦੁਖੀ ਸੀ ਤੇ ਉਹ ਆਪਣੇ ਪ੍ਰਵਚਨਾਂ ਵਿੱਚ ਅਕਸਰ ਕਹਿੰਦਾ ਸੀ ਕਿ ਅੱਲ੍ਹਾ ਦਾ ਉਸ ਉਪਰ ਫੁਰਮਾਨ ਨਾਜ਼ਲ ਹੋਇਆ ਹੈ ਤੇ ਉਹ ਦੇਖ ਰਿਹਾ ਹੈ ਕਿ ਸਾਰੇ ਕਾਫਰ ਮਾਰ ਦਿੱਤੇ ਹਨ ਅਤੇ ਸਭ ਪਾਸੇ ਇਸਲਾਮ ਦਾ ਹੈਦਰੀ ਝੰਡਾ ਝੂਲ ਰਿਹਾ ਹੈ।
ਇਸੇ ਤਰ੍ਹਾਂ ਜੇ ਸਾਡੇ ਵਿਦਵਾਨ 19ਵੀ ਸਦੀ ਦੇ ਇਸਲਾਮ ਦੇ ਸਕਲਾਰ ਤੇ ਲੀਡਰ ਸਰ ਸਈਅਦ ਅਹਿਮਦ ਖਾਨ ਬਾਰੇ ਪੜ੍ਹ ਲੈਂਦੇ ਤਾਂ ਉਨ੍ਹਾਂ ਨੂੰ ਪਤਾ ਹੁੰਦਾ ਕਿ ਇਤਿਹਸਾਕ ਤੱਥਾਂ ਅਨੁਸਾਰ ਉਨ੍ਹਾਂ ਨੂੰ ਦੋ ਕੌਮਾਂ (ਠਾੋ ਂੳਟੋਿਨ) ਹਿੰਦੂ ਤੇ ਮੁਸਲਮਾਨ ਦੀ ਥਿਊਰੀ ਦੇ ‘ਪਿਤਾਮਾ’ ਮੰਨਿਆ ਜਾਂਦਾ ਹੈ।ਜਿਨ੍ਹਾਂ ਨੇ ਟੂ ਨੇਸ਼ਨ ਥਿਊਰੀ 19ਵੀਂ ਸਦੀ ਦੇ ਆਖਰੀ 2 ਦਹਾਕਿਆਂ ਵਿੱਚ ਦਿੱਤੀ ਸੀ।ਬਸਤੀਵਾਦੀ ਅੰਗਰੇਜਾਂ ਦੇ ਭਾਰਤ ਵਿੱਚ ਕਾਬਿਜ ਹੋਣ ਤੋਂ ਬਾਅਦ ਜਦੋਂ ਮੁਸਲਮਾਨਾਂ ਨੇ ਇਹ ਭਾਂਪ ਲਿਆ ਸੀ ਕਿ ਹੁਣ ਸਾਰੇ ਭਾਰਤ ਵਿੱਚ ਇਸਲਾਮ ਦਾ ਰਾਜ ਸੰਭਵ ਨਹੀਂ ਤਾਂ ਉਨ੍ਹਾਂ ਨੇ ਸਰ ਸਈਅਦ ਅਹਿਮਦ ਦੀ ਦੋ ਨੇਸ਼ਨ ਥਿਊਰੀ (ਠਾੋ ਂੳਟੋਿਨ) ਤੇ 20ਵੀਂ ਸਦੀ ਦੇ ਸ਼ੁਰੂ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਅੰਗਰੇਜਾਂ ਲਈ ਵੀ ਹਿੰਦੂ-ਮੁਸਲਮਾਨਾਂ ਵਿੱਚ ਪਾੜ ਰਾਸ ਆਉਂਦਾ ਸੀ।ਪਾਕਿਸਤਾਨ ਬਣਾਉਣ ਵਾਲ਼ੇ ਦੋ ਮੁੱਖ ਲੀਡਰ ਇਲਾਮਾ ਇਕਬਾਲ ਤੇ ਮੁਹੰਮਦ ਅਲੀ ਜਿਨਾਹ, ਉਨ੍ਹਾਂ ਤੋਂ ਹੀ ਪ੍ਰਭਾਵਤ ਹੋ ਕੇ ਉਸੇ ਪ੍ਰੌਜੈਕਟ ਨੂੰ ਹੀ ਅੱਗੇ ਲਿਜਾ ਰਹੇ ਸਨ ਤਾਂ ਕਿ ਮੁਸਲਮਾਨਾਂ ਲਈ ਵੱਖਰਾ ਦੇਸ਼ ਪਾਕਿਸਤਾਨ ਬਣਾਇਆ ਜਾਵੇ।
ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਖਾਲਿਸਤਾਨ ਐਲਾਮਨਨਾਮੇ ਦੀ ਮਹਿਮਾ ਕਰਦਿਆਂ ਆਪਣੀ ਤਾਜਾ ਫੇਸਬੁੱਕ ਲਿਖਤ ਵਿੱਚ ‘ਖਾਲਿਸਤਾਨ ਦੇ ਐਲਾਨਨਾਮੇ’ ਬਾਰੇ ਇਉਂ ਲਿਖਦੇ ਹਨ: ’29 ਅਪ੍ਰੈਲ, 1986 ਦਾ ਦਿਨ ਸਿੱਖ ਇਤਿਹਾਸ ਦੀ ਸ਼ਾਨਾਮੱਤੀ ਯਾਦਗਾਰ ਹੈ।ਰਾਜਨੀਤਕ ਸੋਝੀ ਦੀ ਸਿਖਰ ਹੈ। ਗੁਰਬਾਣੀ ਦੀ ਅੰਤਰੀਵ ਸਮਝ ਨੂੰ ਦਰਸਾਉਂਦੀ ਇੱਕ ਰਾਜਨੀਤਕ ਦਸਤਾਵੇਜ਼ ਹੈ।ਸਿਆਸੀ ਮੰਜ਼ਿਲ ਬਾਰੇ ਪੈਦਾ ਕੀਤੇ ਤਮਾਮ ਭੁਲੇਖਿਆਂ ਦਾ ਸਦੀਵੀ ਖ਼ਾਤਮਾ ਹੈ। ਦੁਬਿਧਾ ਅਤੇ ਦੋਚਿਤੀ ਵਾਲੀ ਮਾਨਸਿਕਤਾ ਨੂੰ ਅਲਵਿਦਾ ਹੈ।ਜ਼ਮੀਰਾਂ ਦੇ ਜਾਗਣ ਦੀ ਨਵੀਂ ਪ੍ਰਭਾਤ ਹੈ। ਇਤਹਾਸ ਦੀ ਤੋਰ ਵਿੱਚ ਉਠਿਆ ਗਰਜਵਾਂ ਨਾਦ ਹੈ। ਇਹ ਦਿਨ ਪੂਰਵ-ਸਿੱਖ ਇਤਿਹਾਸ ਤੇ ਉੱਤਰ-ਸਿੱਖ ਇਤਿਹਾਸ ਵਿੱਚ ਵੰਡਿਆ ਗਿਆ ਹੈ।ਇਹ ਸਿੱਖ ਇਤਿਹਾਸ ਵਿੱਚ ਪਿਆ ਪਾੜ (੍ਰੁਪਟੁਰੲ) ਹੈ, ਜਦੋਂ ਕੌਮ ਦੀ ਜ਼ਿੰਦਗੀ ਵਿੱਚ ਸਿਖ਼ਤੀ ਤਬਦੀਲੀ (ਥੁੳਲਟਿੳਟਵਇ ਛਹੳਨਗੲਸ) ਦਾ ਇਕ ਨਵਾਂ ਯੁੱਗ ਆਰੰਭ ਹੁੰਦਾ ਹੈ।ਇਹ ਦਿਨ ਪਾਤਸ਼ਾਹੀ ਦਾਅਵਿਆਂ ਹਲੇਮੀ ਰਾਜ, ਖ਼ਾਲਸਾ ਰਾਜ, ਖੁਦਮੁਖਤਿਆਰੀ, ੍ਰਗਿਹਟ ੋਡ ਸ਼ੲਲਡ ਧੲਟੲਰਮਨਿੳਟੋਿਨ ਦਾ ਅਸਲ ਆਧੁਨਿਕ ਬਦਲ ਹੈ। ਇਹ ਦਿਨ ਦਸਮੇਸ਼-ਪਿਆਰ ਦੀ ਸਿੱਖ ਇਤਿਹਾਸ ਵਿੱਚ ਸ਼ਮੂਲੀਅਤ ਅਤੇ ਪ੍ਰਵਾਨਗੀ ਦਾ ਦਿਨ ਹੈ।ਇਹ ਦਿਨ ਆਜ਼ਾਦੀ ਅਰਥਾਤ ਸਿੱਖ ਸਾਵਰਨ ਸਟੇਟ ਦਾ ਇਕ ਪਵਿੱਤਰ ਇਕਰਾਰਨਾਮਾ ਹੈ।