ਮੈਲਬਰਨ: ਆਸਟਰੇਲੀਆ ਅਤੇ ਸਰਬੀਆ ਦੇ ਪ੍ਰਧਾਨ ਮੰਤਰੀਆਂ ਨੇ ਅੱਜ ਨੋਵਾਕ ਜੋਕੋਵਿਚ ਦੇ ਵੀਜ਼ਾ ਮੁੱਦੇ ਬਾਰੇ ਵਿਚਾਰ-ਚਰਚਾ ਕੀਤੀ ਹੈ। ਦੁਨੀਆਂ ਦੇ ਅੱਵਲ ਨੰਬਰ ਸਰਬਿਆਈ ਟੈਨਿਸ ਖਿਡਾਰੀ ਨੇ ਆਸਟਰੇਲੀਅਨ ਓਪਨ ਵਿੱਚ ਹਿੱਸਾ ਲੈਣ ਲਈ ਅਦਾਲਤੀ ਲੜਾਈ ਜਿੱਤ ਲਈ ਹੈ। ਇਸ ਦੇ ਬਾਵਜੂਦ ਕੋਵਿਡ-19 ਖ਼ਿਲਾਫ਼ ਮੁਕੰਮਲ ਟੀਕਾਕਰਨ ਨਾ ਹੋਣ ਕਾਰਨ ਉਸ ਨੂੰ ਵਾਪਸ ਦੇਸ਼ ਭੇਜੇ ਜਾਣ ਦਾ ਖ਼ਤਰਾ ਮੰਡਰਾ ਰਿਹਾ ਹੈ। ਹਾਲਾਂਕਿ ਇਸ ਪੂਰੇ ਮਾਮਲੇ ਵਿੱਚ 20 ਗਰੈਂਡ ਸਲੈਮ ਜੇਤੂ ਸਰਬਿਆਈ ਖਿਡਾਰੀ ਨੂੰ ਕਾਫ਼ੀ ਸਮਰਥਨ ਮਿਲਿਆ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਅਤੇ ਸਰਬੀਆ ਦੀ ਉਨ੍ਹਾਂ ਦੀ ਹਮਰੁਤਬਾ ਅਨਾ ਬਰਨਾਬਿਕ ਨੇ ਟੈਲੀਫੋਨ ‘ਤੇ ਗੱਲਬਾਤ ਦੌਰਾਨ ਸਹਿਮਤੀ ਜਤਾਈ ਕਿ ਉਹ 34 ਸਾਲ ਦੇ ਜੋਕੋਵਿਚ ਦੇ ਵੀਜ਼ਾ ਮੁੱਦੇ ਬਾਰੇ ਸੰਪਰਕ ਵਿੱਚ ਰਹਿਣਗੇ। ਮੌਰੀਸਨ ਦੇ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ ਹੈ। ਉਧਰ, ਸਰਬਿਆਈ ਰੇਡੀਓ ਟੈਲੀਵਿਜ਼ਨ ਆਰਟੀਐੱਸ ਮੁਤਾਬਕ, ਬਰਨਾਬਿਕ ਨੇ ਮੌਰੀਸਨ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਇਸ ਸਟਾਰ ਟੈਨਿਸ ਖਿਡਾਰੀ ਨਾਲ ਸਤਿਕਾਰਤ ਵਿਹਾਰ ਕੀਤਾ ਜਾਵੇ। -ਏਪੀ

News Source link