ਕੋਲੀਵਿਲੇ (ਅਮਰੀਕਾ), 16 ਜਨਵਰੀ

ਅਮਰੀਕਾ ਦੇ ਟੈਕਸਸ ਵਿਚ ਯਹੂਦੀਆਂ ਦੇ ਇਕ ਪ੍ਰਾਰਥਨਾ ਸਥਾਨ ਵਿਚ ਬੰਧਕ ਬਣਾਏ ਗਏ ਲੋਕਾਂ ਨੂੰ ਕਈ ਘੰਟਿਆਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਸ਼ਨਿਚਰਵਾਰ ਰਾਤ ਨੂੰ ਛੁਡਾ ਲਿਆ ਗਿਆ ਅਤੇ ਸੁਰੱਖਿਆ ਬਲਾਂ ਦੀ ਗੋਲੀਬਾਰੀ ਵਿਚ ਸ਼ੱਕੀ ਵਿਅਕਤੀ ਮਾਰਿਆ ਗਿਆ। ਇਸ ਵਿਅਕਤੀ ਨੂੰ ਘਟਨਾ ਦੇ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਸਿੱਧੇ ਪ੍ਰਸਾਰਣ ਦੌਰਾਨ ਇਕ ਪਾਕਿਸਤਾਨੀ ਤੰਤੂ ਵਿਗਿਆਨੀ (ਨਿਊਰੋ ਸਾਇੰਟਿਸਟ) ਨੂੰ ਰਿਹਾਅ ਕਰਨ ਦੀ ਮੰਗ ਕਰਦਿਆਂ ਸੁਣਿਆ ਗਿਆ। ਇਸ ਵਿਗਿਆਨੀ ਨੂੰ ਅਫ਼ਗਾਨਿਸਤਾਨ ਵਿਚ ਅਮਰੀਕੀ ਸੈਨਾ ਦੇ ਅਧਿਕਾਰੀਆਂ ਦੀ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਹੇਠ ਸਜ਼ਾ ਸੁਣਾਈ ਗਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਕੋਲੀਵਿਲੇ ਵਿਚ ਕੌਂਗ੍ਰੀਗੇਸ਼ਨ ਬੈਥ ਇਜ਼ਰਾਈਲ ਭਵਨ ਵਿਚ ਸ਼ਨਿਚਰਵਾਰ ਨੂੰ ਲੋਕਾਂ ਨੂੰ ਬੰਧਕ ਬਣਾਇਆ ਗਿਆ ਸੀ ਜਿਨ੍ਹਾਂ ਨੂੰ ਅਮਰੀਕੀ ਖ਼ੁਫ਼ੀਆ ਏਜੰਸੀ ਐੱਫਬੀਆਈ ਦੀ ਸਵੈਟ ਟੀਮ ਨੇ ਭਵਨ ਅੰਦਰ ਸ਼ੱਕੀ ਨਾਲ ਕਈ ਘੰਟਿਆਂ ਤੱਕ ਚੱਲ ਮੁਕਾਬਲੇ ਤੋਂ ਬਾਅਦ ਰਿਹਾਅ ਕਰਵਾਇਆ। ਹਮਲਵਾਰ ਨੂੰ ਮਾਰ ਦਿੱਤਾ ਗਿਆ ਅਤੇ ਐੱਫਬੀਆਈ ਦੇ ਵਿਸ਼ੇਸ਼ ਏਜੰਟ ਇੰਚਾਰਜ ਮੈਟ ਡੀਸਾਰਨੋ ਨੇ ਦੱਸਿਆ ਕਿ ਇਕ ਟੀਮ ”ਗੋਲੀਬਾਰੀ ਦੀ ਘਟਨਾ” ਦੀ ਜਾਂਚ ਕਰੇਗੀ। ਡੱਲਾਸ ਟੀਵੀ ਸਟੇਸ਼ਨ ਡਬਲਿਊਐੱਫਏਏ ਤੋਂ ਜਾਰੀ ਵੀਡੀਓ ਫੁਟੇਜ ਵਿਚ ਲੋਕ ਪ੍ਰਾਰਥਨਾ ਸਥਾਨ ਦੇ ਇਕ ਦਰਵਾਜ਼ੇ ਤੋਂ ਭੱਜ ਕੇ ਬਾਹਰ ਨਿਕਲਦੇ ਦੇਖੇ ਗਏ, ਇਸ ਤੋਂ ਮਹਿਜ਼ ਕੁਝ ਸਕਿੰਟ ਬਾਅਦ ਬੰਦੂਕਧਾਰੀ ਇਕ ਵਿਅਕਤੀ ਦਰਵਾਜ਼ਾ ਖੋਲ੍ਹਦਾ ਅਤੇ ਫਿਰ ਉਸ ਨੂੰ ਬੰਦ ਕਰਦਾ ਦਿਖਿਆ। ਕੁਝ ਸਮੇਂ ਬਾਅਦ ਗੋਲੀਬਾਰੀ ਦੀ ਆਵਾਜ਼ ਸੁਣੀ ਅਤੇ ਫਿਰ ਧਮਾਕੇ ਦੀ ਆਵਾਜ਼ ਵੀ ਸੁਣੀ। ਐੱਫਬੀਆਈ ਅਤੇ ਪੁਲੀਸ ਦੇ ਬੁਲਾਰੇ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਹਮਲਾਵਰ ਨੂੰ ਕਿਸ ਨੇ ਗੋਲੀ ਮਾਰੀ।

