ਬਿਜਲੀ ਸੰਕਟ ਹੋਰ ਡੂੰਘਾ, ਮੰਗ ਤੇ ਪੂਰਤੀ ਵਿਚਾਲੇ 10.77 ਗੀਗਾਵਾਟ ਦੀ ਘਾਟ

ਨਵੀਂ ਦਿੱਲੀ: ਮੰਗ ਤੇ ਪੂਰਤੀ ਵਿਚਾਲੇ ਖੱਪਾ ਵਧਣ ਕਾਰਨ ਭਾਰਤ ‘ਚ ਬਿਜਲੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਬਿਜਲੀ ਦੀ ਘਾਟ ਇਸੇ ਹਫ਼ਤੇ 5.24 ਗੀਗਾਵਾਟ ਤੋਂ ਵਧ ਕੇ 10.77 ਗੀਗਾਵਾਟ ਤੱਕ ਪਹੁੰਚ ਗਈ ਹੈ। ਇਸ ਦੇ ਕਾਰਨ ਉਤਪਾਦਨ ਪਲਾਂਟਾਂ ‘ਤੇ ਘੱਟ ਕੋਲਾ ਹੋਣਾ, ਗਰਮੀ ਦਾ ਇਕਦਮ ਵਧਣਾ ਹਨ। ਕੌਮੀ ਗਰਿੱਡ ਅਪਰੇਟਰ ‘ਪਾਵਰ ਸਿਸਟਮ ਅਪਰੇਸ਼ਨ ਕਾਰਪੋਰੇਸ਼ਨ’ ਦੇ ਅੰਕੜਿਆਂ ਮੁਤਾਬਕ ਪਿਛਲੇ ਐਤਵਾਰ 2.64 ਗੀਗਾਵਾਟ ਦੀ ਕਮੀ ਸੀ ਜੋ ਕਿ ਸੋਮਵਾਰ ਨੂੰ ਵਧ ਕੇ 5.24, ਮੰਗਲਵਾਰ ਨੂੰ 8.22, ਬੁੱਧਵਾਰ ਨੂੰ 10.29 ਤੇ ਵੀਰਵਾਰ ਨੂੰ 10.77 ਗੀਗਾਵਾਟ ਹੋ ਗਈ। ਗਰਮੀ ਤੋਂ ਕਈ ਹੋਰ ਦਿਨ ਅਜੇ ਰਾਹਤ ਨਾ ਮਿਲਣ ਕਾਰਨ ਮੰਗ ਤੇ ਪੂਰਤੀ ਵਿਚਾਲੇ ਖੱਪਾ ਰਿਕਾਰਡ ਪੱਧਰ ਉਤੇ ਪਹੁੰਚ ਸਕਦਾ ਹੈ। ਬਿਜਲੀ ਸਪਲਾਈ ਮੰਗਲਵਾਰ 201.65 ਗੀਗਾਵਾਟ ਦੇ ਪੱਧਰ ਉਤੇ ਸੀ ਜੋ ਕਿ ਪਿਛਲੇ ਸਾਲ ਦੀ ਸਭ ਤੋਂ ਉੱਚੀ ਮੰਗ (200.53 ਗੀਗਾਵਾਟ) ਨਾਲੋਂ ਵੀ ਵੱਧ ਹੈ। ਬਿਜਲੀ ਦੀ ਐਨੀ ਮੰਗ ਪਿਛਲੇ ਸਾਲ ਜੁਲਾਈ ਮਹੀਨੇ ਵਿਚ ਦਰਜ ਕੀਤੀ ਗਈ ਸੀ। ਪਿਛਲੇ ਵੀਰਵਾਰ ਬਿਜਲੀ ਦੀ ਮੰਗ 204.65 ਗੀਗਾਵਾਟ ਸੀ। ਜਦਕਿ ਸੋਮਵਾਰ ਨੂੰ ਹਫ਼ਤੇ ਦੇ ਸ਼ੁਰੂ ‘ਚ ਇਹ 199.34 ਗੀਗਾਵਾਟ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਮੰਗ ਵਧੀ ਹੈ ਤੇ ਕੁਝ ਹੀ ਦਿਨਾਂ ਵਿਚ ਐਨੀ ਘਾਟ ਪੈਦਾ ਹੋਣਾ ਦਿਖਾਉਂਦਾ ਹੈ ਕਿ ਬਿਜਲੀ ਸੰਕਟ ਗਹਿਰਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਦੂਰ ਕਰਨ ਲਈ ਕੇਂਦਰ ਤੇ ਰਾਜ ਸਰਕਾਰਾਂ ਦੀ ਅਗਵਾਈ ਵਿਚ ਹਿੱਤਧਾਰਕਾਂ ਨੂੰ ਥਰਮਲ ਪਲਾਂਟਾਂ ‘ਤੇ ਕੋਲ ਸਟਾਕ ਉਤੇ ਕੰਮ ਕਰਨਾ ਪਵੇਗਾ, ਰੈਕ ਜਲਦੀ ਖਾਲੀ ਕਰਨੇ ਪੈਣਗੇ ਤੇ ਹੋਰ ਰੈਕਾਂ ਦਾ ਪ੍ਰਬੰਧਾਂ ਕਰਨਾ ਪਵੇਗਾ। ਬਿਜਲੀ ਮੰਤਰਾਲੇ ਦਾ ਕਹਿਣਾ ਹੈ ਕਿ ਮਈ-ਜੂਨ 2022 ਵਿਚ ਮੰਗ 215-220 ਗੀਗਾਵਾਟ ਤੱਕ ਪਹੁੰਚਣ ਦੀ ਸੰਭਾਵਨਾ ਹੈ। -ਪੀਟੀਆਈ

ਬਿਜਲੀ ਸੰਕਟ: ਜੰਮੂ ਵਿੱਚ ‘ਆਪ’ ਅਤੇ ‘ਐੱਨਪੀਪੀ’ ਵੱਲੋਂ ਮੁਜ਼ਾਹਰਾ

ਜੰਮੂ: ਆਮ ਆਦਮੀ ਪਾਰਟੀ ਨੇ ਇੱਥੇ ਬਿਜਲੀ ਸਪਲਾਈ ਦੀ ਮੰਗ ਲਈ ਧਰਨਾ ਦਿੱਤਾ ਜਦਕਿ ਨੈਸ਼ਨਲ ਪੈਂਥਰਜ਼ ਪਾਰਟੀ ਨੇ ਦੋਸ਼ ਲਾਇਆ ਕਿ ਮੌਜੂਦਾ ਸੰਕਟਮਈ ਸਥਿਤੀ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਨਹੀਂ ਕੀਤੇ ਜਾ ਰਹੇ। ਅੱਜ ਆਪ ਕਾਰਕੁਨਾਂ ਨੇ ਸੰਦੀਪ ਸਿੰਘ ਛਿੱਬ ਦੀ ਅਗਵਾਈ ਹੇਠ ਬਿਜਲੀ ਵਿਭਾਗ ਦੇ ਬਾਗਵਤੀ ਨਗਰ ਸਥਿਤ ਹੈੱਡਕੁਆਰਟਰ ‘ਤੇ ਧਰਨਾ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਪੇਂਡੂ ਇਲਾਕਿਆਂ ਵਿੱਚ ਸਥਿਤੀ ਹੋਰ ਵੀ ਮਾੜੀ ਹੈ ਜਿੱਥੇ ਸਿਰਫ਼ ਚਾਰ ਤੋਂ ਛੇ ਘੰਟੇ ਸਪਲਾਈ ਟੁੱਟਵੇਂ ਰੂਪ ਵਿੱਚ ਮਿਲ ਰਹੀ ਹੈ। ਦੂਜੇ ਪਾਸੇ, ਸੀਨੀਅਰ ਐੱਨਪੀਪੀ ਆਗੂ ਤੇ ਸਾਬਕਾ ਮੰਤਰੀ ਹਰਸ਼ ਦੇਵ ਸਿੰਘ ਨੇ ਵੀ ਪ੍ਰਸ਼ਾਸਨ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ ਲੋਕਾਂ ਨੂੰ ਬਿਜਲੀ ਸਪਲਾਈ ਤੇ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ‘ਚ ਅਸਫ਼ਲ ਰਿਹਾ ਹੈ। -ਪੀਟੀਆਈ

News Source link