ਰੂਪਨਗਰ (ਜਗਮੋਹਨ ਸਿੰਘ): ਇੱਥੇ ਪਿੰਡ ਬਿੰਦਰਖ ਵਿੱਚ ਤਪ ਅਸਥਾਨ ਬਾਬਾ ਅਮਰਦਾਸ ਵਿੱਚ ਚੱਲ ਰਿਹਾ ਤਿੰਨ ਰੋਜ਼ਾ ਸਾਲਾਨਾ ਜੋੜ ਮੇਲ ਅੱਜ ਬਾਅਦ ਦੁਪਹਿਰ ਸਮਾਪਤ ਹੋ ਗਿਆ। ਇਸ ਮੌਕੇ ਸੰਗਤ ਗੁਰਦੁਆਰੇ ਵਿੱਚ ਨਤਮਸਤਕ ਹੋਈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਕੀਰਤ ਸਿੰਘ ਜਿੰਮੀ ਤੇ ਕਮੇਟੀ ਮੈਂਬਰਾਂ ਮਾਸਟਰ ਸੁਖਜੀਤ ਸਿੰਘ, ਜਥੇਦਾਰ ਬਹਾਦਰ ਸਿੰਘ, ਗੁਰਮੋਹਣ ਸਿੰਘ ਦੀ ਦੇਖ ਅਧੀਨ ਕਰਵਾਏ ਸਮਾਗਮ ਦੌਰਾਨ 151 ਆਖੰਡ ਪਾਠਾਂ ਦੇ ਭੋਗ ਪਾਉਣ ਤੋਂ ਬਾਅਦ ਧਾਰਮਿਕ ਦੀਵਾਨ ਸਜਾਏ ਗਏ। ਇਸ ਦੌਰਾਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਚੇਅਰਮੈਨ ਪੀਆਰਟੀਸੀ. ਪੰਜਾਬ, ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ, ਬਰਿੰਦਰ ਸਿੰਘ ਢਿੱਲੋਂ ਪ੍ਰਧਾਨ ਯੂਥ ਕਾਂਗਰਸ ਪੰਜਾਬ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ, ਰੂਪਨਗਰ ਵਿਧਾਨ ਸਭਾ ਹਲਕੇ ਦੇ ਉਮੀਦਵਾਰ ਦਿਨੇਸ਼ ਚੱਢਾ, ਆਜ਼ਾਦ ਉਮੀਦਵਾਰ ਬਚਿੱਤਰ ਸਿੰਘ ਜਟਾਣਾ, ਅਜੈਵੀਰ ਸਿੰਘ ਲਾਲਪੁਰਾ, ਲਖਵੰਤ ਸਿੰਘ ਹਿਰਦਾਪੁਰ ਨੇ ਆਪਣੀ ਹਾਜ਼ਰੀ ਲਗਵਾਈ।

ਕਿਸਾਨਾਂ ਨੇ ਗੰਨੇ ਦੇ ਰਸ ਦਾ ਲੰਗਰ ਲਗਾਇਆ

ਫ਼ਤਹਿਗੜ੍ਹ ਸਾਹਿਬ (ਡਾ. ਹਿਮਾਸ਼ੂ ਸੂਦ): ਇੱਥੇ ਅੱਜ ਸੰਗਤ ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿੱਚ ਨਤਮਸਤਕ ਹੋਈ। ਇਸ ਮੌਕੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਲੰਗਰ ਵੀ ਲਗਾਏ ਗਏ ਜਦੋਕਿ ਭਾਰਤੀ ਕਿਸਾਨ ਯੂਨੀਅਨ ਛੰਨਾ ਦੇ ਸੂਬਾ ਪ੍ਰਧਾਨ ਸੇਮਜੀਤ ਸਿੰਘ ਛੰਨਾ, ਮੋਹਨ ਸਿੰਘ ਸਰਪੰਚ ਸਿਰਾਜਮਾਜਰਾ, ਰੀਪਨ ਪੰਧੇਰ, ਕਰਮਜੀਤ ਸਿੰਘ, ਗਗਨਦੀਪ ਸਿੰਘ ਵਲੋਂ ਗੰਨੇ ਦਾ ਰਸ ਦਾ ਲੰਗਰ ਲਗਾਇਆ ਗਿਆ।