ਇਹ ਦਿਨ ਸਿੱਖ ਪੰਥ ਦੇ ਅਸਮਾਨ ‘ਤੇ ਭੂਤ, ਭਵਿੱਖ ਤੇ ਵਰਤਮਾਨ ਨੂੰ ਵੱਖਰੇ ਤੇ ਮੌਲਿਕ ਨਜ਼ਰੀਏ ਤੋਂ ਵੇਖਣ ਦਾ ਨਵਾਂ ਸੂਰਜ ਚੜ੍ਹਿਆ ਹੈ।ਇਹ ਦਿਨ ਹਿੰਦ-ਪੰਜਾਬ ਦੀ ਜੰਗ ਦਾ ਐਲਾਨਨਾਮਾ ਹੈ।ਖ਼ਾਲਿਸਤਾਨ ਦੀਆਂ ਗੱਲਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ। ਵੀਹਵੀਂ ਸਦੀ ਦੇ ਕਈ ਦੌਰਾਂ ਵਿੱਚ ਖ਼ਾਲਿਸਤਾਨ ਦੀ ਰੀਝ ਸ਼ਬਦਾਂ ਵਿੱਚ ਉਤਰਦੀ ਰਹੀ ਹੈ, ਪਰ ਉਹ ਰੀਝ ਕਦੇ ਵੀ ਵੱਡੀ ਲਹਿਰ ਨਹੀਂ ਸੀ ਬਣ ਸਕੀ।ਖ਼ਾਲਿਸਤਾਨ ਦਾ ਜਜ਼ਬਾ ਕੌਮ ਦੇ ਜਜ਼ਬੇ ਵਿੱਚ ਤਬਦੀਲ ਨਹੀਂ ਸੀ ਹੋ ਸਕਿਆ।ਪਰ 29 ਅਪ੍ਰੈਲ ਦੇ ਇਤਿਹਾਸਕ ਐਲਾਨਨਾਮੇ ਪਿਛੋਂ ਖ਼ਾਲਿਸਤਾਨ ਦੀ ਹਕੀਕਤ ਨੇ, ਖ਼ਾਲਿਸਤਾਨ ਦੇ ਸੰਕਲਪ ਨੇ, ਖਾਲਿਸਤਾਨ ਦੇ ਜਜ਼ਬੇ ਨੇ “ਦਿਲਾਂ ਤੋਂ ਦਿਮਾਗ਼ਾਂ ਵੱਲ ਸਖ਼ਰ ਕਰਨਾ ਸ਼ੁਰੂ ਕਰ ਦਿੱਤਾ ਸੀ।’ ਕਰਮਜੀਤ ਸਿੰਘ ਹੋਰਾਂ ਦਾ ਇਹ ਬਿਰਤਾਂਤ ਭਾਅਜੀ ਦਲਬੀਰ ਸਿੰਘ, ਜਸਪਾਲ ਸਿੰਘ ਸਿੱਧੂ ਜਾਂ ਗੁਰਤੇਜ ਸਿੰਘ ਹੋਰਾਂ ਵਰਗੇ ਅਨੇਕਾਂ ਸਿੱਖ ਵਿਦਵਾਨਾਂ ਨਾਲ਼ ਮੇਲ ਨਹੀਂ ਖਾਂਦਾ। ਅਜਿਹੇ ਵਿਦਵਾਨਾਂ ਦੇ ਖੂਬਸੂਰਤ ਸ਼ਬਦੀ ਜਾਲ਼ ਬਾਰੇ ਕੀ ਕਿਹਾ ਜਾਵੇ, ਪਾਠਕ ਆਪ ਹੀ ਸਮਝਣ ਦਾ ਯਤਨ ਕਰਨ?
ਇਸੇ ਤਰ੍ਹਾਂ ਇੱਕ ਹੋਰ ਧੁਨੰਤਰ ਪੱਤਰਕਾਰ ਸੁਖਦੇਵ ਸਿੰਘ ਆਪਣੀ ਤਾਜ਼ਾ ਫੇਸਬੁੱਕ ਪੋਸਟ ਵਿੱਚ ਪਟਿਆਲ਼ੇ ਦੀਆਂ ਘਟਨਾਵਾਂ ਦੇ ਸੰਦਰਭ ਵਿੱਚ ਇਵੇਂ ਲਿਖ ਰਹੇ ਹਨ: ‘ਇੱਕ ਧਿਰ (ਹਿੰਦੂਆਂ) ਦੀਆਂ ਹਰਕਤਾਂ ਦਾ ਸਾਰਾ ਰਿਕਾਰਡ ਮੌਜੂਦ ਹੈ। ਜਿਥੋਂ ਤੱਕ ਦੂਜੀ ਧਿਰ (ਸਿੱਖਾਂ) ਦਾ ਸਬੰਧ ਹੈ, ਪਟਿਆਲ਼ੇ ਦੀਆਂ ਘਟਨਾਵਾਂ ਮੋਟੇ ਤੌਰ ਤੇ ਸ਼ਾਂਤੀਪੂਰਨ ਮਾਹੌਲ ਵਿੱਚ ਬਗੈਰ ਕਿਸੇ ਵੱਡੇ ਨੁਕਸਾਨ ਦੇ ਗੁਜ਼ਰ ਜਾਣ ਦੇ ਬਾਵਜੂਦ, ਜੋ ਰਾਜ ਪ੍ਰਬੰਧ ਨੂੰ ਝਟਕੇ ਦੂਜੇ ਤੀਜੇ ਦਿਨ ਮਹਿਸੂਸ ਹੋਏ, ਉਨ੍ਹਾਂ ਦਾ ਕੇਂਦਰ ਬਿੰਦੂ ਚੰਡੀਗੜ੍ਹ ਨਹੀਂ, ਦਿੱਲੀ ਸੀ। ਤਾਰਾਂ ਉਥੋਂ ਖੜਕੀਆਂ ਨੇ। ਪਹਿਲਾਂ ਉਸ ਦਫਤਰ ਦਾ ਸਿੱਧਾ ਸੰਪਰਕ ਕਪਤਾਨਾਂ ਅਤੇ ਬਾਦਲਾਂ ਨਾਲ਼ ਹੋਇਆ ਕਰਦਾ ਸੀ, ਹੁਣ ਕੇਜਰੀ ਦੀ ਮਾਰਫਤ ਭਗਵੰਤ ਮਾਨ ਨਾਲ਼ ਹੁੰਦਾ ਹੈ। ਗੱਲ ਇੱਕੋ ਹੈ ਕਿ ‘ਸਿੱਖਾਂ ਨੂੰ ਸਿਰ ਨਹੀਂ ਚੁੱਕਣ ਦੇਣਾ, ਭਾਵੇਂ ਗਾਂਧੀ ਦੇ ਮੁਤਵੰਨੇ ਪੁੱਤ ਬਣ ਜਾਣ’ ਵਾਲ਼ੇ ਦਿੱਲੀ ਦੇ ਫਾਰਮੂਲੇ ਮੁਤਾਬਿਕ ਹੀ ਮੁਕੱਦਮੇ (ਪ੍ਰਵਾਨੇ, ਭਾਨੇ ਜਾਂ ਹੋਰ ਸਿੱਖ ਨੌਜਵਾਨਾਂ) ਹੋਏ ਹਨ।ਮੌਕੇ ਦੇ ਹਾਲਾਤ ਦਾ ਇਹ ਫਾਰਮੂਲਾ ਕੋਈ ਲਿਹਾਜ ਨਹੀਂ ਕਰਦਾ? ਸਿੱਖ ਜਿੰਨਾ ਮਰਜੀ ਪੁਰਅਮਨ ਰਹਿਣ, ਗੋਲ਼ੀਆਂ, ਇੱਟਾਂ ਵੱਟਿਆਂ ਦਾ ਸ਼ਿਕਾਰ ਬਣਨ, ਕਿਸੇ ਨੂੰ ਝਰੀਟ ਵੀ ਨਾ ਮਾਰਨ।ਮੌਕੇ ਤੇ ਹਾਜਰ ਪੁਲਿਸ ਭਾਵੇਂ ਸਚਾਈ ਦੀ ਗਵਾਹ ਹੋਵੇ।ਬੱਸ ਇਨ੍ਹਾਂ ਦਾ ਸੜਕਾਂ ਤੇ ਉਤਰਨਾ ਹੀ ਦੋਸ਼ ਹੈ। ਫਿਰ ਮੁਕੱਦਮੇ ਤੇ ਮੁਕੱਦਮਾ?’ ਸੁਖਦੇਵ ਸਿੰਘ ਜੀ ਅਜਿਹਾ ਲਿਖ ਕੇ ਕੀ ਕਹਿਣਾ ਚਾਹੁੰਦੇ ਹਨ, ਸਾਡੇ ਤਾਂ ਸਮਝ ਨਹੀਂ ਆਇਆ, ਇਸਨੂੰ ਪਾਠਕਾਂ ਤੇ ਹੀ ਛੱਡਦੇ ਹਾਂ? ਪਰ ਸਾਡੇ ਅਜਿਹੇ ਵਿਦਵਾਨ ਵਿਤਕਰਿਆਂ ਦਾ ਜੋ ਖਿਆਲੀ ਬਿਰਤਾਂਤ ਸਿਰਜਦੇ ਹਨ, ਉਸ ਤੋਂ ਗਰਮ ਖਿਆਲੀ ਨੌਜਵਾਨ ਗੁੰਮਰਾਹ ਹੋਣ ਤੋਂ ਕਿਵੇਂ ਬਚਣ, ਇਹ ਗੰਭੀਰਤਾ ਨਾਲ਼ ਸੋਚਣ ਦਾ ਵਿਸ਼ਾ ਜਰੂਰ ਹੈ?
