ਸਰਹਿੰਦ ਫੀਡਰ ਵਿੱਚ ਮਹੀਨੇ ਅੰਦਰ ਦੂਜੀ ਵਾਰ ਪਿਆ ਪਾੜ

ਗੁਰਸੇਵਕ ਸਿੰਘ ਪ੍ਰੀਤ

ਸ੍ਰੀ ਮੁਕਤਸਰ ਸਾਹਿਬ, 9 ਮਈ

ਮੁਕਤਸਰ ਕੋਲੋਂ ਲੰਘਦੀਆਂ ਸਰਹਿੰਦ ਤੇ ਰਾਜਸਥਾਨ ਨਹਿਰਾਂ ਵਿੱਚੋਂ ਸਰਹਿੰਦ ਫੀਡਰ ਵਿੱਚ ਇਕ ਮਹੀਨੇ ਅੰਦਰ ਦੂਜੀ ਵਾਰ ਸੌ ਫੁੱਟ ਚੌੜਾ ਪਾੜ ਪੈ ਗਿਆ ਹੈ। ਦੋਵੇਂ ਵਾਰੀ ਪਾੜ ਵੀ ਇਸ ਤਰੀਕੇ ਨਾਲ ਪਿਆ ਹੈ ਕਿ ਸਰਹਿੰਦ ਫੀਡਰ ਦਾ ਪਾਣੀ ਪੰਜਾਹ ਫੁੱਟ ਚੌੜੀ ਪੱਟੜੀ ਤੋੜ ਕੇ ਰਾਜਸਥਾਨ ਕੈਨਾਲ ਵਿੱਚ ਪੈ ਰਿਹਾ ਹੈ। ਸਥਾਨਕ ਲੋਕ ਲਗਾਤਾਰ ਟੁੱਟ ਰਹੀ ਸਰਹਿੰਦ ਫੀਡਰ ਦੀ ਕੀਤੀ ਗਈ ਮੁਰੰਮਤ ‘ਤੇ ਸ਼ੱਕ ਕਰ ਰਹੇ ਹਨ।

