ਆਤਿਸ਼ ਗੁਪਤਾ

ਚੰਡੀਗੜ੍ਹ, 25 ਜਨਵਰੀ

ਪੰਜਾਬ ‘ਚ ਪਿਛਲੇ ਲੰਮੇ ਸਮੇਂ ਤੋਂ ਦੋ ਰਵਾਇਤੀ ਪਾਰਟੀਆਂ ਹੀ ਕਾਬਜ਼ ਹੁੰਦੀਆਂ ਆਈਆ ਹਨ ਤੇ ਇਨ੍ਹਾਂ ਪਾਰਟੀਆਂ ਨੇ ਸੂਬੇ ਦੀ ਖੁਸ਼ਹਾਲੀ ਦੀ ਥਾਂ ਨਿੱਜੀ ਹਿੱਤਾਂ ਨੂੰ ਪੂਰਨ ‘ਤੇ ਹੀ ਜ਼ੋਰ ਲਾਇਆ ਹੈ। ਸੂਬੇ ਦੀ ਸਿਆਸਤ ਦੇ ਗੰਧਲੇ ਸਿਸਟਮ ਨੂੰ ਬਦਲਣ ਲਈ ਸੁਨਹਿਰੇ ਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਕਰਨ ਲਈ ‘ਸੰਯੁਕਤ ਸਮਾਜ ਮੋਰਚਾ’ ਅਤੇ ‘ਸੰਯੁਕਤ ਸੰਘਰਸ਼ ਪਾਰਟੀ’ ਲੋਕਾਂ ਲਈ ਨਵੀਂ ਉਮੀਦ ਲੈ ਕੇ ਉਮੜੀ ਸੀ ਪਰ ਇਹ ਵੀ ਹੋਰਨਾਂ ਪਾਰਟੀਆਂ ਦੀ ਤਰਜ਼ ‘ਤੇ ਹੀ ਕੰਮ ਕਰ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੀਆਂ 10 ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਇੱਥੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਕੀਤਾ।

ਇਸ ਮੌਕੇ ਜਥੇਬੰਦੀਆਂ ਵੱਲੋਂ ਸਾਂਝੇ ਤੌਰ ‘ਤੇ ‘ਸਾਂਝਾ ਪੰਜਾਬ ਮੋਰਚਾ’ ਵੀ ਬਣਾਇਆ ਗਿਆ। ਜਥੇਬੰਦੀ ਦੇ ਆਗੂ ਕੁਲਦੀਪ ਸਿੰਘ ਈਸਾਪੁਰ ਤੇ ਰੇਸ਼ਮ ਸਿੰਘ ਕਾਹਲੋਂ ਨੇ ਕਿਹਾ ਕਿ ਬਲਬੀਰ ਸਿੰਘ ਰਾਜੇਵਾਲ ਤੇ ਗੁਰਨਾਮ ਸਿੰਘ ਚੜੂਨੀ ਕਿਸਾਨਾਂ ਨੂੰ ਗੁਮਰਾਹ ਕਰ ਰਹੇ ਹਨ ਜਿਨ੍ਹਾਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਿਸਾਨ ਅੰਦੋਲਨ ‘ਚ ਸ਼ਮੂਲੀਅਤ ਕਰਨ ਵਾਲਿਆਂ ਦੀ ਥਾਂ ਧਨਾਢ ਤੇ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਹੀ ਬਤੌਰ ਉਮੀਦਵਾਰ ਚੋਣ ਮੈਦਾਨ ‘ਚ ਉਤਾਰਿਆ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਵੱਲੋਂ ਨਜ਼ਰਅੰਦਾਜ਼ ਕੀਤੇ ਜਾਣ ਮਗਰੋਂ ਪੰਜਾਬ ਦੀਆਂ 10 ਸਮਾਜਿਕ ਜਥੇਬੰਦੀਆਂ ਨੇ ‘ਸਾਂਝਾ ਪੰਜਾਬ ਮੋਰਚਾ’ ਦੇ ਬੈਨਰ ਹੇਠ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ। ਇਸ ਮੋਰਚੇ ‘ਚ ਬਹੁਜਨ ਮੁਕਤੀ ਪਾਰਟੀ, ਨਰੇਗਾ ਵਰਕਰ ਫਰੰਟ, ਮਜ਼ੂਦਰ ਕਿਸਾਨ ਦਲਿਤ ਫਰੰਟ, ਸਰਪੰਚ ਯੂਨੀਅਨ ਪੰਜਾਬ, ਭਾਰਤੀ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਸ੍ਰੀ ਮੁਕਤਸਰ ਸਾਹਿਬ, ਰਿਪਬਲਿਕਨ ਪਾਰਟੀ ਆਫ਼ ਇੰਡੀਆ, ਪੰਜਾਬ ਲੋਕ ਜਨ ਸ਼ਕਤੀ ਪਾਰਟੀ, ਰਾਸ਼ਟਰੀ ਪੱਛੜਾ ਵਰਗ ਮੋਰਚਾ, ਭਾਰਤ ਮੁਕਤੀ ਮੋਰਚਾ ਅਤੇ ਹਮ ਭਾਰਤੀ ਪਾਰਟੀ ਦੇ ਆਗੂ ਸ਼ਾਮਲ ਹਨ।

ਜਥੇਬੰਦੀ ਦੇ ਆਗੂ ਨੇ ਕਿਹਾ ਕਿ ‘ਸਾਂਝਾ ਪੰਜਾਬ ਮੋਰਚਾ’ ਸੂਬੇ ਦੀਆਂ ਸਾਰੀਆਂ 117 ਸੀਟਾਂ ‘ਤੇ ਚੋਣ ਲੜੇਗਾ, ਜਿਸ ਲਈ 42 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ‘ਸਾਂਝਾ ਪੰਜਾਬ ਮੋਰਚੇ’ ਨੇ ਮੌੜ ਤੋਂ ਉਮੀਦਵਾਰ ਲੱਖਾ ਸਿਧਾਣਾ ਤੇ ਰੋਪੜ ਤੋਂ ਬਚਿੱਤਰ ਸਿੰਘ ਜਟਾਣਾ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ 40 ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਬਲਬੀਰ ਸਿੰਘ ਰਾਜੇਵਾਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੰਪਰਕ ਨਹੀਂ ਹੋ ਸੱਕਿਆ।

ਚੜੂਨੀ ਨੇ ਸਾਰੇ ਦੋਸ਼ ਨਕਾਰੇ

ਸੰਯੁਕਤ ਸੰਘਰਸ਼ ਪਾਰਟੀ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ 2022 ਲਈ ਟਿਕਟਾਂ ਦੀ ਵੰਡ ਸਮੇਂ ਹਰ ਵਰਗ ਦੇ ਲੋਕਾਂ ਨੂੰ ਨਾਲ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗੱਠਜੋੜ ਨਾਲ ਚੋਣਾਂ ਲੜਨ ਕਰਕੇ 10 ਟਿਕਟਾਂ ਮਿਲੀਆਂ ਸਨ ਜਿਨ੍ਹਾਂ ਦੇ ਸਰਵੇਖਣ ਕਰਵਾਉਣ ਤੋਂ ਬਾਅਦ ਯੋਗ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

News Source link