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੁਨੀਆਂ ਦੇ ਹਰ ਖਿੱਤੇ ਵਿੱਚ ਹਰ ਕੌਮ, ਜਾਤ, ਨਸਲ, ਧਰਮ, ਸਟੇਟ ਦੀਆਂ ਆਪਣੀਆਂ ਰਾਜਨੀਤਕ, ਸਮਾਜਿਕ, ਆਰਥਿਕ ਸਮੱਸਿਆਵਾਂ ਹਨ, ਬਿਨਾਂ ਸ਼ੱਕ ਪੰਜਾਬੀਆਂ ਦੀਆਂ ਵੀ ਸਮੱਸਿਆਵਾਂ ਹਨ।ਜਿਨ੍ਹਾਂ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ? ਪੰਜਾਬ ਦੇ ਪਾਣੀਆਂ, ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਬੇਰੁਜਗਾਰੀ, ਭ੍ਰਿਸ਼ਾਟਾਚਾਰ ਅਨੇਕਾਂ ਸਮੱਸਿਆਵਾਂ ਹਨ, ਜਿਨ੍ਹਾਂ ਨੂੰ ਸਾਰੇ ਭਾਈਚਾਰੇ ਰਲ਼ ਕੇ ਹੀ ਹੱਲ ਕਰ ਸਕਦੇ ਹਨ।ਪਰ ਹਰ ਗੱਲ ਨੂੰ ਧਰਮ, ਜਾਤ ਤੇ ਫਿਰਕੇ ਨਾਲ਼ ਜੋੜ ਕੇ ਫਿਰਕੂ ਰੰਗਤ ਦੇਣਾ, ਕਿੱਥੋਂ ਦੀ ਸਿਆਣਪ ਹੈ? ਦੁਨੀਆਂ ਵਿੱਚ ਹਰ ਫਿਰਕੇ, ਕੌਮ, ਧਰਮ ਵਿੱਚ ਕੁਝ ਜਜਬਾਤੀ, ਜੋਸ਼ੀਲੇ, ਖਾੜਕੂ ਸੋਚ ਵਾਲ਼ੇ ਲੋਕ ਹੁੰਦੇ ਹਨ, ਅਜਿਹੇ ਲੋਕਾਂ ਦੀਆਂ ਕਾਰਵਾਈਆਂ ਨੂੰ ਨਿੱਜੀ ਜਾਣ ਕੇ ਕਨੂੰਨ ਨੂੰ ਕੰੰਮ ਕਰਨ ਦੇਣਾ ਚਾਹੀਦਾ ਹੈ ਤੇ ਕਨੂੰਨ ਦਾ ਸਹਿਯੋਗ ਵੀ ਕਰਨਾ ਚਾਹੀਦਾ ਹੈ? ਪਰ ਸਾਡੇ ਭਾਈਚਾਰੇ ਦੀ ਇਹ ਸਮੱਸਿਆ ਬਣ ਚੁੱਕੀ ਹੈ ਕਿ ਲੋਕਾਂ ਦੇ ਨਿੱਜੀ ਮਸਲਿਆਂ, ਝਗੜਿਆਂ ਨੂੰ ਕੌਮ, ਧਰਮ, ਜਾਤ ਨਾਲ਼ ਜੋੜ ਕੇ ਵੱਡੀਆਂ ਸਮੱਸਿਆਵਾਂ ਖੜੀਆਂ ਕਰ ਲਈਆਂ ਜਾਂਦੀਆਂ ਹਨ।ਹਰ ਛੋਟੀ-ਮੋਟੀ ਘਟਨਾ ਵਿੱਚੋਂ ਵਿਤਕਰਿਆਂ ਦਾ ਬਿਰਤਾਂਤ ਸਿਰਜਣ ਦੀ ਕਵਾਇਤ ਚੱਲ ਰਹੀ ਹੈ।ਪਟਿਆਲ਼ੇ ਦੀਆਂ ਘਟਨਾਵਾਂ ਨੂੰ ਵੀ ਜੇ ਇਸੇ ਸੰਦਰਭ ਵਿੱਚ ਦੇਖਿਆ ਜਾਂਦਾ ਤਾਂ ਕੋਈ ਵੱਡੀ ਸਮੱਸਿਆ ਨਹੀਂ ਸੀ? ਜੇ ਅਮਰੀਕਾ ਬੈਠੇ ਪੰਨੂੰ ਨੇ ਕੋਈ ਗੈਰ ਕਨੂੰਨੀ ਕੰਮ ਕਰਨ ਦੀ ਕਾਲ ਦਿੱਤੀ ਸੀ ਤਾਂ ਜੇ ਕੋਈ ਉਸ ਮਗਰ ਲੱਗ ਕੇ ਅਜਿਹਾ ਕੰਮ ਕਰਦਾ ਤਾਂ ਪੁਲਿਸ ਜਾਂ ਕਨੂੰਨ ਆਪੇ ਕਾਰਵਾਈ ਕਰਦਾ? ਪਰ ਕਿਸੇ ਵਲੋਂ ਕੁਝ ਕੀਤੇ ਤੋਂ ਪਹਿਲਾਂ ਹੀ ਸ਼ਿਵ ਸੈਨਾ ਦੇ ਕੁਝ ਗਰੁੱਪਾਂ ਵਲੋਂ ਰੋਸ ਮਾਰਚ ਕਰਨ ਦਾ ਐਲਾਨ ਗੈਰ ਜਰੂਰੀ ਤੇ ਸ਼ਰਾਰਤ ਭਰਪੂਰ ਸੀ।