ਜੈਪੁਰ, 13 ਜਨਵਰੀ

ਜਾਲੌਰ ਦੇ ਸੇਵਾਮੁਕਤ ਸਰਕਾਰੀ ਮੁਲਾਜ਼ਮ ਹੁਕੁਮਦਾਸ ਵੈਸ਼ਨਵ (77) ਨੇ ਅਖੀਰ 56ਵੀਂ ਵਾਰ ‘ਚ ਦਸਵੀਂ ਪਾਸ ਕਰ ਲਈ ਹੈ। ਉਸ ਨੇ ਹੁਣ 12ਵੀਂ ਜਮਾਤ ‘ਚ ਦਾਖ਼ਲਾ ਲਿਆ ਹੈ। ਇਸ ਬਜ਼ੁਰਗ ਦੀ ਕਹਾਣੀ ਕਈਆਂ ਲਈ ਪ੍ਰੇਰਣਾ ਸਰੋਤ ਬਣ ਸਕਦੀ ਹੈ। ਜਾਲੌਰ ਦੇ ਪਿੰਡ ਸਰਦਾਰਗੜ੍ਹ ‘ਚ 1945 ‘ਚ ਜਨਮੇ ਹੁਕੁਮਦਾਸ ਨੇ ਪਹਿਲੀ ਤੋਂ 8ਵੀਂ ਜਮਾਤ ਤੀਖੀ ਪਿੰਡ ‘ਚ ਪਾਸ ਕੀਤੀ ਸੀ। ਉਸ ਨੇ 1962 ‘ਚ ਮੋਕਲਸਾਰ ‘ਚ ਪਹਿਲੀ ਵਾਰ 10ਵੀਂ ਦੀ ਪ੍ਰੀਖਿਆ ਦਿੱਤੀ ਸੀ। ਪਹਿਲੀ ਵਾਰ ਪ੍ਰੀਖਿਆ ਦੇਣ ‘ਤੇ ਉਨ੍ਹਾਂ ਦੀ ਸਪਲਮੈਂਟਰੀ ਆ ਗਈ ਅਤੇ ਦੂਜੀ ਵਾਰ ਪ੍ਰੀਖਿਆ ਦੇਣ ‘ਤੇ ਉਹ ਫੇਲ੍ਹ ਹੋ ਗਏ ਸਨ। ਉਨ੍ਹਾਂ ਦੇ ਦੋਸਤਾਂ ਨੇ ਚੁਣੌਤੀ ਦਿੱਤੀ ਸੀ ਕਿ ਉਹ ਕਦੇ ਵੀ 10ਵੀਂ ‘ਚੋਂ ਪਾਸ ਨਹੀਂ ਹੋਵੇਗਾ। ਇਸ ਚੁਣੌਤੀ ਨੂੰ ਕਬੂਲਦਿਆਂ ਹੁਕੁਮਦਾਸ ਨੇ ਵਾਅਦਾ ਕੀਤਾ ਸੀ ਕਿ ਇਕ ਦਿਨ ਉਹ 10ਵੀਂ ਦੀ ਪ੍ਰੀਖਿਆ ਜ਼ਰੂਰ ਪਾਸ ਕਰੇਗਾ। ਉਹ ਭੂ ਜਲ ਵਿਭਾਗ ‘ਚ ਚੌਥਾ ਦਰਜਾ ਮੁਲਾਜ਼ਮ ਵਜੋਂ ਕੰਮ ਕਰਨ ਲੱਗ ਪਏ। ਉਨ੍ਹਾਂ ਰੈਗੂਲਰ ਪੜ੍ਹਾਈ ਛੱਡ ਦਿੱਤੀ ਅਤੇ ਪ੍ਰਾਈਵੇਟ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ। ਸਾਲ 2005 ‘ਚ ਉਹ ਖ਼ਜ਼ਾਨਾ ਵਿਭਾਗ ‘ਚੋਂ ਸੇਵਾਮੁਕਤ ਹੋਏ ਅਤੇ 2010 ਤੱਕ ਉਹ ਬੋਰਡ ਆਫ਼ ਸੈਕੰਡਰ ਐਜੂਕੇਸ਼ਨ ਰਾਹੀਂ 48 ਵਾਰ ਦਸਵੀਂ ਦੀ ਪ੍ਰੀਖਿਆ ਦੇ ਚੁੱਕੇ ਸਨ। ਇਸ ਮਗਰੋਂ ਉਨ੍ਹਾਂ ਸਟੇਟ ਓਪਨ ਬੋਰਡ ਤੋਂ ਪ੍ਰੀਖਿਆ ਪਾਸ ਕਰਨ ਦੀ ਕੋਸ਼ਿਸ਼ ਕੀਤੀ ਅਤੇ ਅਖੀਰ 2019 ‘ਚ ਉਹ ਸੈਕਿੰਡ ਡਿਵੀਜ਼ਨ ‘ਚ 10ਵੀਂ ਪਾਸ ਕਰਨ ‘ਚ ਕਾਮਯਾਬ ਹੋ ਗਏ। ਇਸ ਮਗਰੋਂ ਹੁਣ ਉਨ੍ਹਾਂ 12ਵੀਂ ‘ਚ ਦਾਖ਼ਲਾ ਲੈ ਲਿਆ ਅਤੇ ਹੁਣ ਉਹ ਪ੍ਰੀਖਿਆ ‘ਚ ਬੈਠਣਗੇ। ਦਿਲਚਸਪ ਗੱਲ ਇਹ ਹੈ ਕਿ ਉਸ ਦੇ ਪੋਤੇ ਦੀ ਸਕੂਲੀ ਪੜ੍ਹਾਈ ਮੁਕੰਮਲ ਹੋ ਚੁੱਕੀ ਹੈ ਪਰ ਉਹ ਖੁਦ ਅਜੇ ਵੀ ਇਮਤਿਹਾਨ ਦੇ ਰਿਹਾ ਹੈ। -ਆਈਏਐਨਐਸ

News Source link