ਡੀਸਾਰਨੋ ਨੇ ਦੱਸਿਆ ਕਿ ਬੰਧਕ ਬਣਾਉਣ ਵਾਲਾ ਵਿਅਕਤੀ ਵਿਸ਼ੇਸ਼ ਤੌਰ ‘ਤੇ ਅਜਿਹੇ ਮੁੱਦੇ ‘ਤੇ ਕੇਂਦਰਿਤ ਸੀ ਜੋ ਸਿੱਧੇ ਤੌਰ ‘ਤੇ ਯਹੂਦੀ ਭਾਈਚਾਰੇ ਨਾਲ ਸਬੰਧਤ ਨਹੀਂ ਸੀ ਅਤੇ ਤਤਕਾਲ ਇਸ ਗੱਲ ਦੇ ਵੀ ਕੋਈ ਸੰਕੇਤ ਨਹੀਂ ਮਿਲੇ ਹਨ ਕਿ ਵਿਅਕਤੀ ਦੀ ਕੋਈ ਵੱਡੀ ਸਾਜ਼ਿਸ਼ ਸੀ ਪਰ ਜਾਂਚ ਏਜੰਸੀ ਹਰ ਪਹਿਲੂ ਤੋਂ ਜਾਂਚ ਕਰੇਗੀ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹਮਲਾਵਰ ਨੇ ਯਹੂਦੀ ਪ੍ਰਾਰਥਨਾ ਸਥਾਨ ਨੂੰ ਹੀ ਕਿਉਂ ਚੁਣਿਆ।

ਡੀਸਾਰਨੋ ਨੇ ਕਿਹਾ ਕਿ ਸ਼ਨਿਚਰਵਾਰ ਰਾਤ ਨੂੰ ਵਿਅਕਤੀ ਦੀ ਪਛਾਣ ਕਰ ਲਈ ਗਈ ਪਰ ਫਿਲਹਾਲ ਉਸ ਦੀ ਪਛਾਣ ਜੱਗ ਜ਼ਾਹਿਰ ਨਹੀਂ ਕੀਤੀ ਜਾ ਸਕਦੀ। ਅਧਿਕਾਰੀਆਂ ਨੇ ਕਿਹਾ ਕਿ ਬੰਧਕ ਬਣਾਉਣ ਵਾਲੇ ਨੂੰ ਘਟਨਾ ਦੇ ਸੋਸ਼ਲ ਮੀਡੀਆ ਪ੍ਰਸਾਰਣ ਦੌਰਾਨ ਪਾਕਿਸਤਾਨੀ ਤੰਤੂ ਵਿਗਿਆਨੀ ਨੂੰ ਰਿਹਾਅ ਕਰਨ ਦੀ ਮੰਗ ਕਰਦਿਆਂ ਸੁਣਿਆ ਜਾ ਸਕਦਾ ਹੈ ਜਿਸ ਕਰ ਕੇ ਉਸ ਦੇ ਅਲਕਾਇਦਾ ਨਾਲ ਸਬੰਧਤ ਹੋਣ ਦਾ ਸ਼ੱਕ ਹੈ। -ਏਪੀ