ਅਮਲੋਹ (ਰਾਮ ਸਰਨ ਸੂਦ): ਮਾਘੀ ਦੇ ਪਵਿੱਤਰ ਦਿਹਾੜੇ ‘ਤੇ ਅੱਜ ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੇ ਲੰਗਰ ਲਗਾਏ ਗਏ। ਸ਼ੀਤਲਾ ਮਾਤਾ ਮੰਦਰ ਅਮਲੋਹ ਅੱਗੇ ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ ਦੀ ਅਗਵਾਈ ਹੇਠ ਲੱਗੇ ਲੰਗਰ ਵਿਚ ਸਮਾਜ ਸੇਵੀ ਪ੍ਰੇਮ ਚੰਦ ਸਰਮਾ, ਕੌਂਸਲ ਦੇ ਸਾਬਕਾ ਪ੍ਰਧਾਨ ਬਲਦੇਵ ਸੇਢਾ, ਸ਼ੀਤਲਾ ਮਾਤਾ ਮੰਦਰ ਟਰੱਸਟ ਦੇ ਚੇਅਰਮੈਨ ਵਿਨੈ ਪੁਰੀ, ਦੰਦਾਂ ਦੇ ਮਾਹਿਰ ਡਾਕਟਰ ਅਤੇ ਸੂਦ ਹਸਪਤਾਲ ਮੰਡੀ ਗੋਬਿੰਦਗੜ੍ਹ ਦੇ ਮਾਲਕ ਡਾ. ਹਿਮਾਂਸ਼ੂ ਸੂਦ ਅਤੇ ਪਤਵੰਤਿਆਂ ਨੇ ਸੇਵਾ ਦਾ ਕਾਰਜ ਨਿਭਾਇਆ। ਇਸੇ ਤਰ੍ਹਾਂ ਵੈਦਿਕ ਸਨਾਤਨ ਭਵਨ ਅਮਲੋਹ ਵਿਚ ਸੰਚਾਲਕ ਸ਼ਾਸਤਰੀ ਗੁਰੂਦੱਤ ਸਰਮਾ ਦੀ ਅਗਵਾਈ ਹੇਠ ਹੱਵਨ ਯੱਗ ਉਪਰੰਤ ਰਿਉੜੀਆਂ ਅਤੇ ਫ਼ਲਾਂ ਦਾ ਪ੍ਰਸ਼ਾਦ ਵੰਡਿਆ ਗਿਆ।

ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਖਮਾਣੋਂ (ਜਗਜੀਤ ਕੁਮਾਰ): ਸ਼ਹੀਦ ਬਾਬਾ ਰਾਮ ਸਿੰਘ ਸਪੋਰਟਸ ਕਲੱਬ ਖਮਾਣੋਂ ਕਲਾਂ ਅਤੇ ਸਮੂਹ ਨਗਰ ਵਾਸੀਆਂ ਵਲੋਂ ਮਾਘੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰਭਾਵਸ਼ਾਲੀ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਅਤੇ ਵਾਰਡਾਂ ਵਿੱਚੋਂ ਦੀ ਹੁੰਦਾ ਵਾਪਸ ਗੁਰਦੁਆਰੇ ਵਿੱਚ ਪਹੁੰਚਿਆ। ਨਗਰ ਕੀਰਤਨ ਅੱਗੇ ਬੈਂਡ ਬਾਜੇ ਅਤੇ ‘ਨਗਾਰੇ’ ਵਜਾਏ ਜਾ ਰਹੇ ਸਨ ਅਤੇ ਗੱਤਕਾ ਪਾਰਟੀ ਵੱਲੋਂ ਵੀ ਆਪਣੇ ਜ਼ੌਹਰ ਵਿਖਾਏ ਗਏ। ਵੱਖ ਵੱਖ ਕੀਰਤਨੀ ਜੱਥਿਆਂ ਵਲੋਂ ਰੱਸਭਿੰਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ।

News Source link