ਦੱਸਣਯੋਗ ਹੈ ਕਿ ਹਾਲ ਹੀ ਵਿੱਚ ਸਰਹਿੰਦ ਫੀਡਰ ਕੰਕਰੀਟ ਦੀ ਬਣਾਈ ਗਈ ਹੈ ਤੇ ਮਹਿਜ਼ ਇੱਕ ਮਹੀਨੇ ਅੰਦਰ ਹੀ ਇਹ ਦੋ ਵਾਰ ਟੁੱਟ ਗਈ ਹੈ। ਰਾਜਸਥਾਨ ਨਹਿਰ ਵਿੱਚ ਪਾਣੀ ਭਰਨ ਨਾਲ ਨਹਿਰ ਵਿੱਚ ਖੜ੍ਹੀਆਂ ਜੇਸੀਬੀ ਮਸ਼ੀਨਾਂ ਤੇ ਹੋਰ ਸਾਮਾਨ ਵੀ ਨੁਕਸਾਨਿਆ ਗਿਆ ਹੈ। ਰਾਜਸਥਾਨ ਕੈਨਾਲ ਵਿੱਚ ਪਾਣੀ ਪੈਣ ਕਰਕੇ ਇਸ ਦੀ ਪਿੰਡ ਥਾਂਦੇਵਾਲਾ ਤੇ ਖਿੜਕੀਆਂ ਵਾਲਾ ਪਾਸੇ ਦੀ ਪੱਟੜੀ ਵੀ ਟੁੱਟਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਸਥਾਨਕ ਲੋਕਾਂ ਦੀ ਚਿੰਤਾ ਵੱਧ ਗਈ ਹੈ। ਲੋਕਾਂ ਨੂੰ ਸ਼ੱਕ ਹੈ ਕਿ ਕਿਸੇ ਨੇ ਜਾਣਬੁੱਝ ਕੇ ਰਾਜਸਥਾਨ ਕੈਨਾਲ ਵਾਲੀ ਪੱਟੜੀ ਤੋੜੀ ਹੈ। ਖਿੜਕੀਆਂ ਵਾਲਾ ਦੇ ਅਮਰੀਕ ਸਿੰਘ ਤੇ ਥਾਂਦੇਵਾਲਾ ਦੇ ਗੁਰਦੇਵ ਸਿੰਘ ਨੇ ਦੱਸਿਆ ਕਿ ਕੈਨਾਲ ਦੀ ਪੱਟੜੀ ਐਤਵਾਰ ਦੀ ਰਾਤ ਨੂੰ ਕਰੀਬ ਸਾਢੇ ਅੱਠ ਵਜੇ ਟੁੱਟੀ ਸੀ, ਪਰ ਬਾਰਾਂ ਘੰਟੇ ਬੀਤਣ ‘ਤੇ ਵੀ ਕੋਈ ਅਧਿਕਾਰੀ ਮੌਕੇ ‘ਤੇ ਨਹੀਂ ਪੁੱਜਿਆ। ਉਨ੍ਹਾਂ ਰੋਸ ਜ਼ਾਹਿਰ ਕੀਤਾ ਕਿ ਟਾਈਲਾਂ ਵਾਲੀ ਨਹਿਰ 60 ਸਾਲ ਸਹੀ ਚੱਲਦੀ ਰਹੀ ਹੈ, ਪਰ ਹੁਣ ਸੀਮਿੰਟ ਨਾਲ ਤਿਆਰ ਕੀਤੀ ਨਹਿਰ 60 ਦਿਨਾਂ ਵਿੱਚ ਹੀ ਦੋ ਵਾਰ ਟੁੱਟ ਗਈ ਹੈ। ਸਥਾਨਕ ਵਸਨੀਕ ਡਾ. ਜਸਦੀਪ ਸਿੰਘ ਸੋਢੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਥਾਂਦੇਵਾਲਾ ਤੇ ਖਿੜਕੀਆਂ ਵਾਲਾ ਪਾਸੇ ਕਮਜ਼ੋਰ ਹੋਈਆਂ ਪੱਟੜੀਆਂ ਦੀ ਮੁਰੰਮਤ ਕਰਾਉਣ ਤੋਂ ਬਾਅਦ ਹੀ ਨਹਿਰ ਵਿੱਚ ਪਾਣੀ ਛੱਡਿਆ ਜਾਵੇ। ਲੋਕਾਂ ਦੀ ਮੰਗ ਹੈ ਕਿ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ ਕਿਉਂਕਿ ਨਹਿਰ ਦਾ ਪਾੜ ਪੂਰਨ ਲਈ ਪਾਣੀ ਬੰਦ ਕਰਨ ਕਰਕੇ ਨਰਮੇ ਦੀ ਬਿਜਾਈ ਬਹੁਤ ਪੱਛੜ ਗਈ ਹੈ। ਦੂਜੇ ਪਾਸੇ ਨਹਿਰ ਵਿਭਾਗ ਦੇ ਐੱਸਈ ਰਾਜੀਵ ਗੋਇਲ, ਐਕਸੀਅਨ ਅਬੋਹਰ ਰਮਨਦੀਪ ਸਿੰਘ, ਐਕਸੀਅਨ ਡਿਵੀਜ਼ਨ ਫਿਰੋਜ਼ਪੁਰ ਅੰਮ੍ਰਿਤਪਾਲ ਸਿੰਘ ਤੇ ਐੱਸਡੀਓ ਗਗਨਦੀਪ ਸਿੰਘ ਨੇ ਦੱਸਿਆ ਕਿ ਨਹਿਰ ਦੀ ਪੱਟੜੀ ਟੁੱਟਣ ਦਾ ਕਾਰਨ ਰਾਜਸਥਾਨ ਫੀਡਰ ਦੀ ਕੀਤੀ ਜਾ ਰਹੀ ਡੀ-ਵਾਟਰਿੰਗ ਹੋ ਸਕਦੀ ਹੈ। ਉਨ੍ਹਾਂ ਉਸਾਰੀ ਵਿੱਚ ਘਪਲੇ ਦੀ ਚਰਚਾ ਦਾ ਖੰਡਨ ਕਰਦਿਆਂ ਕਿਹਾ ਕਿ ਹਾਲ ਦੀ ਘੜੀ ਵਿਭਾਗ ਇਸ ਦੀ ਪੜਤਾਲ ਕਰ ਰਿਹਾ ਹੈ। ਪੜਤਾਲ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ।

News Source link