ਅਮਰੀਕਾ ਵਿੱਚ ਛੇ ਜਣਿਆਂ ਨੂੰ ਗੋਲੀ ਮਾਰੀ, ਸ਼ੱਕੀ ਫ਼ਰਾਰ

ਯੂਜੀਨ: ਅਮਰੀਕਾ ਦੇ ਯੂਜੀਨ ਵਿੱਚ ਸੰਗੀਤ ਹਾਲ ਦੇ ਬਾਹਰ ਦੋ ਔਰਤਾਂ ਸਣੇ ਛੇ ਜਣਿਆਂ ਨੂੰ ਗੋਲੀ ਮਾਰ ਦਿੱਤੀ ਗਈ। ਇਸ ਪੂਰੀ ਘਟਨਾ ਨੂੰ ਅੰਜਾਮ ਦੇਣ ਵਾਲਾ ਸ਼ੱਕੀ ਹਾਲੇ ਵੀ ਫ਼ਰਾਰ ਹੈ। ਓਰੇਗਨ ਦੀ ਪੁਲੀਸ ਨੇ ਇਹ ਜਾਣਕਾਰੀ ਦਿੰਦਿਆਂ ਚਸ਼ਮਦੀਦਾਂ ਨੂੰ ਅੱਗੇ ਆ ਕੇ ਇਸ ਘਟਨਾ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ। ਯੂਜੀਨ ਪੁਲੀਸ ਵਿਭਾਗ ਨੇ ਸ਼ਨਿਚਰਵਾਰ ਨੂੰ ਇੱਕ ਬਿਆਨ ਜਾਰੀ ਕਰ ਕੇ ਦੱਸਿਆ ਸੀ ਕਿ ਅਧਿਕਾਰੀਆਂ ਨੂੰ ਸ਼ੁੱਕਰਵਾਰ ਰਾਤ ਨੂੰ 9.30 ਵਜੇ ਯੂਜੀਨ ਸਥਿਤ ਵਾਓ ਹਾਲ ਦੇ ਪਿਛਲੇ ਦਰਵਾਜੇ ‘ਤੇ ਗੋਲੀਬਾਰੀ ਦੀ ਘਟਨਾ ਹੋਣ ਦੀ ਜਾਣਕਾਰੀ ਮਿਲੀ ਸੀ, ਜਿਸ ਮਗਰੋਂ ਅਧਿਕਾਰੀਆਂ ਨੇ ਕਾਰਵਾਈ ਕੀਤੀ ਹੈ। ਬਿਆਨ ਮੁਤਾਬਕ ਪੁਲੀਸ ਮੌਕੇ ‘ਤੇ ਸਥਿਤੀ ਦਾ ਜਾਇਜ਼ਾ ਲੈਣ ਅਤੇ ਲੋਕਾਂ ਦੀ ਮਦਦ ਕਰਨ ਲਈ ਪਹੁੰਚੀ। ਯੂਜੀਨ ਪੁਲੀਸ ਮੁਖੀ ਕ੍ਰਿਸ ਸਕਿਨਰ ਨੇ ਦੱਸਿਆ, ”ਜਦੋਂ ਸੁਰੱਖਿਆ ਕਰਮੀ ਪਹੁੰਚੇ ਤਾਂ ਛੇ ਜਣੇ ਗੋਲੀ ਲੱਗਣ ਕਾਰਨ ਜ਼ਖ਼ਮੀ ਸਨ। ਲੋਕਾਂ ਵਿੱਚ ਹਫੜਾ-ਦਫੜੀ ਦਾ ਮਾਹੌਲ ਸੀ ਅਤੇ ਉਨ੍ਹਾਂ ਦੇ ਦੋਸਤ ਜ਼ਮੀਨ ‘ਤੇ ਪਏ ਸਨ, ਉਹ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।” ਪੁਲੀਸ ਨੇ ਪੰਜ ਜਣਿਆਂ ਨੂੰ ਹਸਪਤਾਲ ਪਹੁੰਚਾਇਆ ਹੈ, ਜਦਕਿ ਇੱਕ ਖ਼ੁਦ ਇਲਾਜ ਕਰਵਾਉਣ ਲਈ ਗਿਆ। ਪੁਲੀਸ ਮੁਤਾਬਕ ਘਟਨਾ ਸਮੇਂ ਲੀਲ ਬੀਨ ਅਤੇ ਜ਼ੇਅ ਬੈਂਗ ਤੇ ਹੋਰ ਕਲਾਕਾਰਾਂ ਦਾ ਪ੍ਰੋਗਰਾਮ ਚੱਲ ਰਿਹਾ ਸੀ। ਪੁਲੀਸ ਨੇ ਦੱਸਿਆ ਕਿ ਸ਼ੱਕੀ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ। -ਏਪੀ

News Source link