ਪਰ ਉਸਦੇ ਜਵਾਬ ਵਿੱਚ ਕੁਝ ਸਿੱਖ ਜਥੇਬੰਦੀਆਂ ਤੇ ਪ੍ਰਵਾਨੇ ਵਰਗਿਆਂ ਵਲੋਂ ਇਸਨੂੰ ਚੈਲਿੰਜ ਕਰਨਾ, ਹੋਰ ਵੀ ਜ਼ਿਆਦਾ ਗੈਰ ਜਰੂਰੀ ਤੇ ਸ਼ਰਾਰਤਪੂਰਨ ਸੀ? ਜੇ ਭਾਰਤ ਦੀ ਸੁਪਰੀਮ ਕੋਰਟ ਵਲੋਂ ਇੱਕ ਰੂਲਿੰਗ ਵਿੱਚ ਕੁਝ ਸਾਲ ਪਹਿਲ਼ਾਂ ਲੋਕਤੰਤਰੀ ਢੰਗ ਨਾਲ਼ ਖਾਲਿਸਤਾਨ ਦੀ ਗੱਲ ਕਰਨ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਮਾਰਨ ਨੂੰ ਗੈਰ-ਕਨੂੰਨੀ ਨਹੀਂ ਮੰਨਿਆ ਤਾਂ ਇਸਦਾ ਮਤਲਬ ਇਹ ਕਿਵੇਂ ਹੋ ਗਿਆ ਕਿ ਖਾਲਿਸਤਾਨ ਦਾ ਕੋਈ ਵਿਰੋਧੀ ‘ਖਾਲਿਸਤਾਨ ਮੁਰਦਾਬਾਦ’ ਨਹੀਂ ਕਹਿ ਸਕਦਾ? ਕੀ ਵਿਚਾਰਾਂ ਦੀ ਅਜ਼ਾਦੀ ਜਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਸਿਰਫ ਇੱਕ ਭਾਈਚਾਰੇ ਨੂੰ ਹੀ ਲਗਦੀ ਹੈ? ਬੇਸ਼ਕ ਧਾਰਮਿਕ ਮਸਲਿਆਂ ਤੇ ਭਾਵਨਾਵਾਂ ਭੜਕਣ ਤੇ ਠੇਸ ਲੱਗਣ ਦਾ ਰੁਝਾਨ ਤਾਂ ਭਾਰਤ ਵਿੱਚ ਲੰਬੇ ਸਮੇਂ ਤੋਂ ਚੱਲਦਾ ਰਿਹਾ ਹੈ, ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਰਾਜਨੀਤਕ ਮਸਲੇ ਤੇ ਵੀ ਕੁਝ ਲੋਕਾਂ ਦੀਆਂ ਭਾਵਨਾਵਾਂ ਭੜਕ ਸਕਦੀਆਂ ਹਨ? ਹੁਣ ਜਦੋਂ ਸਰਕਾਰ ਨੇ ਫਿਰਕੂ ਨਫਰਤ ਫੈਲਾਉਣ ਤੇ ਹਿੰਸਾ ਦੇ ਦੋਸ਼ ਵਿਚ ਦੋਨਾਂ ਧਿਰਾਂ ਦੇ ਕੁਝ ਲੋਕ ਚਾਰਜ ਕੀਤੇ ਹਨ ਤਾਂ ਇਸਨੂੰ ਧਾਰਮਿਕ ਰੰਗਤ ਦੇਣੀ ਕਿਤਨੀ ਕੁ ਜਾਇਜ਼ ਹੋ ਸਕਦੀ ਹੈ? ਇਸ ਸਾਰੇ ਘਟਨਾਕਰਮ ਵਿੱਚ ਦੋਸ਼ ਸਿੰਗਲੇ ਜਾਂ ਪ੍ਰਵਾਨੇ ਦਾ ਕਿਤਨਾ ਹੈ, ਬਾਰੇ ਫੈਸਲਾ ਕਰਨ ਤੋਂ ਪਹਿਲਾਂ ਇਹ ਦੇਖਣ ਦੀ ਲੋੜ ਹੈ ਕਿ ਦੋਨਾਂ ਫਿਰਕਿਆਂ ਵਿਚਲੇ ਸਿੰਗਲੇ, ਪਵਨ ਗੁਪਤੇ, ਪੰਚ ਨਾਦ ਗਿਰੀ, ਗੱਗੀ ਪੰਡਤ, ਸੰਜੀਵ ਘਨੌਲ਼ੀ, ਸੁਧੀਰ ਸੂਰੀ ਜਾਂ ਸਿੱਖ ਚਿੰਤਕ ਅਜਮੇਰ ਸਿੰਘ, ਡਾ ਗੁਰਦਰਸ਼ਨ ਢਿਲੋਂ, ਸਰਬਜੀਤ ਘੁਮਾਣ, ਬਾਬਾ ਬਖਸ਼ੀਸ਼ ਸਿੰਘ, ਪਲਵਿੰਦਰ ਤਲਵਾੜਾ, ਅਤਿੰਦਰਪਾਲ ਖਾਲਿਸਤਾਨੀ, ਹਰਪ੍ਰੀਤ ਮੱਖੂ, ਸਰਬਜੋਤ ਮੱਕੜ, ਭੁਪਿੰਦਰ ਸਿੰਘ ਸੱਜਣ ਵਰਗੇ ਲੋਕ, ਅਤੇ ਕੁਝ ਸੋਸ਼ਲ ਮੀਡੀਆ ਚੈਨਲ, ਜਿਸ ਕਿਸਮ ਦੇ ਫਿਰਕੂ ਪ੍ਰਵਚਨ ਤੇ ਬਿਰਤਾਂਤ ਧੜਾ-ਧੜ ਸਿਰਜ ਰਹੇ ਹਨ, ਉਨ੍ਹਾਂ ਤੋਂ ਪੰਜਾਬ ਦੀਆਂ ਨੌਜਵਾਨ ਨਸਲਾਂ ਕੀ ਸੇਧ ਲੈਣਗੀਆਂ, ਉਸਦਾ ਸਹਿਜੇ ਕਿਆਸ ਲਾਇਆ ਜਾ ਸਕਦਾ ਹੈ? ਜੋ ਲੋਕ ਫਿਰਕੂ ਜ਼ਹਿਰ ਸੋਸ਼ਲ ਮੀਡੀਆ ਰਾਹੀਂ ਦੇਸ਼-ਵਿਦੇਸ਼ ਵਿੱਚ ਲਗਾਤਾਰ ਫੈਲਾ ਰਹੇ ਹਨ, ਉਨ੍ਹਾਂ ਬਾਰੇ ਕੀ ਕਿਹਾ ਜਾਵੇ? ਸਾਡਾ ਇਨ੍ਹਾਂ ਵਿੱਚੋਂ ਕਿਸੇ ਨਾਲ਼ ਨਾ ਨਿੱਜੀ ਵਿਰੋਧ ਹੈ ਤੇ ਨਾ ਹੀ ਨਿੱਜੀ ਸਬੰਧ ਹੈ, ਪਰ ਜੋ ਲੋਕ ਪੰਜਾਬ ਸਮੇਤ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਤੇ ਭਾਰਤੀ ਭਾਈਚਾਰੇ ਵਿੱਚ ਅਮਨ ਸ਼ਾਂਤੀ ਤੇ ਤਰੱਕੀ ਚਾਹੁੰਦੇ ਹਨ, ਉਨ੍ਹਾਂ ਨੂੰ ਸੋਚਣਾ ਬਣਦਾ ਹੈ ਕਿ ਉਹ ਕੀ ਕਰਨ…? ਬੇਸ਼ਕ ਅਸੀਂ ਵਿਦੇਸ਼ਾਂ ਵਿੱਚ ਬੈਠੇ ਹਾਂ, ਪਰ ਇੱਥੇ ਵੀ ਅਜਿਹੇ ਲੋਕਾਂ ਦੇ ਪੈਰੋਕਾਰ ਦੇਸ਼-ਵਿਦੇਸ਼ ਵਿੱਚ ਸਭ ਪਾਸੇ ਸਿੱਖ ਸੰਸਥਾਵਾਂ ਤੇ ਗੁਰਦੁਆਰਿਆਂ ਨੂੰ ਕੰਟਰੋਲ ਕਰਦੇ ਹਨ, ਜਿਨ੍ਹਾਂ ਵਿੱਚੋਂ ਕੁਝ ਜਜਬਾਤੀ ਹਨ ਅਤੇ ਬਹੁਤ ਸਾਰਿਆਂ ਦੇ ਕਈ ਤਰ੍ਹਾਂ ਦੇ ਹਿੱਤ ਇਨ੍ਹਾਂ ਨਾਲ਼ ਜੁੜੇ ਹੋਏ ਹਨ…?
ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਵਲੋਂ ਗੱਜ-ਬੱਜ ਕੇ, ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਰਾਹੀਂ ਪਟਿਆਲ਼ੇ ਦੀਆਂ ਘਟਨਾਵਾਂ ਦੇ ਸਬੰਧ ਵਿੱਚ ਪੰਜਾਬ ਦੇ ਗਵਰਨਨਰ ਨੂੰ ਯਾਦ ਪੱਤਰ ਦੇ ਕੇ, ਜਿਸ ਕਿਸਮ ਦੀ ਰਾਜਨੀਤੀ ਖੇਡਣ ਦੀ ਕੋਸ਼ਿਸ਼ ਸਿੱਖ ਲੀਡਰਸ਼ਿਪ ਵਲੋਂ ਕੀਤੀ ਜਾ ਰਹੀ ਹੈ, ਉਸ ਤੋਂ ਲਗਦਾ ਨਹੀਂ ਕਿ ਬੇਅਦਬੀ ਦੀਆਂ ਘਟਨਾਵਾਂ ਦੇ ਮੁੱਦੇ ਤੇ, ਅਕਾਲੀ ਲੀਡਰਸ਼ਿਪ ਦੀ ਜੋ ਤਰਸਯੋਗ ਹਾਲਤ ਬਣੀ ਸੀ, ਉਸ ਤੋਂ ਉਨ੍ਹਾਂ ਕੋਈ ਸਬਕ ਸਿੱਖਿਆ ਹੈ? ਜਿਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਪੰਥਕ ਜਥੇਬੰਦੀਆਂ ਦੇ ਇਕੱਠ ਵਿੱਚ ਸਿੱਖ ਨੌਜਵਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਥੇ ਜਿਸ ਤਰ੍ਹਾਂ ਦੀਆਂ ਤਕਰੀਰਾਂ ਹੋਈਆਂ ਹਨ, ਉਹ ਭਵਿੱਖ ਲਈ ਕੋਈ ਚੰਗਾ ਸੰਕੇਤ ਨਹੀਂ ਦੇ ਰਹੀਆਂ? ਵਾਹਿਗੁਰੂ ਉਨ੍ਹਾਂ ਨੂੰ ਸੁਮੱਤ ਬਖਸ਼ੇ…!
