ਨਵੀਂ ਦਿੱਲੀ, 9 ਮਈ
ਮੁੱਖ ਅੰਸ਼
- ਸਿੱਧੂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦਾ ਮੁੱਦਾ ਨਹੀਂ ਵਿਚਾਰਿਆ ਗਿਆ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਉਦੈਪੁਰ (ਰਾਜਸਥਾਨ) ਵਿੱਚ ਹੋਣ ਵਾਲੇ ‘ਚਿੰਤਨ ਸ਼ਿਵਿਰ’ ਤੋਂ ਪਹਿਲਾਂ ਪਾਰਟੀ ਦੀ ਸੁਰਜੀਤੀ ਯਕੀਨੀ ਬਣਾਉਣ ਲਈ ਏਕਤਾ, ਤਾਲਮੇਲ ਅਤੇ ਵਚਬੱਧਤਾ ਦਾ ਸੁਨੇਹਾ ਦਿੰਦਿਆਂ ਸਾਰੇ ਪਾਰਟੀ ਨੇਤਾਵਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਮੀਟਿੰਗ ਦੌਰਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦਾ ਮੁੱਦਾ ਨਹੀਂ ਵਿਚਾਰਿਆ ਗਿਆ। ਅਜਿਹੀਆਂ ਕਨਸੋਆਂ ਸਨ ਕਿ ਮੀਟਿੰਗ ਵਿੱਚ ਨਵਜੋਤ ਸਿੱਧੂ ਖ਼ਿਲਾਫ਼ ਅਨੁਸ਼ਾਨੀ ਕਾਰਵਾਈ ਬਾਰੇ ਚਰਚਾ ਹੋ ਸਕਦੀ ਹੈ।
ਪਾਰਟੀ ਦੀ ਵਰਕਿੰਗ ਕਮੇਟੀ ਮੀਟਿੰਗ ਵਿੱਚ ਕਾਂਗਰਸੀ ਨੇਤਾਵਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਚਿੰਤਨ ਸ਼ਿਵਿਰ ਸਿਰਫ ਇੱਕ ‘ਰਸਮ’ ਹੀ ਨਹੀਂ ਹੋਣਾ ਚਾਹੀਦਾ, ਬਲਕਿ ਇਸ ਵਿੱਚ ਪਾਰਟੀ ਦਾ ਪੁਨਰਗਠਨ ਝਲਕਣਾ ਚਾਹੀਦਾ ਹੈ। ਉਨ੍ਹਾਂ ਕਿਹਾ, ”ਪਾਰਟੀ ਦੀ ਮਜ਼ਬੂਤੀ ਲਈ ਨਿਰਸਵਾਰਥ ਅਤੇ ਅਨੁਸ਼ਾਸਨ ਨਾਲ ਕੰਮ ਕਰਨ ਲੋੜ ਹੈ ਅਤੇ ਇਹ ਕੰਮ ਕਿਸੇ ਜਾਦੂ ਛੜੀ ਨਾਲ ਨਹੀਂ ਹੋ ਸਕਦਾ।” ਸੋਨੀਆ ਗਾਂਧੀ ਨੇ ਕਿਹਾ ਕਿ ਉਦੈਪੁਰ ਵਿੱਚ 13 ਤੋਂ 15 ਮਈ ਤੱਕ ਹੋਣ ਵਾਲੇ ਚਿੰਤਨ ਸ਼ਿਵਿਰ ਵਿੱਚ ਲਗਭਗ 400 ਮੈਂਬਰ ਸ਼ਾਮਲ ਹੋਣਗੇ। ਕਾਂਗਰਸ ਪ੍ਰਧਾਨ ਨੇ ਕਿਹਾ, ”ਪਾਰਟੀ ਪਲੈਟਫਾਰਮਾਂ ‘ਤੇ ਸਵੈ-ਅਲੋਚਨਾ ਜ਼ਰੂਰੀ ਹੈ। ਪਰ ਇਹ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਜਿਹੜੀ ਆਤਮਵਿਸ਼ਵਾਸ ਅਤੇ ਨੈਤਿਕਤਾ ਨੂੰ ਖਤਮ ਕਰ ਦੇਵੇ ਤੇ ਮਾਹੌਲ ਨੂੰ ਵਿਗਾੜ ਦੇਵੇ।” ਸ੍ਰੀਮਤੀ ਗਾਂਧੀ ਨੇ ਕਿਹਾ ਕਿ ਚਿੰਤਨ ਸ਼ਿਵਿਰ ਵਿੱਚ ਛੇ ਵੱਖ-ਵੱਖ ਗਰੁੱਪਾਂ ਵਿੱਚ ਰਾਜਨੀਤਕ, ਆਰਥਿਕ, ਸਮਾਜਿਕ ਨਿਆਂ, ਕਿਸਾਨਾਂ, ਨੌਜਵਾਨਾਂ ਅਤੇ ਸੰਗਠਨਾਤਮਕ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸੋਨੀਆ ਗਾਂਧੀ ਦੀ ਅਗਵਾਈ ਹੇਠ ਹੋਈ ਕਾਂਗਰਸ ਵਰਕਿੰਗ ਕਮੇਟੀ ਮੀਟਿੰਗ ਵਿੱਚ ਰਾਹੁਲ ਗਾਂਧੀ, ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰੁਜਨ ਖੜਗੇ, ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਤੇ ਕਈ ਹੋਰ ਨੇਤਾ ਸ਼ਾਮਲ ਹੋਏ। ਕਾਂਗਰਸ ਦੇ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਦੱਸਿਆ, ”ਕਾਂਗਰਸ ਵਰਕਿੰਗ ਕਮੇਟੀ ਮੀਟਿੰਗ ਵਿੱਚ ਡਿਜੀਟਲ ਮੈਂਬਰਸ਼ਿਪ ਸ਼ਾਮਲ ਕਰਨ ਲਈ ਪਾਰਟੀ ਸੰਵਿਧਾਨ ਵਿੱਚ ਸੋਧ ਦੀ ਮਨਜ਼ੂਰੀ ਦਿੱਤੀ ਗਈ ਹੈ ਅਤੇ ਲੱਦਾਖ ਲਈ ਵੱਖਰਾ ਕਾਂਗਰਸ ਖੇਤਰੀ ਵਿੰਗ ਦਾ ਫੈਸਲਾ ਕੀਤਾ ਗਿਆ ਹੈ। -ਪੀਟੀਆਈ