ਊਜ਼ੋਰੋਡ, 9 ਮਈ
ਅਮਰੀਕਾ ਦੀ ਪ੍ਰਥਮ ਮਹਿਲਾ ਜਿਲ ਬਾਇਡਨ ਨੇ ਪੱਛਮੀ ਯੂਕਰੇਨ ਦਾ ਅਚਾਨਕ ਦੌਰਾ ਕਰਕੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੀ ਪਤਨੀ ਓਲੇਨਾ ਜ਼ੇਲੈਂਸਕਾ ਨਾਲ ਮੁਲਾਕਾਤ ਕੀਤੀ। ਮਾਂ ਦਿਵਸ ਮੌਕੇ ਹੋਈ ਮੁਲਾਕਾਤ ਦੌਰਾਨ ਜਿਲ ਬਾਇਡਨ ਨੇ ਯੂਕਰੇਨ ਨੂੰ ਜੰਗ ‘ਚ ਹਮਾਇਤ ਦੇਣ ਦਾ ਵਾਅਦਾ ਦੁਹਰਾਇਆ। ਰੂਸ ਵੱਲੋਂ ਯੂਕਰੇਨ ‘ਤੇ ਜੰਗ ਥੋਪੇ ਜਾਣ ਮਗਰੋਂ ਜ਼ੇਲੈਂਸਕਾ ਪਹਿਲੀ ਵਾਰ ਜਨਤਕ ਤੌਰ ‘ਤੇ ਸਾਹਮਣੇ ਆਈ ਹੈ। ਜਿਲ ਬਾਇਡਨ ਨੇ ਕਰੀਬ ਦੋ ਘੰਟੇ ਯੂਕਰੇਨ ‘ਚ ਬਿਤਾਏ ਅਤੇ ਸਲੋਵਾਕੀਆ ਨਾਲ ਲਗਦੇ ਯੂਕਰੇਨ ਦੇ ਕਸਬੇ ਊਜ਼ੋਰੋਡ ਦਾ ਦੌਰਾ ਕੀਤਾ। ਜ਼ੇਲੈਂਸਕਾ ਨੇ ਬਾਇਡਨ ਵੱਲੋਂ ਦਿਖਾਏ ਹੌਸਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜਦੋਂ ਯੂਕਰੇਨ ‘ਤੇ ਰੋਜ਼ਾਨਾ ਹਮਲੇ ਹੋ ਰਹੇ ਹਨ ਤਾਂ ਉਸ ਸਮੇਂ ਮੁਲਕ ‘ਚ ਆਉਣਾ ਵੱਡੇ ਜਿਗਰੇ ਵਾਲਾ ਕੰਮ ਹੈ। ਅਮਰੀਕਾ ਅਤੇ ਯੂਕਰੇਨ ਦੀਆਂ ਪ੍ਰਥਮ ਮਹਿਲਾਵਾਂ ਨੇ ਇਕ ਸਕੂਲ ‘ਚ ਮੁਲਾਕਾਤ ਕੀਤੀ ਜਿਥੇ ਦਰ-ਬਦਰ ਹੋਏ ਯੂਕਰੇਨੀ ਲੋਕਾਂ ਨੂੰ ਆਰਜ਼ੀ ਤੌਰ ‘ਤੇ ਠਹਿਰਾਇਆ ਗਿਆ ਹੈ। ਜ਼ੇਲੈਂਸਕਾ ਸਭ ਤੋਂ ਪਹਿਲਾਂ ਪਹੁੰਚੀ ਅਤੇ ਕਾਲੇ ਰੰਗ ਦੀ ਐੱਸਯੂਵੀ ‘ਚ ਬੈਠ ਕੇ ਜਿਲ ਦੀ ਉਡੀਕ ਕਰਦੀ ਰਹੀ। ਜਿਵੇਂ ਹੀ ਜਿਲ ਬਾਇਡਨ ਪਹੁੰਚੀ ਤਾਂ ਉਹ ਵਾਹਨ ਤੋਂ ਬਾਹਰ ਆਈ ਅਤੇ ਦੋਹਾਂ ਨੇ ਗਲਵਕੜੀ ਪਾਈ। -ਏਪੀ