30 ਅਪਰੈਲ, 2022 ਨੂੰ ਪੰਜਾਬੀ ਟ੍ਰਿਬਿਊਨ ਵਿੱਚ ਰਣਜੀਤ ਸਿੰਘ ਘੁੰਮਣ ਦਾ ਇੱਕ ਲੇਖ ‘ਮੁਫਤਖੋਰੀ ਦਾ ਮਿੱਠਾ ਜ਼ਹਿਰ ਅਤੇ ਸਿਆਸਤ’ ਪੜ੍ਹਨਯੋਗ ਹੈ, ਜਿਸ ਵਿੱਚ ਉਨ੍ਹਾਂ ਨੇ ਪੰਜਾਬ ਤੇ ਪੰਜਾਬੀਆਂ ਨੂੰ ਦਰਪੇਸ਼ ਮਸਲਿਆਂ ਤੇ ਵਿਸਥਾਰ ਵਿੱਚ ਗੱਲ ਕੀਤੀ ਹੈ।ਪੰਜਾਬ ਦਿਨੋਂ-ਦਿਨ ਕਰਜੇ ਵਿੱਚ ਡੁੱਬਦਾ ਜਾ ਰਿਹਾ ਹੈ, ਇਸ ਲਈ ਸਰਕਾਰਾਂ ਨੇ ਸਾਨੂੰ ਮੁਫਤਖੋਰੀ ਦਾ ਲੌਲੀਪੌਪ ਦੇ ਕੇ ਪੰਜਾਬ ਕਰਜ਼ਈ ਬਣਾ ਦਿੱਤਾ ਹੈ।ਪੰਜਾਬ ਲਈ ਦਰਿਆਵਾਂ ਦੇ ਪਾਣੀਆਂ, ਚੰਡੀਗੜ੍ਹ, ਬੇਰੁਜਗਾਰੀ, ਪ੍ਰਵਾਸ ਤੇ ਹੋਰ ਅਨੇਕਾਂ ਮਸਲੇ ਹਨ, ਉਨ੍ਹਾਂ ਦੀ ਥਾਂ ਸਾਨੂੰ ਕਦੇ ਬੇਅਦਬੀਆਂ ਤੇ ਕਦੇ ‘ਖਾਲਿਸਤਾਨ ਜਿੰਦਾਬਾਦ’ ਜਾਂ ‘ਖਾਲਿਸਤਾਨ ਮੁਰਦਾਬਾਦ’ ਕਦੇ ‘ਖਾਲਿਸਤਾਨ ਰੈਫਰੈਂਡਮ’ ਆਦਿ ਮਸਲਿਆਂ ਵਿੱਚ ਉਲਝਾ ਕੇ ਲੜਾਇਆ ਜਾ ਰਿਹਾ ਹੈ? ਚਾਹੀਦਾ ਤਾਂ ਇਹ ਹੈ ਕਿ ਸਿੱਖਾਂ ਦਾ ਇਹ ਇਤਰਾਜ ਦੂਰ ਕਰਨ ਲਈ ਕਿ ਪੰਜਾਬ ਦਾ ਹਿੰਦੂ ਭਾਈਚਾਰਾ ਸਿੱਖਾਂ ਦੇ ਨਾਲ਼ ਪੰਜਾਬ ਦੇ ਸਾਂਝੇ ਮਸਲਿਆਂ ਲਈ ਨਹੀਂ ਖੜਦਾ, ਪੰਜਾਬ ਦੀ ਹਿੰਦੂ ਲੀਡਰਸ਼ਿਪ ਨੂੰ ਇਕਮੁੱਠ ਹੋ ਕੇ ਪੰਜਾਬ ਦੇ ਸਾਂਝੇ ਮਸਲਿਆਂ ਲਈ ਦਲਿਤਾਂ ਤੇ ਹੋਰ ਫਿਰਕਿਆਂ ਨੂੰ ਨਾਲ਼ ਲੈ ਕੇ ਸਾਂਝਾ ਸੰਘਰਸ਼ ਆਰੰਭ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਅਸੀਂ ਫਿਰਕਿਆਂ ਦੀ ਥਾਂ ਪੰਜਾਬੀ ਹੋ ਕੇ ਸੋਚੀਏ ਅਤੇ ਪੰਜਾਬ ਤੇ ਪੰਜਾਬੀਅਤ ਲਈ ਕੁਝ ਰਲ਼ ਕੇ ਕਰ ਸਕੀਏ —-?
0000000